ਸਰੀ, (ਕੇਸਰ ਸਿੰਘ ਕੂਨਰ)-ਕੈਨੇਡਾ ਵਿਖੇ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਸ਼ਹਿਰ ਸਰੀ ਵਿਖੇ 24 ਸਤੰਬਰ ਨੂੰ ਲੋਕ ਕਵੀ ਉਸਤਾਦ ਦਾਮਨ ਦੀ ਪਹਿਲੀ ਜਨਮ ਸ਼ਤਾਬਦੀ ਸਮਾਰੋਹ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਉੱਘੇ ਲੇਖਕਾਂ, ਸਾਹਿਤਕਾਰਾਂ, ਗੀਤਕਾਰਾਂ, ਰੰਗਕਰਮੀਆਂ , ਬੁੱਧੀ ਜੀਵੀਆਂ ਅਤੇ ਭਾਈ ਚਾਰੇ ਦੀਆਂ ਨਾਮਵਰ ਹਸਤੀਆਂ ਦੀ ਭਰਵੀਂ ਤੇ ਪ੍ਰਤੀਨਿਧ ਹਾਜ਼ਰੀ ਸੀ। ਪ੍ਰਧਾਨਗੀ ਮੰਡਲ ਵਿਚ ਸਿਆਟਲ (ਅਮ੍ਰੀਕਾ) ਤੋਂ ਪੁੱਜੇ ਨਾਮਵਰ ਸ਼ਾਇਰ ਹਰਭਜਨ ਸਿੰਘ ਬੈਂਸ, ਜਨਾਬ ਜੋਗਿੰਦਰ ਸ਼ਮਸ਼ੇਰ, ਤੇ ਪੰਜਾਬੀ ਅਦਬੀ ਸੰਗਤ ਦੇ ਮੁਖ ਖ਼ਿਦਮਤਗਾਰ ਜੈਤੇਗ਼ ਸਿੰਘ ਅਨੰਤ ਤੇ ਡਾ: ਮਨਜੀਤ ਸਿੰਘ ਰੰਧਾਵਾ ਨੂੰ ਬਿਠਾਇਆ ਗਿਆ। ਡਾ: ਮਨਜੀਤ ਸਿੰਘ ਰੰਧਾਵਾ ਨੇ ਮੰਚ ਸੰਚਾਲਨ ਦਾ ਕਾਰਜ ਸੰਭਾਲਦੇ ਹੋਏ ਦੂਰੋਂ ਨੇੜਿਉਂ ਆਏ ਸਮੂੰਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਅੱਜ ਦੇ ਦਿਨ ਦੀ ਮਹੱਤਤਾ ਤੇ ਕਾਰਜ ਬਾਰੇ ਰੋਸ਼ਨੀ ਪਾਈ। ਲਹਿੰਦੇ ਪੰਜਾਬ ਦੇ ਮਹੀਨੇ ਵਾਰ “ਲਿਖਾਰੀ” ਲਾਹੌਰ ਦੇ ਐਡੀਟਰ ਡਾ: ਅਰਸ਼ਦ ਇਕਬਾਲ ਅਰਸ਼ਦ ਦੇ ਪੁਸਤਕ ਉਤੇ ਲਿਖਿਆ ਪੇਪਰ ਗੁਰਚਰਨ ਟੱਲੇਵਾਲੀਆ ਤੇ ਪੰਜਾਬੀ ਸੱਥ ਬੁੱਲੇਸ਼ਾਹ-ਕਸੂਰ, ਪਾਕਿਸਤਾਨ ਤੋਂ ਪੁੱਜਾ ਦਿਲ ਮੁਹੰਮਦ ਦਾ ਪੇਪਰ ਦਲਜੀਤ ਕਲਿਆਨਪੁਰੀ ਨੇ
