ਵਾਸ਼ਿੰਗਟਨ-ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵਲੋਂ ਪਾਕਿਸਤਾਨ ਵਲੋਂ ਲਗਾਤਾਰ ਪੈਦਾ ਹੋ ਰਹੇ ਅਤਿਵਾਦ ਖ਼ਤਰਿਆ ਸਬੰਧੀ ਚਿੰਤਾ ਪ੍ਰਗਟਾਈ ਗਈ ਹੈ। ਹਿਲੇਰੀ ਵਲੋਂ ਇਹ ਬਿਆਨ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਹਾਲੀਆ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਕਰਜ਼ਈ ਨੇ ਆਪਣੇ ਦੇਸ਼ ਵਿਚ ਹੋ ਰਹੇ ਹਮਲਿਆਂ ਲਈ ਪਾਕਿਸਤਾਨ ਦੀਆਂ ਅਤਿਵਾਦੀ ਜਥੇਬੰਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਅਮਰੀਕੀ ਵਿਦੇਸ਼ ਮੰਤਰੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਪਾਕਿਸਤਾਨ ਵਲੋਂ ਲਗਾਤਾਰ ਪੈਦਾ ਹੋ ਰਹੇ ਅਤਿਵਾਦੀ ਖ਼ਤਰਿਆਂ ਤੋਂ ਅਸੀਂ ਅਸਲ ਵਿਚ ਚਿੰਤਿਤ ਹਾਂ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਖੇ ਨੈਟੋ ਦੇ ਅੰਦਾਜ਼ਨ 20 ਦੇ ਕਰੀਬ ਟਰਕਾਂ ਅਤੇ ਟੈਂਕਰਾਂ ਨੂੰ ਇਕ ਹਮਲੇ ਦੌਰਾਨ ਤਬਾਹ ਕਰ ਦਿੱਤਾ ਗਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀਆਂ ਫੌਜਾਂ ਉਪਰ ਹੋਏ ਨੈਟੋ ਫ਼ੌਜਾਂ ਦੇ ਹਮਲਿਆਂ ਤੋਂ ਬਾਅਦ ਪਾਕਿਸਤਾਨ ਸਰਕਾਰ ਦਾ ਰਵਈਆ ਵੀ ਬਦਲਿਆ ਹੋਇਆ ਹੈ।
ਹਿਲੇਰੀ ਨੇ ਪਾਕਿਸਤਾਨ ਦੇ ਲੀਡਰਾਂ ਨੂੰ ਅਤਿਵਾਦੀ ਗਰੁੱਪਾਂ ਨਾਲ ਨਜਿੱਠਣ ਲਈ ਰਲਕੇ ਕੰਮ ਕਰਨ ਦੀ ਅਹਿਮੀਅਤ ਬਾਰੇ ਵੀ ਦੱਸਿਆ ਕਿਉਂਕਿ ਇਹ ਜਥੇਬੰਦੀਆਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੋਵਾਂ ਲਈ ਖ਼ਤਰਾ ਹਨ। ਇਕ ਬਿਆਨ ਵਿਚ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿੜਤਾ ਨਾਲ ਮੰਨਣਾ ਹੈ ਕਿ ਅਤਿਵਾਦ ਦੇ ਖਿਲਾਫ਼ ਲੜਨ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਪਾਕਿਸਤਾਨ, ਅਫ਼ਗਾਨਿਸਤਾਨ, ਨੈਟੋ ਅਤੇ ਕੌਮਾਂਤਰੀ ਫੌਜਾਂ ਰਲਕੇ ਕੰਮ ਕਰਨ।