ਹੁਣ ਮੈਨੂੰ ਮਜ਼ਾਕ ਨਹੀਂ,
ਕੀਰਨੇ ਸੁਝਦੇ ਨੇ!
ਕਦੇ ‘ਮੁਹੱਬਤ-ਜਿੰਦਾਬਾਦ’ ਦੇ
ਮਾਰਦਾ ਸੀ ਨਾਹਰੇ!!
ਤੇ ਅੱਜ??
ਆਪਣੀ ਉਦਾਸੀ ਦਾ ਕੱਫ਼ਣ ਪਾ,
ਆਪਣੇ ਸੁਪਨਿਆਂ ਦੀ ਮੜ੍ਹੀ ‘ਤੇ
ਸੇਕ ਰਿਹਾ ਹਾਂ
ਮੁਰਝਾਏ ਅਰਮਾਨਾਂ ਦੇ ਹੱਥ!
ਜਦ ‘ਝਾਂਜਰਾਂ ਵਾਲ਼ੀ’ ਦਾ
ਆਉਂਦਾ ਸੀ ਜਿਕਰ ਮੇਰੇ ਖਿਆਲਾਂ ਵਿਚ
ਤਾਂ ਅਜੀਬ ਸਕੂਨ ਮਿਲ਼ਦਾ ਸੀ
ਤੇ ਨਿਕਲ਼ਦੀ ਸੀ ਕੁਤਕੁਤੀ
ਧੁਰ ਰੂਹ ਵਿਚ
ਤੇ ਹੋ ਜਾਂਦਾ ਸੀ ਨਦਰ-ਨਿਹਾਲ!!
..ਤੇ ਅੱਜ??
ਜਦ ‘ਉਸ’ ਦਾ ਜਿ਼ਕਰ ਆਉਂਦਾ ਹੈ
ਤਾਂ ਸੋਚੀਂ ਪੈ ਜਾਂਦਾ ਹਾਂ
ਕਿ ਮੇਰੀਆਂ ਸਧਰਾਂ ਨੂੰ
‘ਪੀਸਣ’ ਵਾਲ਼ੀ ਤਾਂ ‘ਓਹੀ’ ਸੀ!
ਓਸ ਦੇ ਪਿਆਰ ਦਾ ‘ਢੰਗ’
ਕਿਸੇ ‘ਡੰਗ’ ਵਰਗਾ ਹੀ ਸੀ!!