ਭਰਾ!
ਦੋਸਤ!
ਯਾਰ!
ਮਿੱਤਰ!
ਬੇਲੀ!
ਸਾਡੇ ਇਸ ਰਿਸ਼ਤੇ ਨੂੰ ਕੋਈ ਵੀ ਨਾਮ ਦੇ ਦੇਈਏ। ਇਸ ਵਿਚੋਂ ਇਕ ਨਿੱਘੀ ਪਿਆਰੀ ਖੁਸ਼ਬੂ ਖਿਲਰਦੀ ਹੋਈ ਹਜ਼ਾਰਾਂ ਮੀਲਾਂ ਦੀ ਦੂਰੀ ‘ਤੇ ਬੈਠੇ ਆਪਣੇ ਬੇਲੀਆਂ ਦੇ ਕੋਲ ਪਹੁੰਚ ਹੀ ਜਾਂਦੀ ਹੈ। ਅੱਜ ਤੋਂ 35 ਸਾਲ ਪਹਿਲਾਂ ਜੁੜੀ ਸਾਡੀ ਇਹ ਸਾਂਝ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ। ਸਾਨੂੰ ਪਤਾ ਹੀ ਨਾ ਲੱਗਿਆ ਇਸ ਰਿਸ਼ਤੇ ਦੀਆਂ ਗੰਢਾਂ ਕਦੋਂ ਹੋਰ ਅਤੇ ਹੋਰ ਪੱਕੀਆਂ ਹੁੰਦੀਆਂ ਗਈਆਂ।
ਇਹ ਉਹ ਰਿਸ਼ਤਾ ਹੈ ਜਿਸ ਵਿਚੋਂ ਨਾ ਕਦੀ ਕਿਸੇ ਪੈਸੇ ਦੀ ਸੜਾਂਦ ਨਜ਼ਰ ਆਈ, ਨਾਂ ਕਦੀ ਕਿਸੇ ਵੱਡੇਪਨ ਦੀ ਬਦਬੂ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਕਿਸੇ ਮਤਲਬ-ਪ੍ਰਸਤੀ ਦਾ ਹੀ ਝਲਕਾਰਾ ਸਾਨੂੰ ਕਿਤੇ ਵਿਖਾਈ ਦਿੱਤਾ। ਸਾਡਾ ਇਹ ਪਵਿੱਤਰ ਰਿਸ਼ਤਾ ਕਾਲਜ ਦੇ ਦਿਨਾਂ ਵਿਚ ਜੁੜਿਆ। ਦਿੱਲੀ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ (ਈਵਨਿੰਗ) ਦੇਵ ਨਗਰ ਦੀ ਛੱਤ ‘ਤੇ ਮੈਂ ਆਪਣੇ ਕਾਲਜ ਵਿਚ ਦਾਖ਼ਲੇ ਦੇ ਪਹਿਲੇ ਦਿਨ ਕਾਲਜ ਦੀ ਛੱਤ ਉੱਪਰ ਬਣੇ ਕਮਰਿਆਂ ਦੇ ਸਾਹਮਣੇ ਆਪਣੇ ਕਲਾਸ ਵਿਚ ਜਾਣ ਲਈ ਖੜਾ ਸਾਂ ਅਤੇ ਮੇਰੇ ਤੋਂ ਹੀ ਕੁੱਝ ਦੂਰੀ ‘ਤੇ ਮੇਰਾ ਭਰਾ, ਦੋਸਤ, ਯਾਰ, ਮਿੱਤਰ ਅਤੇ ਬੇਲੀ ਗੁਰਚਰਨ ਸਿੰਘ ਭਾਟੀਆ ਵੀ ਖੜਾ ਕਾਲਜ ਵਿਚ ਦਾਖ਼ਲ ਹੋਣ ਦੀ ਖੁਸ਼ੀ ਦਾ ਆਨੰਦ ਮਾਣ ਰਿਹਾ ਸੀ। ਕੁਝ ਦੇਰ ਵਿਚ ਹੀ ਸਾਡੀਆਂ ਨਜ਼ਰਾਂ ਮਿਲੀਆਂ ਦਿਲ ਮਿਲੇ ਅਤੇ ਅਸੀਂ ਦੋਵੇਂ ਇਕ ਦੂਜੇ ਨੂੰ ਫਤਹਿ ਬੁਲਾਕੇ ਗਲਾਂ ਵਿਚ ਰੁੱਝ ਗਏ। ਇਨ੍ਹਾਂ ਗੱਲਾਂ ਨੇ ਹੌਲੀ ਹੌਲੀ ਇਕ ਆਪਣੇ-ਪਨ ਦਾ ਰੂਪ ਧਾਰ ਲਿਆ। ਸਾਡੀ ਇਸ ਮੁਲਾਕਾਤ ਤੋਂ ਅਗਲੇ ਦਿਨ ਗੁਰਚਰਨ ਨੇ ਮੇਰੀ ਮੁਲਾਕਾਤ ਇਕ ਹੋਰ ਨੌਜੁਆਨ ਜਸਵਿੰਦਰ ਸਿੰਘ ਤਨੇਜਾ ਨਾਲ ਕਰਵਾਈ। ਬੜੀ ਹੀ ਤਿੱਖੀ ਅਤੇ ਤੇਜ਼ਤਰਾਰ ਆਵਾਜ਼ ਵਾਲਾ ਇਹ ਨੌਜੁਆਨ ਬੜੀ ਹੀ ਹਲੀਮੀ ਨਾਲ ਮੈਨੂੰ ਮਿਲਿਆ। ਸਮਝ ਨਹੀਂ ਸੀ ਆ ਰਿਹਾ ਕਿ ਗੱਲ ਕਿਥੋਂ ਸ਼ੁਰੂ ਕੀਤੀ ਜਾਵੇ ਅਤੇ ਇਸਨੂੰ ਹੋਰ ਅੱਗੇ ਕਿਵੇਂ ਵਧਾਇਆ ਜਾਵੇ, ਪਰ ਜਿਥੇ ਦਿਲ ਮਿਲਣ ਦੇ ਵਸੀਲੇ ਰੱਬ ਨੇ ਬਣਾਏ ਹੋਣ ਉਥੇ ਗੱਲਾਂ ਲਈ ਵੀ ਰਾਹ ਆਪਣੇ ਆਪ ਹੀ ਨਿਕਲ ਆਉਂਦਾ ਹੈ। ਅਸੀਂ ਅੰਦਾਜ਼ਨ ਅੱਧੇ ਕੁ ਘੰਟੇ ਤੱਕ ਆਪਣੀਆਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਿਆ। ਮੇਰੀ ਕਲਾਸ ਗੁਰਚਰਨ ਅਤੇ ਜਸਵਿੰਦਰ ਤੋਂ ਵੱਖਰੀ ਹੋਣ ਕਰਕੇ ਮੈਂ ਆਪਣੀ ਕਲਾਸ ਨੂੰ ਚਲਾ ਗਿਆ ਅਤੇ ਗੁਰਚਰਨ ਅਤੇ ਜਸਵਿੰਦਰ ਆਪਣੀਆਂ ਕਲਾਸਾਂ ਨੂੰ ਚਲੇ ਗਏ।
ਸਾਡੀਆਂ ਇਨ੍ਹਾਂ ਮੁਲਾਕਾਤਾਂ ਦਾ ਸਿਲਸਿਲਾ ਆਪਣੀ ਰਫ਼ਤਾਰ ਫੜਦਾ ਹੋਇਆ ਦਿਲਾਂ ਤੱਕ ਪਹੁੰਚ ਚੁਕਿਆ ਸੀ। ਹੁਣ ਸਾਡੀ ਇਹ ਆਦਤ ਬਣ ਗਈ ਕਿ ਜਦੋਂ ਤੱਕ ਅਸੀਂ ਇਕ ਦੂਜੇ ਨੂੰ ਮਿਲ ਨਾ ਲੈਂਦੇ ਸਾਨੂੰ ਜਿਵੇਂ ਸਬਰ ਜਿਹਾ ਨਾ ਆਉਂਦਾ। ਇਨ੍ਹਾਂ ਮੁਲਾਕਾਤਾਂ ਦੇ ਲਈ ਕਾਲਜ ਦੀ ਕੰਟੀਨ ਤੋਂ ਕੁਝ ਪਾਸੇ ਜਿਹੇ ਕਾਲਜ ਦੇ ਲਾਗੇ ਹੀ ਇਕ ਚਾਹ ਦੀ ਦੁਕਾਨ ਵੀ ਲੱਭ ਲਈ, ਜਿਥੇ ਬੈਠਕੇ ਅਸੀਂ ਚਾਹ ਦੇ ਨਾਲ ਨਾਲ ਸਮੋਸਿਆਂ ਅਤੇ ਬਰੈਡ ਪਕੌੜਿਆਂ ਨਾਲ ਵੀ ਦੋ ਦੋ ਹੱਥ ਕਰੀ ਜਾਂਦੇ। ਇਥੋਂ ਤੱਕ ਕਿ ਸਾਡੇ ਕੁਝ ਹੋਰ ਸਹਿਪਾਠੀਆਂ ਨੂੰ ਵੀ ਇਸਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਜਦੋਂ ਕਦੀ ਸਾਡੇ ਤਿੰਨਾਂ ਚੋਂ ਕੋਈ ਇੱਕਲਾ ਘੁੰਮਦਾ ਦਿਸ ਜਾਂਦਾ ਤਾਂ ਉਹ ਦਾ ਇਹੀ ਸਵਾਲ ਹੁੰਦਾ ਕਿ ਤਿੱਕੜੀ ਦੇ ਬਾਕੀ ਦੋ ਨਹੀਂ ਦਿੱਸਦੇ? ਇਥੋਂ ਤੱਕ ਕਿ ਚਾਹ ਵਾਲੇ ਪੰਡਤ ਨੂੰ ਵੀ ਪਤਾ ਲੱਗ ਗਿਆ ਕਿ ਚਾਹ ਤਾਂ ਪੱਕੀ ਹੈ ਹੁਣ ਸਮੋਸਿਆਂ ਜਾਂ ਬਰੈਡ ਪਕੌੜਿਆਂ ਚੋਂ ਪਤਾ ਨਹੀਂ ਕਿਸਦੀ ਸ਼ਾਮਤ ਆਉਣੀ ਹੈ।ਜ਼ਿੰਦਗ਼ੀ ਦੇ ਰੁਝੇਵਿਆਂ ਦੇ ਬਾਵਜੂਦ ਵੀ ਅਸੀਂ ਇਕ ਦੂਜੇ ਨੂੰ ਆਪਣੀ ਦਿਹਾੜੀ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਸੁਣਾਉਣ ਲਈ ਵੇਹਲ ਕੱਢ ਹੀ ਲੈਂਦੇ। ਬਾਕੀ ਦਿਨ ਭਾਵੇਂ ਅਸੀਂ ਰੁੱਝੇ ਹੋਈਏ ਐਤਵਾਰ ਦਾ ਦਿਨ ਤਾਂ ਸਾਡੇ ਫੇਰੇ ਤੋਰੇ ਲਈ ਰਾਖਵਾਂ ਹੈਗਾ ਹੀ ਸੀ।
ਹਾਂ! ਕਾਲਜ ਦੇ ਦਿਨਾਂ ਵਿਚ ਸਾਡੇ ਨਜ਼ਦੀਕ ਹੀ ਕਰੋਲ ਬਾਗ਼ ਹੋਣ ਕਰਕੇ ਅਸੀਂ ਸੋਮਵਾਰ ਨੂੰ ਕਰੋਲ ਬਾਗ਼ ਵਿੱਚ ਲਗਦੇ ਬਜ਼ਾਰ ‘ਚ ਵੀ ਘੁੰਮਣ ਫਿਰਨ ਜਾਣਾ ਨਾ ਭੁੱਲਦੇ। ਸਾਨੂੰ ਉਥੇ ਹੀ ਇਕ ਟਿੱਕਿਆਂ ਵਾਲੀ ਦੁਕਾਨ ‘ਤੇ ਮੱਛੀ ਦੇ ਪਕੌੜੇ ਅਤੇ ਟਿੱਕੇ ਖਾਣੇ ਕਦੀ ਵੀ ਨਾ ਭੁੱਲਦੇ। ਕਾਲਜ ਛੱਡਣ ਤੋਂ ਬਾਅਦ ਜਦੋਂ ਵੀ ਗੁਰਚਰਨ ਨੂੰ ਕਰੋਲ ਬਾਗ਼ ਮਿਲਣ ਜਾਣਾ ਤਾਂ ਉਥੇ ਗੁਰਚਰਨ ਦੀ ਜੇਬ ਢਿੱਲੀ ਕਰਾਉਣੀ ਵੀ ਅਸੀਂ ਤਾਂ ਭੁੱਲਦੇ। ਨਾਲੇ ਇਸ ਵੱਧ ਫੁੱਲ ਰਹੇ ਰਿਸ਼ਤੇ ਨੂੰ ਹੋਰ ਪੱਕਿਆਂ ਕਰਨ ਲਈ ਇੰਨੀ ਕੁ ਰਿਸ਼ਵਤ ਦੇਣੀ ਕੋਈ ਵੱਡੀ ਗੱਲ ਤਾਂ ਨਹੀਂ। ਸਾਡੀ ਦੋਸਤੀ ਆਪਣੀ ਚਾਲ ਚਲਦੀ ਹੋਈ ਦਿਨਾਂ ਤੋਂ ਮਹੀਨਿਆਂ ਅਤੇ ਮਹੀਨਿਆਂ ਤੋਂ ਸਾਲਾਂ ਦਾ ਸਫ਼ਰ ਕਰਦੀ ਹੋਈ ਆਪਣੀਆਂ ਮੰਜ਼ਲਾਂ ਤੈਅ ਕਰਦੀ ਰਹੀ।
ਸਾਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਛੇ ਸਾਲਾਂ ਦਾ ਸਮਾਂ ਬੀਤ ਗਿਆ। ਇਸ ਸਮੇਂ ਦੌਰਾਨ ਇਕ ਦੂਜੇ ਦੇ ਘਰਾਂ ਵਿਚ ਆਏ ਦਿਨ ਤਿਉਹਾਰ ਸਾਡੇ ਤਿੰਨਾਂ ਦੇ ਸਾਂਝੇ ਹੁੰਦੇ। ਇਥੇ ਇੱਕ ਗੱਲ ਦਸਣੀ ਮੈਂ ਜ਼ਰੂਰੀ ਸਮਝਦਾ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਾਕਿਸਤਾਨ ਜਾਣ ਵਾਲੇ ਜੱਥਿਆਂ ਲਈ ਵੀਜ਼ੇ ਲੈਣ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। 80ਵਿਆਂ ਦੇ ਦਿਨਾਂ ਵਿਚ ਇਨ੍ਹਾਂ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਜੱਥਿਆਂ ਵਿਚ ਆਪਣੇ ਨਾਮ ਲਿਆਉਣ ਲਈ ਕਾਫ਼ੀ ਜੱਦੋ ਜਹਿਦ ਕਰਨੀ ਪੈਂਦੀ ਸੀ। ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀਆਂ ਸਿਫਾਰਿਸ਼ਾਂ ਪੁਆਉਣੀਆਂ ਅਤੇ ਉਨ੍ਹਾਂ ਦੇ ਤਰਲੇ ਮਿੰਨਤਾਂ ਕਰਨੀਆਂ ਇਕ ਆਮ ਗੱਲ ਸੀ। ਗੁਰਚਰਨ ਨੇ ਵੀ ਪਾਕਿਸਤਾਨ ਦੇ ਜਥੇ ਨਾਲ ਜਾਣ ਲਈ ਬੜੀਆਂ ਹੀ ਸਿਫਾਰਿਸ਼ਾਂ ਅਤੇ ਮਿੰਨਤਾਂ ਆਦਿ ਜਿਹੇ ਜੁਗਾੜ ਲਾਕੇ ਆਪਣਾ ਨਾਮ ਲਿਸਟ ਵਿਚ ਦਰਜ ਕਰਵਾ ਲਿਆ। ਹੋਇਆ ਕੁਝ ਇੰਜ ਕਿ 7 ਨਵੰਬਰ 1982 ਨੂੰ ਮੇਰੀ ਸ਼ਾਦੀ ਲਈ ਵੀ ਕਾਰਡ ਛਪਣੇ ਸ਼ੁਰੂ ਹੋ ਗਏ। ਜਦੋਂ ਮੈਂ ਜਸਵਿੰਦਰ ਨੂੰ ਗੱਲ ਦੱਸੀ ਤਾਂ ਉਸਨੇ ਮੈਨੂੰ ਛੜਿਆਂ ਦੀ ਬਿਰਾਦਰੀ ਨੂੰ ਛੱਡਕੇ ਵਿਆਹਿਆਂ ਦੀ ਬਿਰਾਦਰੀ ਵਿਚ ਸ਼ਾਮਲ ਹੋਣ ਦੀਆਂ ਗੱਲਾਂ ਸੁਣਾਉਂਦੇ ਹੋਏ ਵਧਾਈ ਦੇ ਦਿੱਤੀ। ਇਸਤੋਂ ਬਾਅਦ ਜਦੋਂ ਗੁਰਚਰਨ ਨੂੰ ਵਿਆਹ ਦੀ ਗੱਲ ਦੱਸੀ ਤਾਂ ਉਸਨੇ ਵਿਆਹ ਦੀ ਗੱਲ ਸੁਣਨ ਤੋਂ ਬਾਅਦ ਮੈਨੂੰ ਵਧਾਈ ਦੇ ਨਾਲ ਨਾਲ ਆਪਣੇ ਪਾਕਿਸਤਾਨ ਦੀ ਯਾਤਰਾ ਦਾ ਪਲਾਨ ਕੈਂਸਿਲ ਕਰਦਿਆਂ ਸ਼ਾਦੀ ਵਿਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਅਤੇ ਜੋ ਉਸਨੇ ਨਿਭਾਇਆ ਵੀ। ਇਸਤੋਂ ਬਾਅਦ ਜਸਵਿੰਦਰ ਦੀ ਸ਼ਾਦੀ ਹੋਈ ਉਸ ਮੌਕੇ ਗੁਰਚਰਨ ਨੇ ਜਸਵਿੰਦਰ ਨੂੰ ਛੜਿਆਂ ਦੀ ਪਾਰਟੀ ਛੱਡਕੇ ਵਿਆਹਿਆਂ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਟਕੋਰ ਮਾਰਦੇ ਹੋਏ ਵਧਾਈ ਦਿੱਤੀ। ਜਸਵਿੰਦਰ ਦੀ ਮੰਗਣੀ ਤੋਂ ਲੈਕੇ ਵਿਆਹ ਤੱਕ ਪਾਰਟੀਆਂ ਦਾ ਦੌਰ ਦੌਰਾ ਚਲਦਾ ਰਿਹਾ।
ਇਸਤੋਂ ਬਾਅਦ ਨਵੰਬਰ 1984 ਦੇ ਮੌਕੇ ਹੋਏ ਦੰਗਿਆਂ ਦੌਰਾਨ ਇਕ ਦੂਜੇ ਦੀ ਤੰਦਰੁਸਤੀ ਦੀਆਂ ਅਰਦਾਸਾਂ ਕਰਦੇ ਹੋਏ ਅਸੀਂ ਉਸ ਸੰਤਾਪ ਅਤੇ ਤ੍ਰਾਸਦੀ ਨੂੰ ਵੀ ਭੋਗਿਆ। ਫੋਨ ਲਾਈਨਾਂ ਕੱਟੇ ਜਾਣ ਕਰਕੇ ਅਸੀਂ ਇਕ ਦੂਜੇ ਤੋਂ ਬਿਲਕੁੱਲ ਵੱਖ ਹੋਏ ਬੈਠੇ ਸਾਂ। ਇਸ ਭਿਆਨਕ ਤ੍ਰਾਸਦੀ ਨੂੰ ਭੋਗਣ ਤੋਂ ਬਾਅਦ ਸਾਡੀ ਦੋਸਤੀ ਦੀਆਂ ਤੰਦਾਂ ਹੋਰ ਪੱਕੀਆਂ ਹੋ ਗਈਆਂ। ਇਹ ਕਤਲੇਆਮ ਜਿਸਦੇ ਜ਼ਖ਼ਮ ਅਜੇ ਤੱਕ ਵੀ ਹਰੇ ਨੇ ਕਦੀ ਵੀ ਭੁਲਾਇਆਂ ਨਹੀਂ ਭੁਲਾਇਆ ਜਾ ਸਕਦਾ। ਦਿੱਲੀ ਦੀਆਂ ਗਲੀਆਂ ਵਿਚ ਇਕ ਮਾਤਮ ਛਾਇਆ ਹੋਇਆ ਸੀ ਅਤੇ ਸਾਰਾ ਆਕਾਸ਼ ਧੂੰਏਂ ਨਾਲ ਕਾਲਾ ਹੋਇਆ ਪਿਆ ਸੀ। ਸਾਡੇ ਤਿੰਨਾਂ ਦੇ ਘਰਾਂ ਦੇ ਨਜ਼ਦੀਕ ਵੀ ਕਾਫ਼ੀ ਤਬਾਹੀ ਮਚੀ, ਦੰਗਾਈਆਂ ਵਲੋਂ ਹੁੜਦੰਗ ਵੀ ਮਾਚਿਆ ਗਿਆ। ਜਿਸਦਾ ਜ਼ਿਕਰ ਕਿਸੇ ਹੋਰ ਲੇਖ ਵਿਚ ਕਰਾਂਗਾ। ਪਰ ਪ੍ਰਮਾਤਮਾ ਦੀ ਬਖ਼ਸ਼ਿਸ਼ ਰਹੀ। ਹਾਂ ਇਥੇ ਇਕ ਗੱਲ ਦਸਣੀ ਜ਼ਰੂਰੀ ਹੈ ਕਿ ਦੰਗਿਆਂ ਤੋਂ ਬਾਅਦ ਜਦੋਂ ਸਿੱਖ ਦਿੱਲੀ ਦੀਆਂ ਸੜਕਾਂ ‘ਤੇ ਨਿਕਲਣੇ ਸ਼ੁਰੂ ਹੋਏ ਤਾਂ ਸਿੱਖ ਵਿਰੋਧੀ ਲੋਕ ਸਾਨੂੰ ਇਵੇਂ ਵੇਖ ਰਹੇ ਸਨ ਜਿਵੇਂ ਆਪਣੇ ਮਨ ਤੋਂ ਪੁੱਛ ਰਹੇ ਹੋਣ ਕਿ ਇਹ ਕਿਵੇਂ ਬੱਚ ਗਏ?
ਮੇਰਾ ਅਮਰੀਕਾ ਆਉਣ ਦਾ ਪ੍ਰੋਗਰਾਮ ਬਣ ਗਿਆ। ਜਦੋਂ ਮੈਂ ਗੁਰਚਰਨ ਅਤੇ ਜਸਵਿੰਦਰ ਨੂੰ ਦਸਿਆ ਤਾਂ ਦੋਵਾਂ ਦੇ ਚੇਹਰਿਆਂ ‘ਤੇ ਵਿਛੋੜੇ ਦੀ ਇਕ ਮਾਯੂਸੀ ਸਾਫ਼ ਝਲਕਾਂ ਮਾਰ ਰਹੀ ਸੀ। ਪਰ ਇਸ ਵਿਛੋੜੇ ਦੀ ਇਸ ਮਾਯੂਸੀ ਅਤੇ ਦਰਦ ਨੂੰ ਲੁਕਾਉਂਦਿਆਂ ਹੋਇਆਂ ਦੋਵਾਂ ਨੇ ਮੈਨੂੰ ਆਪਣੀਆਂ ਸ਼ੁਭਇੱਛਾਵਾਂ ਭੇਂਟ ਕੀਤੀਆਂ। ਇਥੇ ਪਹੁੰਚਕੇ ਸਰੀਰਾਂ ਦੀ ਦੂਰੀ ਭਾਵੇਂ ਵੱਧ ਗਈ ਪਰ ਦਿਲਾਂ ਦੀ ਦੂਰੀ ਵਿਚ ਸੂਈ ਦੇ ਨੱਕੇ ਜਿੰਨਾ ਵੀ ਫਰਕ ਨਹੀਂ ਪਿਆ। ਅੱਜ ਵੀ ਜਦੋਂ ਕਿਤੇ ਦੋਸਤੀ ਦੀ ਗੱਲ ਚਲਦੀ ਹੈ ਤਾਂ ਮੈਂ ਮਾਣ ਨਾਲ ਆਪਣੇ ਇਸ ਰਿਸ਼ਤੇ ਦਾ ਜ਼ਿਕਰ ਕਰਦਾ ਹਾਂ। ਸਾਰਿਆਂ ਹੀ ਮੌਕਿਆਂ ‘ਤੇ ਜਸਵਿੰਦਰ, ਗੁਰਚਰਨ ਅਤੇ ਮੇਰੀ ਸਾਡੀ ਤਿੰਨਾਂ ਦੀ ਸਲਾਹ ਸਦਾ ਹੀ ਇਕ ਰਹੀ।
ਅਮਰੀਕਾ ਪਹੁੰਚਣ ਤੋਂ ਬਾਅਦ ਮੇਰੀ ਪਤਨੀ, ਜੋ ਉਸ ਵੇਲੇ ਭਾਰਤ ਹੀ ਸੀ, ਨੇ ਫੋਨ ‘ਤੇ ਦੱਸਿਆ ਕਿ ਗੁਰਚਰਨ ਦਾ ਵਿਆਹ ਪੱਕਾ ਕਰ ਦਿੱਤਾ ਗਿਆ ਹੈ। ਇਸਤੋਂ ਕੁਝ ਹੀ ਦਿਨਾਂ ਬਾਅਦ ਗੁਰਚਰਨ ਵਲੋਂ ਭੇਜਿਆ ਸ਼ਾਦੀ ‘ਤੇ ਪਹੁੰਚਣ ਦਾ ਸੁਨੇਹਾ ਵੀ ਮਿਲ ਗਿਆ। ਹੁਣ ਗੁਰਚਰਨ ਦੀ ਸ਼ਾਦੀ ਹੋਵੇ ਤਾਂ ਮੈਂ ਕਿਵੇਂ ਨਾਂ ਪਹੁੰਚਾਂ। ਉਸਦੀ ਸ਼ਾਦੀ ਤੋਂ ਇਕ ਦਿਨ ਪਹਿਲਾਂ ਮੈਂ ਦਿੱਲੀ ਪਹੁੰਚ ਗਿਆ। ਪਰ ਉਸਨੂੰ ਹੈਰਾਨ ਕਰਨ ਜਾਂ ਸਰਪ੍ਰਾਈਜ਼ ਦੇਣ ਦੇ ਇਰਾਦੇ ਨਾਲ ਮੈਂ ਜਸਵਿੰਦਰ ਅਤੇ ਗੁਰਚਰਨ ਦੋਵਾਂ ਚੋਂ ਕਿਸੇ ਨੂੰ ਕੁਝ ਨਾ ਦੱਸਿਆ। ਜਦੋਂ ਅਸੀਂ ਤਿਆਰ ਹੋਕੇ ਸ਼ਾਦੀ ਵਿਚ ਸ਼ਾਮਲ ਹੋਣ ਲਈ ਪਹੁੰਚੇ ਤਾਂ ਸਾਡਾ ਘਰ ਦਿੱਲੀ ਦੇ ਪੱਛਮ ਤਿਲਕ ਨਗਰ ਵਾਲੇ ਪਾਸੇ ਹੋਣ ਕਰਕੇ ਅਤੇ ਗੁਰਚਰਨ ਹੋਰਾਂ ਦਾ ਘਰ ਦਿੱਲੀ ਦੀ ਪੂਰਬੀ ਦਿਸ਼ਾ ਜਮਨਾ ਪਾਰ ਸ਼ੱਕਰਪੁਰ ਵਿਖੇ ਹੋਣ ਕਰਕੇ ਦੇਰੀ ਹੋ ਗਈ, ਦੂਜਾ ਇਹ ਕਿ ਸਫ਼ਰ ਦਾ ਥਕੇਵਾਂ। ਜਦੋਂ ਅਸੀਂ ਪਹੁੰਚੇ ਤਾਂ ਉਸ ਵੇਲੇ ਗੁਰਚਰਨ ਸਿੰਘ ਹੋਰੀਂ ਘੋੜੀ ਦੀਆਂ ਰਸਮਾਂ ਆਦਿ ਨਿਭਾਕੇ ਸ਼ੱਕਰਪੁਰ ਦੀ ਵੱਡੀ ਗਲੀ ਵਿਚ ਵਿਆਹ ਵਾਲੀ ਕਾਰ ਵਿਚ ਸਵਾਰ ਹੋਕੇ ਚਲ ਪਏ ਸਨ। ਉਸੇ ਵੇਲੇ ਇਨ੍ਹਾਂ ਨੇ ਮੈਨੂੰ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਆਉਂਦਿਆਂ ਵੇਖਿਆ। ਕਾਰ ਰੋਕਕੇ ਦੋਵੇਂ ਹੀ ਛਾਲਾਂ ਮਾਰਦੇ ਹੋਏ ਕਾਰ ਚੋਂ ਬਾਹਰ ਨਿਕਲੇ, ਖੁਸ਼ੀ ਨਾਲ ਭਿੱਜੀਆਂ ਹੋਈਆਂ ਅੱਖਾਂ ਨਾਲ ਮੈਨੂੰ ਆਣ ਜੱਫ਼ੀਆਂ ਪਾਈਆਂ। ਵਰ੍ਹਿਆਂ ਤੋਂ ਵਿਛੜੇ ਹੋਇਆਂ ਦੀ ਬੋਲ ਚਾਲ ਵਿਚ ਅਜੇ ਵੀ ਉਹੀ ਖੁਲ੍ਹਾ ਡੁਲ੍ਹਾ ਪਿਆਰ ਛਲਕ ਰਿਹਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਅਸੀਂ ਕਦੇ ਵਿਛੜੇ ਹੀ ਨਾ ਹੋਈਏ।
ਇਸਤੋਂ ਬਾਅਦ ਵੀ ਜਦੋਂ ਮੈਂ ਦਿੱਲੀ ਗਿਆ ਸਾਡਾ ਸੈਰ ਸਪਾਟਾ ਉਹੀ ਰਿਹਾ। ਫ਼ਰਕ ਸਿਰਫ਼ ਇੰਨਾ ਪਿਆ ਇਕ ਇਸ ਸੈਰ ਸਪਾਟੇ ਵਿਚ ਸਾਡੀਆਂ ਤਿੰਨਾਂ ਦੀਆਂ ਧਰਮ ਪਤਨੀਆਂ ਅਤੇ ਬੱਚੇ ਵੀ ਆਣ ਸ਼ਾਮਲ ਹੋਏ। ਆਪਣੀ ਇਕ ਹੋਰ ਦਿੱਲੀ ਫੇਰੀ ਦੌਰਾਨ ਜਦੋਂ ਦਿੱਲੀ ਵਿਚ ਨਵੀਂ ਨਵੀਂ ਮੈਟਰੋ ਸਰਵਿਸ ਸ਼ੁਰੂ ਹੋਈ ਤਾਂ ਅਸੀਂ ਤਿੰਨਾਂ ਨੇ ਇਕੱਠਿਆਂ ਰਲਕੇ ਮੈਟਰੋ ਦੀ ਸੈਰ ਕੀਤੀ। ਇਸ ਦੌਰਾਨ ਅਸੀਂ ਦਿੱਲੀ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਏ। ਮੇਰੀ ਇਹ ਫੇਰੀ ਕਾਫ਼ੀ ਛੋਟੀ ਹੋਣ ਕਰਕੇ ਅਸੀਂ ਕੁਝ ਘੰਟਿਆਂ ਤੱਕ ਹੀ ਇੱਕਠਿਆਂ ਰਹਿ ਸਕੇ। ਕਿਉਂਕਿ ਇਸ ਦੌਰਾਨ ਮੈਂ ਆਪਣੀ ਮਾਤਾ ਜੀ ਦੇ ਫੁੱਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਪ੍ਰਵਾਹਿਤ ਕਰਨ ਲਈ ਗਿਆ ਸਾਂ ਅਤੇ ਦਿੱਲੀ ਵਿਖੇ ਮੈਂ ਸਿਰਫ਼ ਇਕ ਦਿਨ ਲਈ ਹੀ ਠਹਿਰਿਆ ਸੀ। ਇਸ ਦੌਰਾਨ ਗੁਰਚਰਨ ਦੇ ਪਿਤਾ ਜੀ ਅਤੇ ਵੱਡਾ ਭਰਾ ਉਸਨੂੰ ਸਦੀਵੀ ਵਿਛੋੜਾ ਦੇ ਗਏ। ਗੁਰਚਰਨ ਦੇ ਮਾਤਾ ਜੀ ਜਿਨ੍ਹਾਂ ਨੂੰ ਮੈਂ ਬੀਜੀ ਕਹਿਕੇ ਬੁਲਾਂਦਾ ਹਾਂ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਤੋਂ ਉਪਰੰਤ ਮੈਂ ਉਸੇ ਦਿਨ ਹੀ ਰਾਤ ਦੀ ਫਲਾਈਟ ਫੜਕੇ ਵਾਪਸ ਅਮਰੀਕਾ ਆ ਗਿਆ। ਜਸਵਿੰਦਰ ਦੇ ਘਰ ਪੰਜਾਬੀ ਬਾਗ਼ ਵਿਖੇ ਬੈਠਕੇ ਅਸੀਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਿਆਂ ਕੀਤਾ ਅਤੇ ਨਵੀਆਂ ਆਪਬੀਤੀਆਂ ਦਾ ਜਿਕਰ ਪਰ ਸਾਡੇ ਇਸ ਪਿਆਰੇ ਜਿਹੇ ਰਿਸ਼ਤੇ ਵਿਚ ਅਸੀਂ ਕੁਝ ਘੰਟਿਆਂ ਵਿਚ ਹੀ ਵਰ੍ਹਿਆਂ ਦੀਆਂ ਗੱਲਾਂ ਕਰ ਲਈਆਂ।
9/11 ਮੌਕੇ ਜਦੋਂ ਨਿਊਯਾਰਕ ਵਿਖੇ ਵਰਲਡ ਟਰੇਡ ਸੈਂਟਰ ਵਿਖੇ ਪਹਿਲਾ ਜਹਾਜ਼ ਟਕਰਾਇਆ ਸੀ ਅਤੇ ਉਸਦੀ ਖ਼ਬਰ ਭਾਰਤ ਪਹੁੰਚੀ ਤਾਂ ਦਿੱਲੀ ਦੰਗਿਆਂ ਦੀ ਕਤਲੇਆਮ ਨੂੰ ਵੇਖ ਚੁੱਕੇ ਮੇਰੇ ਵੀਰ ਜਸਵਿੰਦਰ ਸਿੰਘ ਨੇ ਉਸੇ ਵੇਲੇ ਫੋਨ ਕਰਕੇ ਮੇਰਾ ਹਾਲ ਚਾਲ ਪੁਛਿਆ। ਦੂਸਰਾ ਜਹਾਜ਼ ਉਸਦੇ ਹਾਲ ਚਾਲ ਪੁੱਛਣ ਤੋਂ ਬਾਅਦ ਬਿਲਡਿੰਗ ਨਾਲ ਟਕਰਾਇਆ। ਭਾਵ ਇਹ ਕਿ ਮੇਰੇ ਵੀਰ ਨੂੰ ਇਸ ਦਰਦਨਾਕ ਹਾਦਸੇ ਦੀ ਖ਼ਬਰ ਸੁਣਦੇ ਸਾਰ ਹੀ ਸਭ ਤੋਂ ਪਹਿਲਾਂ ਹਾਲ ਚਾਲ ਪੁੱਛਣ ਲਈ ਮੇਰੀ ਯਾਦ ਆਈ। ਭਾਵੇਂ ਅਮਰੀਕਾ ਵਿਖੇ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ ਸਾਰੇ ਹੀ ਮਾਲਜ਼, ਏਅਰ ਪੋਰਟਸ, ਰੇਲਵੇ ਸਟੇਸ਼ਨਾਂ ਅਤੇ ਹੋਰ ਭੀੜ ਭੱੜਕੇ ਵਾਲੀਆਂ ਥਾਵਾਂ ਨੂੰ ਬੰਦ ਕਰ ਦਿੱਤਾ ਸੀ। ਉਸ ਵੇਲੇ ਮੇਰੇ ਸਟੋਰ ਕੈਲੀਫੋਰਨੀਆਂ ਦੇ ਮਾਲਾਂ ਵਿਚ ਸਨ। ਜਸਵਿੰਦਰ ਨਾਲ ਗੱਲ ਕਰਨ ਤੋਂ ਉਪਰੰਤ ਮੈਂ ਸਟੋਰ ਬੰਦ ਹੋਣ ਦੀ ਖ਼ਬਰ ਦੇਣ ਲਈ ਆਪਣੇ ਐਂਪਲਾਈਜ਼ ਨੂੰ ਫੋਨ ਕਰਨ ਤੋਂ ਬਾਅਦ ਸਾਰਾ ਦਿਨ ਇਸ ਹਾਦਸੇ ਨੂੰ ਟੀ ਵੀ ‘ਤੇ ਵੇਖਦਾ ਰਿਹਾ।
ਸਮਾਂ ਆਪਣੀ ਹੀ ਚਾਲੇ ਵਧਦਾ ਜਾ ਰਿਹਾ ਹੈ ਪਰ ਅਜੇ ਵੀ ਇਹੀ ਲਗਦਾ ਹੈ ਕਿ ਜਿਵੇਂ ਕਲ੍ਹ ਦੀਆਂ ਹੀ ਗੱਲਾਂ ਹੋਣ। ਪਿਛਲੇ ਹੀ ਦਿਨੀਂ ਮੈਨੂੰ ਜਸਵਿੰਦਰ ਦੀ ਈਮੇਲ ਮਿਲੀ ਕਿ ਉਹ ਇਕ ਨਿੱਕੇ ਜਿਹੇ ਪਿਆਰੇ ਜਿਹੇ ਦੋਹਤਰੇ ਦਾ ਨਾਨਾ ਬਣ ਗਿਆ ਹੈ। ਜਦੋਂ ਮੈਂ ਜਸਵਿੰਦਰ ਨੂੰ ਕਾਲ ਕੀਤੀ ਤਾਂ ਕੁਝ ਸਮਾਂ ਪਹਿਲਾਂ ਹੀ ਮੇਰੇ ਵਲੋਂ ਭੇਜੀ ਈਮੇਲ ਨੂੰ ਪੜ੍ਹ ਰਿਹਾ ਸੀ। ਸਮੇਂ ਦੀ ਰਫ਼ਤਾਰ ਦਾ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਾਡੀ ਛੋਟੀ ਜਿਹੀ ਬਿਟਿਆ ਰਾਣੀ ਹੁਣ ਇਕ ਪਿਆਰੇ ਜਿਹੇ ਬੇਟੇ ਦੀ ਮੰਮੀ ਬਣ ਗਈ ਹੈ।
ਇਥੇ ਮੈਂ ਇਕ ਗੱਲ ਦੀ ਮੁਆਫ਼ੀ ਵੀ ਆਪਣੇ ਵੀਰਾਂ ਪਾਸੋਂ ਮੰਗਣੀ ਚਾਹੁੰਦਾ ਹਾਂ ਕਿ ਪਿਛਲੇ ਸਾਲ ਕੁਝ ਹੀ ਦਿਨਾਂ ਵਿਚ ਤੈਅ ਹੋਈ ਮੇਰੇ ਬੇਟੇ ਦੀ ਸ਼ਾਦੀ ਭਾਰਤ ਵਿਖੇ ਹੋਈ। ਮੇਰੀ ਪਤਨੀ ਤਾਂ ਪਹਿਲਾਂ ਭਾਰਤ ਚਲੀ ਗਈ, ਪਰੰਤੂ ਕੰਮਾਂ ਕਾਰਾਂ ਅਤੇ ਜ਼ਿੰਦਗ਼ੀ ਦੀਆਂ ਮਜਬੂਰੀਆਂ ਕਰਕੇ ਮੈਂ ਅਤੇ ਮੇਰੇ ਦੋਵੇਂ ਬੇਟੇ ਮੌਕੇ ਦੇ ਮੌਕੇ ਹੀ ਪਹੁੰਚੇ। ਚਾਹੀਦਾ ਤਾਂ ਇਹ ਸੀ ਕਿ ਅਸੀਂ ਇਸ ਮੌਕੇ ਸ਼ਾਮਲ ਹੋਣ ਲਈ ਪਹੁੰਚੇ ਸਾਕ ਸਬੰਧੀਆਂ ਨੂੰ ਜੀ ਆਇਆਂ ਕਹਿੰਦੇ ਪਰ ਸਮੇਂ ਦੀ ਘਾਟ ਹੋਣ ਕਰਕੇ ਉਹ ਸਾਨੂੰ ਜੀ ਆਇਆਂ ਕਹਿ ਰਹੇ ਸਨ। ਕੰਮਕਾਰ ਕਰਕੇ ਮੈਂ ਉਥੇ ਸਿਰਫ਼ ਕੁਝ ਦਿਨ ਹੀ ਰਹਿ ਸਕਿਆ। ਇਸਤੋਂ ਬਾਅਦ ਦੂਜੀ ਮੁਆਫ਼ੀ ਮੈਂ ਜਸਵਿੰਦਰ ਸਿੰਘ ਦੀ ਬੇਟੀ ਦੀ ਸ਼ਾਦੀ ਵਿਚ ਨਾ ਪਹੁੰਚਣ ਲਈ ਮੰਗਣੀ ਚਾਹੁੰਦਾ ਹਾਂ। ਇਨ੍ਹਾਂ ਦੋਵੇਂ ਹੀ ਗੁਸਤਾਖ਼ੀਆਂ ਲਈ ਮੈਂ ਆਪਣੇ ਵੀਰਾਂ ਦਾ ਦੋਸ਼ੀ ਹਾਂ। ਜਿਸ ਲਈ ਇਨ੍ਹਾਂ ਦੋਵਾਂ ਵਲੋਂ ਮੈਨੂੰ ਸਜ਼ਾ ਵੀ ਤਕੜੀ ਹੀ ਮਿਲਣੀ ਹੈ। ਇਸ ਲਈ ਇਨ੍ਹਾਂ ਦੀਆਂ ਪਿਆਰ ਭਰੀਆਂ ਗਾਲ੍ਹਾਂ ਤੋਂ ਇਲਾਵਾ ਜਸਵਿੰਦਰ ਦੀਆਂ ਘਸੁੰਨ ਮੁੱਕੀਆਂ ਦਾ ਵੀ ਮੈਨੂੰ ਖਿਆਲ ਰੱਖਣਾ ਪੈਣਾ ਹੈ। ਗਲਾਂ ਭਾਵੇਂ ਕੁੱਝ ਵੀ ਹੋਣ ਮੈਨੂੰ ਆਪਣੇ ਇਨ੍ਹਾਂ ਦੋਵੇਂ ਵੀਰਾਂ ‘ਤੇ ਏਨਾਂ ਮਾਣ ਹੈ ਜਿਸਨੂੰ ਅੱਖਰਾਂ ਵਿਚ ਬਿਆਨ ਕਰਨਾ ਮੇਰੇ ਵੱਸੋਂ ਬਾਹਰ ਦੀ ਗੱਲ ਹੈ।
ਇਥੇ ਅਮਰੀਕਾ ਆਕੇ ਵੀ ਮੇਰੇ ਮਨ ਵਿਚ ਤਾਂਘ ਰਹੀ ਕਿ ਮੈਂ ਇਥੇ ਵੀ ਕੁਝ ਜਸਵਿੰਦਰ ਅਤੇ ਗੁਰਚਰਨ ਵਰਗੇ ਭਰਾ ਲੱਭ ਸਕਾਂ। ਅਫ਼ਸੋਸ! ਇਥੇ ਮੇਰੀ ਇਹ ਇੱਛਾ ਢਾਈ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਧੂਰੀ ਹੀ ਰਹੀ। ਦੋਸਤੀ ਦਾ ਨਾਮ ਲੈਕੇ ਆਪਣਾ ਮਤਲਬ ਹੱਲ ਕਰਨ ਵਾਲੇ ਤਾਂ ਬਹੁਤ ਮਿਲੇ ਪਰ ਸੱਚੇ ਦੋਸਤ ਨੂੰ ਲੱਭਣ ਦੀ ਤਾਂਘ ਪੂਰੀ ਨਾ ਹੋ ਸਕੀ। ਹੁਣ ਹਾਲ ਇਹ ਹੈ ਕਿ ਜਦੋਂ ਵੀ ਕੋਈ ਦੋਸਤੀ ਦਾ ਨਾਮ ਲੈਕੇ ਨਾਲ ਤੁਰਨ ਦੀ ਗੱਲ ਕਰਦਾ ਹੈ ਤਾਂ ਮੈਂ ਪਹਿਲਾਂ ਆਪਣੀ ਪਿੱਠ ‘ਤੇ ਹੱਥ ਫੇਰਕੇ ਵੇਖ ਲੈਂਦਾ ਹਾਂ ਕਿ ਦੋਸਤਾਂ ਵਲੋਂ ਪਿੱਠ ‘ਤੇ ਮਾਰੀਆਂ ਗਈਆਂ ਛੁਰੀਆਂ ਦੇ ਜ਼ਖ਼ਮ ਸੁੱਕ ਗਏ ਹੋਣ ਤਾਂ ਇਸ ਸ਼ਖ਼ਸ ਦੇ ਨਾਲ ਤੁਰ ਪਵਾਂ। ਫਿਰ ਵੀ ਮਨ ਵਿਚ ਆਪਣੀ ਦੋਸਤੀ ਦੇ ਕਾਫ਼ਲੇ ਵਿਚ ਕੁਝ ਹੋਰ ਸਾਥੀ ਲੱਭਣ ਦੀ ਭਾਲ ਜਾਂ ਤਲਾਸ਼ ਅਜੇ ਵੀ ਜਾਰੀ ਹੈ। ਸੋਚਦਾ ਹਾਂ ਜਦ ਇੰਨੇ ਮਤਲਬੀਆਂ ਦੀਆਂ ਸੱਟਾਂ ਦੇ ਜ਼ਖ਼ਮ ਲੱਗੇ ਹਨ ਤਾਂ ਦੋ ਹੋਰ ਸਹੀ। ਵੱਡਾ ਵੀਰ ਕਹਿਕੇ ਭਰਾ ਮਾਰ ਕਰਨ ਵਾਲੇ ਭਰਾ ਵੀ ਬਥੇਰੇ ਮਿਲੇ। ਕੁਝ ਪੱਗਾਂ ਵਟਾਉਣ ਦੀਆਂ ਗੱਲਾਂ ਕਰਕੇ ਪੱਗ ਲਾਹੁਣ ਦੀਆਂ ਵਿਉਂਤਾਂ ਬਣਾਉਂਦੇ ਵੀ ਦਿਸੇ। ਕਹਿੰਦੇ ਨੇ ਜਦੋਂ ਕਿਸੇ ਨੂੰ ਮੰਜ਼ਲ ਦੀ ਭਾਲ ਹੋਵੇ ਤਾਂ ਉਹ ਕੰਡਿਆਲੀਆਂ, ਪਥਰੀਲੀਆਂ ਰਾਹਾਂ ਤੋਂ ਨਹੀਂ ਡਰਦਾ। ਕੰਡਿਆਂ ਦੀਆਂ ਨੋਕਾਂ ਅਤੇ ਪੱਥਰਾਂ ਦੀਆਂ ਠੋਕਰਾਂ ਨੂੰ ਬਰਦਾਸ਼ਤ ਕਰਨ ਵਾਲੇ ਰਾਹੀਆਂ ਨੂੰ ਹੀ ਮੰਜ਼ਲ ਮਿਲਦੀ ਹੈ ਦਰਦਾਂ ਤੋਂ ਦੂਰ ਭੱਜ ਕੇ ਪਿਛਾਂਹ ਮੁੜਣ ਵਾਲਿਆਂ ਦੇ ਹੱਥ ਹਾਰ ਹੀ ਆਉਂਦੀ ਹੈ ਜਿੱਤ ਨਹੀਂ।
ਯਾਦਾਂ ਦੀ ਇਹ ਲੜੀ ਤਾਂ ਇੰਨੀ ਵੱਡੀ ਹੈ ਕਿ ਮੁਕਾਇਆਂ ਨਹੀਂ ਮੁੱਕਦੀ ਪਰ ਇਸ ਵਾਰ ਮੈਂ ਇੰਨੀਆਂ ਗੱਲਾਂ ਹੀ ਸਾਂਝੀਆਂ ਕਰ ਰਿਹਾ ਹਾਂ।
ਅਸੀਂ ਇਕ ਦੂਜੇ ਨੂੰ ਸਿਰਫ਼ ਜਸਵਿੰਦਰ, ਗੁਰਚਰਨ ਅਤੇ ਹਰਜੀਤ ਦੇ ਰਿਸ਼ਤੇ ਤੋਂ ਹੀ ਜਾਣਦੇ ਹਾਂ। ਜ਼ਿੰਦਗ਼ੀ ਦੇ ਇਸ ਸਫ਼ਰ ਵਿਚ ਬਚਪਨ, ਜਵਾਨੀ ਅਤੇ ਅੱਧਖੜ ਉਮਰ ਵਿਚ ਮੇਰੇ ਕਈ ਦੋਸਤ-ਮਿੱਤਰ ਦੋਸਤੀ ਦੀ ਗੱਡੀ ‘ਤੇ ਚੜ੍ਹੇ ਉੱਤਰੇ ਅਤੇ ਆਪੋ ਆਪਣੇ ਰਾਹਾਂ ਨੂੰ ਚਲੇ ਗਏ। ਮੁੱਛ ਫੁੱਟ ਤਿੰਨ ਦੋਸਤਾਂ ਵਲੋਂ ਸ਼ੁਰੂ ਕੀਤਾ ਗਿਆ ਇਹ ਸਫ਼ਰ ਅੱਧਖੜ ਉਮਰ ਤੱਕ ਪਹੁੰਚ ਗਿਆ। 35 ਸਾਲਾਂ ਪਹਿਲਾਂ ਸ਼ੁਰੂ ਹੋਇਆ ਸਾਡਾ ਇਹ ਸਫ਼ਰ ਅਜੇ ਵੀ ਜਾਰੀ ਹੈ। ਪ੍ਰਮਾਤਮਾ ਦੇ ਚਰਨਾਂ ਵਿਚ ਇਹੀ ਅਰਦਾਸ ਕਰਦਾ ਹਾਂ ਕਿ ਬਾਕੀ ਰਹਿੰਦੀ ਜ਼ਿੰਦਗ਼ੀ ਵੀ ਸਾਡੇ ਬੱਚਿਆਂ ਤੱਕ ਵੀ ਇਸਦੀ ਸੁਗੰਧੀ ਖਿਲਰੀ ਰਹੇ।
sir thoda artical pad k menu apne dosta di yaad aa gi…kehnde ne ke sache dost milne bhut aukhe ne te o kismat wale hunde ne jina kol ea anmol dosti hundi aa..rub kare thodi dosti ase tra he bani rahe…