ਪੜ੍ਹਿਆ। ਇਨ੍ਹਾਂ ਲਹਿੰਦੇ ਪੰਜਾਬ ਦੇ ਦੋਹਾ ਅਦੀਬਾਂ ਨੇ ਜੈਤੇਗ਼ ਸਿੰਘ ਅਨੰਤ ਦੀ ਪੁਸਤਕ ਤੇ ਸ਼ਖਸੀਅਤ ੳਤੇ ਭਰਵੀਂ ਰੋਸ਼ਨੀ ਪਾਈ। ਅਨੰਤ ਵਲੋਂ ਕੀਤੇ ਗਏ ਕਾਰਜ ਨੂੰ ਦੋਹਾਂ ਮੁਲਕਾਂ ਦੀ ਦੋਸਤੀ ਤੇ ਮੁਹੱਬਤ ਦਾ ਬੇਹਤਰੀਨ ਪੁਲ ਦੱਸਆ।
ਇਸੇ ਤਰਾਂ ਪਾਕਿਸਤਾਨੀ ਸਾਹਿਤ ਦੀ ਮੰਨੀ ਪਰਮੰਨੀ ਅਥਾਰਟੀ ਡਾ: ਕਰਨੈਲ ਸਿੰਘ ਥਿੰਦ ਦਾ ਲਿਖਿਆ ਪੇਪਰ ਪਰਿੰਸੀਪਲ ਮਲੂਕ ਚੰਦ ਕਲੇਰ ਨੇ ਬਹੁਤ ਵਧੀਆ ਅੰਦਾਜ਼ ਵਿਚ ਪੜ੍ਹਿਆ। ਜਿਨ੍ਹਾਂ ਨੇ ਅਨੰਤ ਵਲੋਂ ਸੰਪਾਦਤ ਪੁਸਤਕ ਨੂੰ ਪੰਜਾਬੀ ਸਾਹਿਤ ਦੀ ਵੱਡੀ ਪ੍ਰਾਪਤੀ ਦਸਦੇ ਹੋਏ ਪ੍ਰਸ਼ੰਸਾ ਕੀਤੀ। ਇਸੇ ਤਰਾ ਨਾਮਵਰ ਸਾਹਿਤਕਾਰ ਜੋਗਿੰਦਰ ਸ਼ਮਸ਼ੇਰ ਨੇ ਜਿੱਥੇ ਉਸਤਾਦ ਦਾਮਨ ਨੂੰ ਆਪਣੀ ਅਕੀਦਤ ਪੇਸ਼ ਕੀਤੀ, ਉਥੇ ਅਨੰਤ ਦੀ ਪੁਸਤਕ ਦਾ ਨਾਸਰ ਬਾਗ਼ ਲਾਹੌਰ ਵਿਖੇ ਹੋਏ ਘੁੰਡ ਚੁਕਾਈ ਸਮਾਗਮ ਸਮੇ ਦਾ ਦ੍ਰਿਸ਼ ਤੇ ਲਹਿੰਦੇ ਪੰਜਾਬ ਦੀਆਂ ਅਖ਼ਬਾਰਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਬੜੇ ਸੰਖੇਪ ਸ਼ਬਦਾਂ ਰਾਹੀਂ ਸੁੰਦਰ ਚਿਤਰ ਮੂਰਤੀਮਾਨ ਕੀਤਾ। ਇਸੇ ਤਰਾਂ ਸੰਸਥਾ ਦੇ ਖ਼ਿਦਮਤਗਾਰ ਜੈਤੇਗ਼ ਸਿੰਘ ਅਨੰਤ ਨੇ ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਨ, ਮੰਤਵ ਤੇ ਸੰਕਲਪ ਤੇ ਰੋਸ਼ਨੀ ਪਾਉਂਦੇ ਹੋਏ ਬਿਖੜੇ ਪੈਂਡੇ ਦੀ ਦਾਸਤਾ ਬਿਆਨ ਕੀਤੀ। ਉਨ੍ਹਾਂ ਉਸਤਾਦ ਦਾਮਨ ਨਾਲ ਜੁੜੀਆਂ ਅਨੇਕਾਂ ਰੌਚਿਕ ਘਟਨਾਵਾਂ ਤੇ ਪੰਜਾਬੀ ਜਗਤ ਵਿਚ ਉਸ ਦੀ ਥਾਂ, ਦੇਣ ਤੇ ਸੋਹਣੇ ਕਿਰਦਾਰ ਬਾਰੇ ਖੁੱਲ ਕੇ ਚਰਚਾ ਕੀਤੀ।
