ਵਾਸਿੰਗਟਨ- ਅਮਰੀਕਾ ਦੀ ਸੈਨਾ ਦੇ ਮੁੱਖ ਜਨਰਲ ਮਾਰਟਿਨ ਡੈਂਪਸੀ ਦਾ ਕਹਿਣਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸ਼ਰਣ ਦੇ ਰਿਹਾ ਹੈ। ਅਫ਼ਗਾਨਿਸਤਾਨ ਵਿੱਚ ਇਨ੍ਹਾਂ ਦਹਿਸ਼ਤਗਰਦਾਂ ਦਾ ਕਾਫ਼ੀ ਪ੍ਰਭਾਵ ਹੈ। ਇਸ ਲਈ ਅੱਤਵਾਦ ਵਿਰੁੱਧ ਜਾਰੀ ਸੰਘਰਸ਼ ਵਿੱਚ ਇਹ ਪ੍ਰਭਾਵ ਖ਼ਤਮ ਕਰਨ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ।
ਜਨਰਲ ਮਾਰਟਿਨ ਡੈਂਪਸੀ ਨੇ ਮੰਨਿਆ ਕਿ ਇਸ ਸਮੇਂ ਅਮਰੀਕਾ ਦੇ ਪਾਕਿਸਤਾਨ ਨਾਲ ਸਬੰਧ ਮੁਸ਼ਕਿਲਾਂ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਵਾਸਿੰਗਟਨ ਵਿੱਚ ਸਥਿਤ ਥਿੰਕ ਟੈਂਕ ਅਟਲਾਂਟਿਕ ਕਾਂਊਸਿਲ ਵਿੱਚ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦਹਿਸ਼ਤਗਰਦਾਂ ਦਾ ਅੱਡਾ ਬਣਿਆ ਹੋਇਆ ਹੈ। ਅਫ਼ਗਾਨਿਸਤਾਨ ਵਿੱਚ ਅੱਤਵਾਦ ਵਿਰੁੱਧ ਵਿੱਢੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਅਤੇ ਪਾਕਿਸਤਾਨ ਵਿੱਚਲੇ ਅੱਤਵਾਦੀਆਂ ਦਾ ਪ੍ਰਭਾਵ ਘੱਟ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪੂਰੀ ਕੋਸਿਸ਼ ਕਰ ਰਹੇ ਹਾਂ ਕਿ ਅਸੀਂ ਪਾਕਿਸਤਾਨ ਨਾਲ ਮਿਲ ਕੇ ਕੰਮ ਕਰ ਸਕੀਏ। ਹਾਲ ਦੀ ਘੜੀ ਇਹ ਮੁਸ਼ਕਿਲ ਲੱਗ ਰਿਹਾ ਹੈ। ਅਸੀਂ ਪਾਕਿਸਤਾਨ ਨੂੰ ਵੀ ਥੋੜਾ ਧੀਰਜ ਰੱਖਣ ਲਈ ਕਹਿ ਰਹੇ ਹਾਂ।