ਸਮਾਗਮ ਦੇ ਅਗਲੇ ਪੜਾਅ ਵਿਚ ਸਰੀ ਤੋਂ ਐਨ.ਡੀ.ਪੀ ਦੇ ਜਸਬੀਰ ਸੰਧੂ ਮੈਂਬਰ ਪਾਰਲੀਮੈਂ, ਜੋਗਿੰਦਰ ਸ਼ਮਸ਼ੇਰ. ਹਰਭਜਨ ਸਿੰਘ ਬੈਂਸ ਤੇ ਵੱਡੀ ਗਿਣਤੀ ਵਿਚ ਅਦਬੀ ਸ਼ਖਸੀਅਤਾ ਵਲੋਂ ਸਾਂਝੇ ਤੌਰ ਤੇ ਜੈਤੇਗ਼ ਸਿੰਘ ਅਨੰਤ ਦੀ ਪੁਸਤਕ ‘ਬੇਨਿਆਜ਼ ਹਸਤੀ ਉਸਤਾਦ ਦਾਮਨ’ ਦੀ ਤਾੜੀਆਂ ਦੀ ਗੂੰਜ ਵਿਚ ਘੁੰਡ ਚੁਕਾਈ ਕੀਤੀ ਗਈ। ਜਨਾਬ ਜੋਗਿੰਦਰ ਸ਼ਮਸ਼ੇਰ ਨੂੰ ਪੰਜਾਬੀ ਅਦਬ ਵਿਚ “ਲਾਈਫ਼ ਟਾਈਮ ਐਚੀਵਮੈਂਟ” ਉਸਤਾਦ ਦਾਮਨ ਐਵਾਰਡ ਪੰਜਾਬੀ ਅਦਬੀ ਸੰਗਤ ਵਲੋਂ ਜੈਤੇਗ਼ ਸਿੰਘ ਆਨੰਤ ਨੇ ਭੇਂਟ ਕੀਤਾ। ਜਿਸ ਵਿਚ ਬਲਬੀਰ ਸਿੰਘ ਸੰਘਾ ਤੇ ਡਾ:ਮਨਜੀਤ ਸਿੰਘ ਰੰਧਾਵਾ ਨੇ ਹੱਥ ਵਟਾਇਆ। ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਜਸਬੀਰ ਸੰਧੂ ਨੇ ਹਾਊਸ ਆਫ ਕਾਮਨਜ਼ ਵਲੋਂ ਜੇਤੇਗ਼ ਸਿੰਘ ਅਨੰਤ ਨੂੰ ਇੱਕ ਪ੍ਰਸ਼ੰਸਾ ਪੱਤਰ ਭੇਂਟ ਕੀਤਾ। ਇਸੇ ਤਰ੍ਹਾਂ “ਹਰਭਜਨ ਸਿੰਘ ਬੈਂਸ’ ਤੇ ਜਸਬੀਰ ਸੰਧੂ ਨੂੰ ਪੰਜਾਬੀ ਅਦਬੀ ਸੰਗਤ ਵਲੋਂ ਕਿਤਾਬਾਂ ਦੇ ਸੈੱਟ ਭੇਟ ਕੀਤੇ ਗਏ।
ਸਮਾਗਮ ਵਿਚ ਮੋਹਨ ਗਿਲ, ਨਦੀਮ ਪ੍ਰਮਾਰ, ਇੰਦਰਜੀਤ ਕੌਰ ਸਿੱਧੂ, ਕੇਹਰ ਸਿੰਘ ਧਮੜੈਤ. ਕੇਸਰ ਸਿੰਘ ਕੂਨਰ, ਬਲਬੀਰ ਸਿੰਘ ਸੰਘਾ, ਇੰਦਰਜੀਤ ਸਿੰਘ ਧਾਮੀ, ਨੇ ਉਸਤਾਦ ਦਾਮਨ ਤੇ ਪੁਸਤਕ ਪ੍ਰਤੀ ਵਿਚਾਰ ਸਾਂਝੇ ਕੀਤੇ। ਜਸਬੀਰ ਸੰਧੂ ਹੁਰਾਂ ਇਸ ਮੁਬਾਰਿਕ ਦਿਨ ਤੇ ਵਧਾਈ ਦਿੱਤੀ। ਸ: ਹਰਭਜਨ ਸਿੰਘ ਬੈਂਸ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਉਨ੍ਹਾਂ ਨੂੰ ਮਿਲੇ ਸਨਮਾਨ ਦਾ ਧੰਨਵਾਦ ਕੀਤਾ ਤੇ ਅਦਬੀ ਸੰਗਤ ਦੇ ਇਸ ਇਤਿਹਾਸਕ ਕਾਰਜ ਤੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ, ਕਿ ਉਨ੍ਹਾ ਪੰਜਾਬੀ ਸਾਹਿਤ ਦੇ ਸੁਨਹਿਰੀ ਪੰਨੇ ਚਿਤਰੇ ਹਨ।
ਸਮਾਗਮ ਵਿਚ ਲੇਖ਼ਕ ਵਰਗ ਵਿਚ ਜੀਵਨ ਸਿੰਘ ਰਾਮਪੁਰੀ, ਹਰਭਜਨ ਸਿੰਘ ਮਾਂਗਟ, ਬਿੱਕਰ ਸਿੰਘ ਖੋਸਾ, ਚਰਨ ਸਿੰਘ ਵਿਰਦੀ, ਮਨਜੀਤ ਮੀਤ, ਗੀਤਕਾਰ ਲਾਲ ਪਧਿਆਣਵੀ, ਜਸਬੀਰ ਗੁਣਾਚੋਰੀਆ, ਅਮਰਜੀਤ ਕੌਰ ਸ਼ਾਂਤ, ਜਗਦੇਵ ਸਿੰਘ ਜਟਾਣਾ, ਅਮਰੀਕ ਸਿੰਘ ਲੇਹਲ, ਗਿਆਨ ਸਿੰਘ ਕੋਟਲੀ, ਹਰਚੰਦ ਸਿੰਘ ਬਾਗੜੀ, ਗੁਰਚਰਨ ਸਿੰਘ ਸੇਖੋਂ, ਹਰਬੰਸ ਕੋਰ ਬੈਂਸ, ਸੁਰਿੰਦਰ ਕੋਰ ਸਹੋਤਾ, ਨਿਰਮਲ ਕੌਰ ਗਿਲ, ਨੇ ਹਿੱਸਾ ਲਿਆ। ਲਹਿੰਦੇ ਪੰਜਾਬ ਦੇ ਭਾਈਚਾਰੇ ਵਿਚੋਂ ਜਨਾਬ ਰਫ਼ੀਕ ਸਾਹਿਬ, ਡਾ: ਸੈਫ਼ ਖ਼ਾਲਿਦ, ਸ਼ਾਹਜ਼ਾਦ ਨਜ਼ੀਰ ਖਾਨ, ਮੁਹਤਰਮਾ ਫੋਜੀਆ ਮਨਾਨ, ਤੋਂ ਇਲਾਵਾ ਭਾਈਚਾਰੇ ਦੀਆਂ ਜਿਹੜੀਆਂ ਹਸਤੀਆਂ ਨੇ ਹਿੱਸਾ ਲਿਆ, ਉਨ੍ਹਾਂ ਵਿਚ ਜਗਤਾਰ ਸਿੰਘ ਸੰਧੂ, ਪਿਆਰਾ ਸਿੰਘ ਨੱਤ, ਸਰਵਣ ਸਿੰਘ ਰੰਧਾਵਾ, ਜਰਨੈਲ ਸਿੰਘ, ਬੀਰ ਸਿੰਘ ਝੂਟੀ, ਇਕਬਾਲ ਝੂਟੀ, ਸ਼ਿੰਗਾਰਾ ਸਿੰਘ ਸੰਧੂ, ਕੇਵਲ ਸਿੰਘ ਧਾਲੀਵਾਲ, ਅਜਮੇਰ ਸਿੰਘ ਧਾਲੀਵਾਲ, ਸੀਤਲ ਕਲੇਰ, ਚਿਤਰਕਾਰ ਸੀਤਲ ਅਨਮੋਲ, ਸੁਤੇ ਪ੍ਰਕਾਸ਼ ਅਹੀਰ, ਅਨੂਪ ਝੱਲੀ, ਨੇ ਹਿੱਸਾ ਲਿਆ। ਭਾਰਤ ਤੋਂ ਪੁੱਜੇ ਮਹਿਮਾਨ ਡਾ: ਜਸਵੰਤ ਸਿੰਘ ਸੇਖੋਂ ਨੂੰ ਜੀ ਆਇਆਂ ਕਿਹਾ ਗਿਆ। ਤਿੰਨ ਘੰਟੇ ਚੱਲੇ ਇਸ ਯਾਦਗਾਰੀ ਸਮਾਗਮ ਨੇ ਹਰ ਇੱਕ ਦੇ ਦਿਲ ਤੇ ਆਪਣੀ ਅਮਿੱਟ ਛਾਪ ਛੱਡ ਦਿੱਤੀ।