ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ

ਦੁਨੀਂਆਂ ਵਿੱਚ ਪੰਜਾਬੀਆਂ ਦੀ ਗਿਣਤੀ ਲਗਭਗ 12 ਕਰੋੜ ਤੋਂ ਉੱਪਰ ਹੈ। ਇਸ ਵਿੱਚੋਂ ਬਹੁਤੇ ਪੰਜਾਬੀ 7 ਕਰੋੜ 64 ਲੱਖ ਦੇ ਕਰੀਬ ਪਾਕਿਸਤਾਨ ਵਿੱਚ ਰਹਿੰਦੇ ਹਨ। ਪਾਕਿਸਤਾਨ ਦੀ ਕੁੱਲ ਜਨਸੰਖਿਆ ਦਾ 44 ਫੀਸਦੀ ਹਿੱਸਾ ਪੰਜਾਬੀ ਹਨ। ਭਾਰਤ ਵਿੱਚ ਪੰਜਾਬੀਆਂ ਦੀ ਵਸੋਂ 3 ਕਰੋੜ ਦੇ ਕਰੀਬ ਮੰਨੀ ਜਾ ਰਹੀ ਹੈ ਜਿਸ ਵਿੱਚੋਂ 2 ਕਰੋੜ ਦੇ ਕਰੀਬ ਪੰਜਾਬ ਵਿੱਚ ਅਤੇ 1 ਕਰੋੜ ਦੇ ਕਰੀਬ ਭਾਰਤ ਦੇ ਬਾਕੀ ਸੂਬਿਆਂ ਵਿੱਚ ਰਹਿ ਰਹੇ ਹਨ। ਪੰਜਾਬੀਆਂ ਨੂੰ ਉਦਮੀ ਅਤੇ ਮਿਹਨਤੀ ਗਿਣਿਆਂ ਜਾਂਦਾ ਹੈ, ਏਸੇ ਕਰਕੇ ਉਹਨਾਂ ਪੰਜਾਬ ਤੋਂ ਬਾਹਰ ਜਾ ਕੇ ਜੰਗਲ ਵਿੱਚ ਮੰਗਲ ਕਰ ਦਿੱਤਾ ਹੈ ਅਤੇ ਹਰ ਥਾਂ ਆਪਣੀ ਮਿਹਨਤ, ਰੁਚੀ ਤੇ ਦ੍ਰਿੜਤਾ ਕਰਕੇ ਆਪਣਾ ਸਿੱਕਾ ਜਮਾਂ ਲਿਆ ਹੈ। ਦੁਨੀਆਂ ਦਾ ਕੋਈ ਅਜਿਹਾ ਦੇਸ਼ ਨਹੀਂ ਜਿੱਥੇ ਪੰਜਾਬੀ ਨਹੀਂ ਪਹੁੰਚਿਆ। ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਹੀ ਬੋਲਬਾਲਾ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਪੰਜਾਬੀ 24 ਲੱਖ ਦੇ ਕਰੀਬ ਇੰਗਲੈਂਡ ਵਿੱਚ, 8 ਲੱਖ ਦੇ ਕਰੀਬ ਕੈਨੇਡਾ, 7 ਲੱਖ ਦੇ ਕਰੀਬ ਯੂਨਾਈਟਡ ਅਰਬ, 6.5 ਲੱਖ ਦੇ ਕਰੀਬ ਅਮਰੀਕਾ, 6 ਲੱਖ 20 ਹਜ਼ਾਰ ਦੇ ਕਰੀਬ ਸਾਊਦੀ ਅਰਬੀਆ ਵਿੱਚ ਅਤੇ ਇਸ ਤੋਂ ਇਲਾਵਾ ਹਾਂਗਕਾਂਗ, ਮਲੇਸ਼ੀਆ, ਦੱਖਣੀ ਅਫਰੀਕਾ, ਰੂਸ, ਬਰਮਾ ਆਦਿ ਵਿੱਚ ਰਹਿੰਦੇ ਹਨ। ਇੰਗਲੈਂਡ ਵਿੱਚ ¦ਡਨ ਦਾ ਸਾਊਥਹਾਲ ਇਲਾਕਾ ਤਾਂ ਪੰਜਾਬੀਆਂ ਦਾ ਗੜ੍ਹ ਹੈ। ਇੱਥੋਂ ਤਾਂ ਅੰਗਰੇਜ ਆਪਣੇ ਘਰ ਤੇ ਦੁਕਾਨਾਂ ਵੇਚ ਕੇ ਚਲੇ ਗਏ ਹਨ। ਇਹਨਾਂ ਅੰਕੜਿਆਂ ਅਨੁਸਾਰ 70 ਲੱਖ ਤੋਂ ਵੱਧ ਪੰਜਾਬੀ ਵਿਦੇਸ਼ਾਂ ਵਿੱਚ ਰਹਿੰਦੇ ਹਨ। ਵਿਦੇਸ਼ਾਂ ਵਿੱਚ ਪੰਜਾਬੀ ਪ੍ਰਵਾਸ ਹੀ ਨਹੀਂ ਕਰ ਰਹੇ ਸਗੋਂ ਬਹੁਤ ਸਾਰੇ ਦੇਸ਼ਾਂ ਵਿੱਚ ਤਾਂ ਉਹ ਮੂਹਰਲੀ ਕਤਾਰ ਦੇ ਕਾਰੋਬਾਰੀ ਅਤੇ ਸਿਆਸਤ ਵਿੱਚ ਬਤੌਰ ਗਵਰਨਰ, ਮੰਤਰੀ, ਐਮ.ਪੀ., ਐਮ.ਐਲ.ਏ., ਜੱਜ ਅਤੇ ਮੇਅਰ ਆਦਿ ਦੇ ਅਹੁਦਿਆਂ ’ਤੇ ਵਿਰਾਜਮਾਨ ਹਨ। ਪੰਜਾਬ ਦਾ ਜੰਮਪਲ ਉੱਜਲ ਦੁਸਾਂਝ ਕੈਨੇਡਾ ਦੇ ਬ੍ਰਿਟਿਸ਼ ਕੋ¦ਬੀਆ ਸੂਬੇ ਦਾ ਪ੍ਰੀਮੀਅਰ ਵੀ ਰਿਹਾ ਹੈ। ਬਹੁਤ ਸਾਰੇ ਪੰਜਾਬੀ ਤਾਂ ¦ਮੇ ਸਮੇਂ ਤੋਂ ਵਿਦੇਸ਼ਾਂ ਵਿੱਚ ਰਹਿੰਦੇ ਹੋਣ ਦੇ ਬਾਵਜੂਦ ਵੀ ਅਜੇ ਤੱਕ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ, ਕਈਆਂ ਨੇ ਤਾਂ ਅਜੇ ਤੱਕ ਪੰਜਾਬੀ ਤੇ ਸਿੱਖੀ ਸਰੂਪ ਨੂੰ ਬਰਕਰਾਰ ਰੱਖਿਆ ਹੋਇਆ ਹੈ ਪ੍ਰੰਤੂ ਇਸਦੇ ਨਾਲ ਹੀ ਵਿਦੇਸ਼ਾਂ ਦੀ ਲਿਬਰਲ ਸਭਿਅਤਾ ਤੇ ਸਭਿਆਚਾਰ ਦਾ ਪੰਜਾਬੀਆਂ ’ਤੇ ਪ੍ਰਭਾਵ ਪੈਣਾ ਕੁਦਰਤੀ ਹੈ ਕਿਉਂਕਿ ਹਮੇਸ਼ਾਂ ਰਹਿਣਾ ਤੇ ਵਿਚਰਨਾ ਤਾਂ ਉਹਨਾਂ ਦੇ ਨਾਲ ਹੀ ਹੈ। ਪੰਜਾਬੀਆਂ ਨੇ ਆਪਣੇ ਆਪ ਨੂੰ ਆਪਣੇ ਵਿਰਸੇ ਵਿੱਚ ਗੜੁਚ ਰਹਿਣ ਲਈ ਜਿੱਥੇ ਵੀ ਉਹ ਵੱਸਦੇ ਹਨ, ਉੱਥੇ ਹੀ ਗੁਰਦਵਾਰਾ ਸਾਹਿਬਾਨ ਅਤੇ ਮੰਦਰਾਂ ਦੀ ਉਸਾਰੀ ਕੀਤੀ ਹੋਈ ਹੈ ਤਾਂ ਜੋ ਉਹ ਆਧੁਨਿਕਤਾ ਦੀ ਹਨੇਰੀ ਵਿੱਚ ਰੁੜ ਨਾ ਜਾਣ। ਉਹ ਆਪਣੇ ਵਿਰਸੇ ਨਾਲ ਏਨੇ ਜੁੜੇ ਹੋਏ ਹਨ ਕਿ ਆਪਣੇ ਸਾਰੇ ਸਮਾਜਕ ਸਮਾਗਮ ਜਿਹਨਾਂ ਵਿੱਚ ਜਨਮ ਦਿਨ, ਮੰਗਣੇ ਤੇ ਵਿਆਹ ਸ਼ਾਮਲ ਹਨ, ਇਹਨਾਂ ਧਾਰਮਿਕ ਸਥਾਨਾਂ ’ਤੇ ਹੀ ਕਰਦੇ ਹਨ। ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਭੁੱਖ ਉਹਨਾਂ ਨੂੰ ਹਰ ਸਾਲ ਆਪੋ-ਆਪਣੇ ਸਕੇ-ਸਬੰਧੀਆਂ, ਦੋਸਤਾਂ-ਮਿੱਤਰਾਂ ਨੂੰ ਭਾਰਤ ਆ ਕੇ ਮਿਲਣ ਲਈ ਮਜਬੂਰ ਕਰਦੀ ਹੈ ਤਾਂ ਜੋ ਰਿਸ਼ਤਿਆਂ ਦੀ ਸਾਂਝ ਨੂੰ ਬਰਕਰਾਰ ਰੱਖਿਆ ਜਾ ਸਕੇ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਪੰਜਾਬੀਆਂ ਦੀ ਨਵੀਂ ਪੀੜ੍ਹੀ ਜਿਹੜੀ ਵਿਦੇਸ਼ਾਂ ਵਿੱਚ ਹੀ ਜੰਮੀ ਤੇ ਪਲੀ ਹੈ, ਉਹ ਆਪਣੇ ਵਿਰਸੇ ਨਾਲੋਂ ਟੁੱਟਦੀ ਜਾ ਰਹੀ ਹੈ। ਉਹਨਾਂ ’ਤੇ ਵਿਦੇਸ਼ਾਂ ਦੇ ਕਾਇਦਾ-ਕਾਨੂੰਨ ਅਤੇ ਵਾਤਾਵਰਣ ਦਾ ਪੂਰਾ ਪ੍ਰਭਾਵ ਹੈ, ਭਾਵੇਂ ਉਹਨਾਂ ਦੇ ਮਾਪੇ ਆਪਣੀ ਸੰਤਾਨ ਨੂੰ ਪੰਜਾਬੀ ਸਭਿਆਚਾਰ ਨਾਲ ਜੋੜੀ ਰੱਖਣ ਲਈ ਅਣਥੱਕ ਕੋਸ਼ਿਸਾਂ ਕਰਦੇ ਹਨ, ਉਹਨਾਂ ਲਈ ਗੁਰਦਵਾਰਾ ਸਾਹਿਬਾਨ ਵਿੱਚ ਪੰਜਾਬੀ ਸਿੱਖਣ ਤੇ ਪੰਜਾਬੀ ਪਰੰਪਰਾਵਾਂ ਤੇ ਮਰਿਆਦਾਵਾਂ ਸਿਖਾਉਣ ਦਾ ਪ੍ਰਬੰਧ ਕਰਦੇ ਹਨ ਪ੍ਰੰਤੂ ਬੱਚੇ ਜਿਸ ਵਾਤਾਵਰਨ ਦੇ ਆਲੇ-ਦੁਆਲੇ ਰਹਿੰਦੇ ਹਨ, ਉਸਦਾ ਅਸਰ ਜਿਆਦਾ ਕਬੂਲਦੇ ਹਨ। ਪੰਜਾਬੀ ਆਮ ਜਿੰਦਗੀ ਅਤੇ ਕੰਮਕਾਰ ’ਤੇ ਜਾਣ ਸਮੇਂ ਇਸਤਰੀਆਂ ਸਮੇਤ ਪੱਛਮੀ ਪਹਿਰਾਵਾ ਪਹਿਨਦੇ ਹਨ ਪ੍ਰੰਤੂ ਜਦੋਂ ਉਹ ਗੁਰੂ ਘਰ ਜਾਂ ਮੰਦਰਾਂ ਵਿੱਚ ਜਾਂਦੇ ਹਨ ਤਾਂ ਆਪਣੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਜਾਂਦੇ ਹਨ। ਬੱਚਿਆਂ ਲਈ ਗਿੱਧਾ, ਭੰਗੜਾ, ਹਰਮੋਨੀਅਮ, ਢੋਲਕ, ਚਿਮਟੇ ਆਦਿ ਵਜਾਉਣ ਦੀ ਸਿਖਲਾਈ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ ਪ੍ਰੰਤੂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਪੰਜਾਬੀ ਪਰੰਪਰਾਵਾਂ ਤੇ ਸਭਿਆਚਾਰ ਨਾਲ ਜੁੜਨ ਦੀ ਥਾਂ ਟੁੱਟ ਰਹੇ ਹਨ। ਅੱਜ ਸਥਿਤੀ ਬੜੀ ਵਿਸਫੋਟਕ ਬਣ ਗਈ ਹੈ ਕਿਉਂਕਿ ਪੰਜਾਬੀਆਂ ਦੀ ਆਉਣ ਵਾਲੀ ਨਸਲ ਪੰਜਾਬ ਨਾਲੋਂ ਟੁੱਟ ਜਾਵੇਗੀ ਜਿੰਨੀ ਦੇਰ ਵਰਤਮਾਨ ਪੀੜ੍ਹੀ ਜਿੰਦਾ ਰਹੇਗੀ ਉਹ ਤਾਂ ਪੰਜਾਬੀ ਨਾਲ ਜੁੜੇ ਰਹਿਣਗੇ। ਪੰਜਾਬ ਤੇ ਪੰਜਾਬੀ ਸਭਿਆਚਾਰ ਨਾਲੋਂ ਨੌਜਵਾਨ ਪੀੜ੍ਹੀ ਦੇ ਟੁੱਟਣ ਦੇ ਵੀ ਕਈ ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਨੌਜਵਾਨ ਹਰ ਵਕਤ ਪੱਛਮੀ ਸਭਿਆਚਾਰ ਦੇ ਵਾਤਾਵਰਨ ਵਿੱਚ ਸਕੂਲਾਂ ’ਚ ਰਹਿੰਦੇ ਹਨ, ਇੱਥੋਂ ਦਾ ਕਾਇਦਾ-ਕਾਨੂੰਨ ਹੀ ਅਜਿਹੇ ਹਨ, ਉਦਾਹਰਣ ਦੇ ਤੌਰ ’ਤੇ ਇੱਥੋਂ ਦੀ ਸਰਕਾਰ ਨੇ ਬੱਚਿਆਂ ਨੂੰ ਅਥਾਹ ਸ਼ਕਤੀ ਦਿੱਤੀ ਹੋਈ ਹੈ। ਅਧਿਕਾਰ ਜਿਆਦਾ ਦਿੱਤੇ ਗਏ ਹਨ। ਮਾਪੇ ਬੱਚਿਆਂ ਨੂੰ ਘੂਰ ਨਹੀਂ ਸਕਦੇ, ਕਿਸੇ ਕੰਮ ਲਈ ਮਜਬੂਰ ਨਹੀਂ ਕਰ ਸਕਦੇ, ਉਹਨਾਂ ਨੂੰ ਸਕੂਲ ਛੱਡਣ ਤੇ ਲੈ ਕੇ ਆਉਣ ਦੀ ਖਾਸ ਉਮਰ ਤੱਕ ਮਾਪਿਆਂ ਦਾ ਫਰਜ ਹੈ। ਘਰ ਵੀ ਉਹਨਾਂ ਨੂੰ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ। ਬੱਚੇ ਮਾਪਿਆਂ ਦੀ ਪੁਲਸ ਕੋਲ ਸ਼ਿਕਾਇਤ ਕਰ ਸਕਦੇ ਹਨ, ਪੁਲਸ ਮਾਪਿਆਂ ਨੂੰ ਫੜਕੇ ਲੈ ਜਾਂਦੀ ਹੈ। ਬੱਚਿਆਂ ਨੂੰ ਮਾਪਿਆਂ ਨੂੰ ਮਿਲਣ ਦੀ ਮਨਾਹੀ ਕਰ ਦਿੱਤੀ ਜਾਂਦੀ ਹੈ। ਅਜਿਹੀ ਹਾਲਤ ਵਿੱਚ ਸਰਕਾਰ ਬਾਲਗ ਹੋਣ ਤੱਕ ਬੱਚਿਆਂ ਦੀ ਦੇਖਭਾਲ ਕਰਦੀ ਹੈ। ਜਦੋਂ ਬੱਚਾ ਬਾਲਗ ਹੋ ਜਾਂਦਾ ਹੈ ਤਾਂ ਘਰ ਵਿੱਚ ਰਹਿਣ ਲਈ ਉਸਨੂੰ ਆਪਣਾ ਖਰਚਾ ਆਪ ਦੇਣਾ ਪੈਂਦਾ ਹੈ ਜਾਂ ਉਸਨੂੰ ਘਰੋਂ ਬਾਹਰ ਆਜਾਦ ਤੌਰ ’ਤੇ ਰਹਿਣ ਲਈ ਕਿਹਾ ਜਾਂਦਾ ਹੈ। ਪਰਿਵਾਰ ਵਿੱਚ ਉਸਦਾ ਰਹਿਣਾ ਜਰੂਰੀ ਨਹੀਂ। ਬੱਚਿਆਂ ਬਾਰੇ ਏਥੇ ਇੱਕ ਹੋਰ ਵਿਲੱਖਣ ਗੱਲ ਹੈ ਕਿ ਜੇਕਰ ਉਹਨਾਂ ਦਾ ਕੋਈ ਬੁਆਏ ਜਾਂ ਗਰਲ ਫਰੈਂਡ ਨਹੀਂ ਤਾਂ ਮਾਪੇ ਸੋਚਦੇ ਹਨ ਕਿ ਬੱਚਿਆਂ ਵਿੱਚ ਕੋਈ ਘਾਟ ਜਾਂ ਨੁਕਸ ਹੈ। ਤੁਸੀਂ ਆਪ ਹੀ ਸੋਚੋ ਜਦੋਂ ਪੰਜਾਬੀਆਂ ਦੇ ਬੱਚੇ ਅਜਿਹੇ ਹਾਲਾਤ ਵਿੱਚ ਰਹਿਣ ਤਾਂ ਉਹਨਾਂ ’ਤੇ ਇਸ ਦਾ ਅਸਰ ਹੋਣਾ ਕੁਦਰਤੀ ਹੈ। ਉਹ ਰਹਿੰਦੇ ਤਾਂ ਅਜਿਹੇ ਵਾਤਾਵਰਨ ਵਿੱਚ ਹਨ ਤੇ ਅਸੀਂ ਉਹਨਾਂ ਤੋਂ ਆਸ ਰੱਖਦੇ ਹਾਂ ਕਿ ਉਹ ਸਾਡੇ ਸਭਿਆਚਾਰ, ਸਭਿਅਤਾ ਤੇ ਪਰੰਪਰਾਵਾਂ ਨਾਲ ਜੁੜੇ ਰਹਿਣ, ਉਹ ਤਾਂ ਅਜਿਹੇ ਹਾਲਾਤ ਵਿੱਚ ਵਿਗੜਨਗੇ ਹੀ। ਦੁਨੀਆਂ ਦੀ ਕੋਈ ਤਾਕਤ ਉਹਨਾਂ ਨੂੰ ਵਿਰਸੇ ਨਾਲੋਂ ਟੁੱਟਣ ਤੋਂ ਰੋਕ ਨਹੀਂ ਸਕਦੀ। ਅਜੇਹੇ ਹਾਲਾਤ ਵਿੱਚ ਜਿਹੜੇ ਲੜਕੇ ਤੇ ਲੜਕੀਆਂ ਅੰਗਰੇਜ਼ਾਂ ਨਾਲ ਵਿਆਹ ਕਰਾ ਲੈਂਦੇ ਹਨ ਤਾਂ ਘਰ ਦਾ ਵਾਤਾਵਰਨ ਹੀ ਬਦਲ ਜਾਂਦਾ ਹੈ ਤੇ ਸੰਬੰਧਾਂ ਦੀ ਗੱਲ ਹੀ ਖ਼ਤਮ ਹੋ ਜਾਂਦੀ ਹੈ ਤੇ ਗੱਡੀ ਲੀਹੋਂ ਲਹਿ ਜਾਂਦੀ ਹੈ ਕਿਉਂਕਿ ਉਹਨਾਂ ਦਾ ਖਾਣਾ-ਪੀਣਾ, ਰਹਿਣਾ, ਵਰਤਨਾ, ਪਹਿਰਾਵਾ ਸਾਰੇ ਹੀ ਵੱਖਰੇ ਹਨ, ਇਹਨਾਂ ਗੱਲਾਂ ਦਾ ਸੰਬੰਧਾਂ ’ਤੇ ਅਸਰ ਪੈਣਾ ਕੁਦਰਤੀ ਹੈ। ਇੱਕ ਹੋਰ ਮਹੱਤਵਪੂਰਨ ਨੁਕਤਾ ਹੈ ਜਿਸਦਾ ਪ੍ਰਦੇਸਾਂ ਵਿੱਚ ਵਸਦੀ ਸਮੁੱਚੀ ਵਸੋਂ ਤੇ ਪੰਜਾਬ ਵਿੱਚੋਂ ਉਹਨਾਂ ਦੇ ਸਕੇ ਸੰਬੰਧੀਆਂ ਅਤੇ ਪਰਿਵਾਰਾਂ ਵੱਲੋਂ ਕੀਤੇ ਜਾਂਦੇ ਵਿਵਹਾਰ ਦਾ ਪੈ ਰਿਹਾ ਹੈ। ਜਦੋਂ ਕੋਈ ਵਿਅਕਤੀ ਪ੍ਰਵਾਸੀ ਬਣਕੇ ਵਿਦੇਸ਼ਾਂ ਵਿੱਚ ਜਾਂਦਾ ਹੈ ਤਾਂ ਉਸਨੂੰ ਬੇਗਾਨੇ ਦੇਸ਼ ਵਿੱਚ ਸੈਟਲ ਹੋਣ ਲਈ ਅਤੇ ਉੱਥੋਂ ਦੇ ਸਿਸਟਮ ਵਿੱਚ ਅਰਜਸਟ ਕਰਨ ਲਈ ਬੜੇ ਵੇਲਣ ਵੇਲਣੇ ਪੈਂਦੇ ਹਨ। ਪੰਜਾਬ ਵਿੱਚ ਤਾਂ ਕਦੀ ਆਪਣੀ ਰੋਟੀ ਚੁੱਕ ਕੇ ਨਹੀਂ ਖਾਦੀ ਸੀ। ਏਥੇ ਸਾਰੇ ਕੰਮ ਆਪ ਕਰਨੇ ਪੈਂਦੇ ਹਨ। ਮਸ਼ੀਨ ਦੀ ਤਰ੍ਹਾਂ ਕੰਮ ਕਰਨਾ ਪੈਂਦਾ ਹੈ ਜੇਕਰ ਉਹ ਅਨਸਕਿਲਡ ਹੈ ਤਾਂ ਲੇਬਰ ਕਰਨੀ ਪੈਂਦੀ ਹੈ ਜੇਕਰ ਸਕਿਲਡ ਹੈ ਤਾਂ ਮਾਨਸਕ ਤੌਰ ’ਤੇ ਥੱਕ ਜਾਂਦਾ ਹੈ। ਬਹੁਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਦੇ ਤੌਰ ’ਤੇ ਕੰਮ ਕਾਜ ਤੋਂ ਆ ਕੇ ਰੋਟੀ ਵੀ ਆਪ ਬਨਾਉਣੀ, ਘਰ ਦੀ ਸਫਾਈ ਵੀ ਆਪ, ਕੱਪੜੇ ਵੀ ਆਪ ਧੋਵੇ, ਗੁਸਲਖਾਨਾ ਵੀ ਖੁਦ ਸਾਫ ਕਰਨਾ ਆਦਿ ਆਦਿ। ਪਿੱਛੇ ਪੰਜਾਬ ਵਿੱਚ ਰਹਿ ਗਏ ਪਰਿਵਾਰ ਪ੍ਰਵਾਸੀਆਂ ਨੂੰ ਸੋਨੇ ਦੀ ਮੁਰਗੀ ਸਮਝਦੇ ਹਨ। ਉਹ ਸਮਝਦੇ ਹਨ ਕਿ ਪ੍ਰਵਾਸੀ ਪੰਜਾਬੀ ਦਰਖਤਾਂ ਨਾਲ ਲੱਗੇ ਹੋਏ ਡਾਲਰ ਤੋੜ ਕੇ ਐਸ਼ ਕਰਦੇ ਹਨ, ਉਹ ਉਹਨਾਂ ਤੋਂ ਬਹੁਤ ਆਸਾਂ ਲਾ ਬੈਠਦੇ ਹਨ। ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਲਿਜਾਣ ਲਈ ਜ਼ੋਰ ਪਾਉਂਦੇ ਹਨ ਜੋ ਸੰਭਵ ਨਹੀਂ। ਪ੍ਰਵਾਸੀ ਆਪਣੀਆਂ ਜ਼ਮੀਨਾਂ ਜਾਂ ਘਰ ਪੰਜਾਬ ਵਿੱਚ ਸਕੇ-ਸੰਬੰਧੀਆਂ ਨੂੰ ਸੰਭਾਲ ਦਿੰਦੇ ਹਨ ਪ੍ਰੰਤੂ ਦੁੱਖ ਉਦੋਂ ਹੁੰਦਾ ਹੈ ਜਦੋਂ ਉਹਨਾਂ ਦੀਆਂ ਜਾਇਦਾਦਾਂ ਦੱਬ ਲਈਆਂ ਜਾਂਦੀਆਂ ਹਨ। ਕਾਨੂੰਨੀ ਚਾਰਾਜੋਈ ਲਮੀ ਹੈ, ਉਹ ਚੱਕਰਾਂ ਵਿੱਚ ਪੈ ਜਾਂਦੇ ਹਨ ਤੇ ਕਈਆਂ ਕੇਸਾਂ ਵਿੱਚ ਪ੍ਰਵਾਸੀਆਂ ਦੇ ਖੂਨ ਕਰ ਦਿੱਤੇ ਜਾਂਦੇ ਹਨ। ਪ੍ਰਵਾਸੀ ਨਿਰਾਸ਼ ਹੋ ਕੇ ਪੰਜਾਬ ਵਿੱਚ ਆਪਣੀ ਜਾਇਦਾਦ ਵੇਚਕੇ ਵਾਪਸ ਨਹੀਂ ਆਉਂਦੇ। ਰਿਸ਼ਤਿਆਂ ਵਿੱਚ ਤਰੇੜਾਂ ਆ ਜਾਂਦੀਆਂ ਹਨ। ਪੰਜਾਬ ਜਿਸਨੂੰ ਰਿਸ਼ਤਿਆਂ ਦੀ ਖਾਣ ਕਿਹਾ ਜਾਂਦਾ ਸੀ, ਉਹ ਸਬੰਧ ਅੱਜ ਵਿਦੇਸ਼ਾਂ ਵਿੱਚ ਤਾਰ-ਤਾਰ ਹੋ ਗਏ ਹਨ। ਮੇਰੇ ਇੱਕ ਮਿੱਤਰ ਨੇ ਆਪਣੇ ਲੜਕੇ ਦਾ ਵਿਆਹ ਇੱਕ ਅੰਗਰੇਜ਼ ਮੇਮ ਨਾਲ ਕਰ ਦਿੱਤਾ ਜਦੋਂ ਮੈਂ ਪੁੱਛਿਆ ਤਾਂ ਕਹਿਣ ਲੱਗਾ ਜੇਕਰ ਮੈਂ ਪੰਜਾਬ ਵਿਆਹੁੰਦਾ ਤਾਂ ਕੁੜੀ ਆਪਣੇ ਭੈਣ-ਭਰਾਵਾਂ ਤੇ ਮਾਪਿਆਂ ਨੂੰ ਏਧਰ ਬੁਲਾਉਣ ਦਾ ਜ਼ੋਰ ਪਾਉਂਦੀ ਜੋ ਸੰਭਵ ਨਹੀਂ ਸੀ। ਏਸੇ ਖਲਜਗਣ ਤੋਂ ਬਚਣ ਲਈ ਇਹ ਵਿਆਹ ਏਧਰ ਹੀ ਕੀਤਾ ਹੈ। ਵਿਦੇਸ਼ਾਂ ਵਿੱਚ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਰਿਸ਼ਤੇ ਖ਼ਤਮ ਹੋ ਰਹੇ ਹਨ। ਅਜਿਹਾ ਇੱਕ ਹੋਰ ਕੇਸ ਕੈਲੇਫੋਰਨੀਆਂ ਵਿੱਚ ਹੋਇਆ। ਪੰਜਾਬ ਤੋਂ ਇੱਕ ਸਰਕਾਰੀ ਮੁਲਾਜ਼ਮ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆ ਗਿਆ। ਸੈਟਲ ਨਹੀਂ ਹੋ ਸਕਿਆ। ਆਪਣੇ ਮੁੰਡਾ ਤੇ ਕੁੜੀ ਨੂੰ ਏਥੇ ਵਿਆਹ ਰਾਹੀਂ ਬੁਲਾ ਲਿਆ। ਉਨ੍ਹਾਂ ਦੋਨਾਂ ਦੇ ਪਤੀ ਤੇ ਪਤਨੀ ਦੂਜੇ ਦੇਸ਼ਾਂ ਦੇ ਹਨ। ਬਾਪ ਰੁਲ ਰਿਹਾ ਹੈ। ਉਸਦਾ ਬੁਢਾਪਾ ਰੁਲ ਗਿਆ। ਜਦੋਂ ਸਾਡਾ ਕੋਈ ਸਕਾ ਸੰਬੰਧੀ ਵਿਦੇਸ਼ ਜਾਂਦਾ ਹੈ ਤਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ, ਜਸ਼ਨ ਮਨਾਉਂਦੇ ਹਾਂ, ਪਾਠ ਕਰਾਉਂਦੇ ਹਾਂ, ਅਸੀਂ ਸਮਝਦੇ ਹਾਂ ਕਿ ਹੁਣ ਸਾਡੀ ਕਾਇਆ-ਕਲਪ ਹੋ ਜਾਵੇਗੀ, ਮਾਲੋਮਾਲ ਹੋ ਜਾਵਾਂਗੇ। ਅਸਲ ਵਿੱਚ ਇਹ ਸਾਰੀਆਂ ਗੱਲਾਂ ਪ੍ਰੈਕਟੀਕਲ ਨਹੀਂ। ਅਸੀਂ ਭੁੱਲ ਜਾਂਦੇ ਹਾਂ ਕਿ ਅਗਲੀ ਨਸਲ ਤੋਂ ਸਾਡਾ ਪੰਜਾਬ ਨਾਲੋਂ ਰਿਸ਼ਤਾ ਟੁੱਟ ਜਾਣਾ ਹੈ। ਮੁਕਦੀ ਗੱਲ ਵਿਦੇਸ਼ਾਂ ਦਾ ਸਿਸਟਮ ਹੀ ਐਸਾ ਹੈ ਜਿਸਦਾ ਸਾਡੇ ਪ੍ਰਵਾਸੀਆਂ ਦੇ ਸਭਿਆਚਾਰ ਤੇ ਸਭਿਅਤਾ ’ਤੇ ਅਸਰ ਪੈਣਾ ਕੁਦਰਤੀ ਹੈ ਕਿਉਂਕਿ ਉਹਨਾਂ ਦਾ ਸਭਿਆਚਾਰ ਸਾਡੇ ਨਾਲ ਮੇਲ ਹੀ ਨਹੀਂ ਖਾਂਦਾ। ਜੇਕਰ ਅਸੀਂ ਉੱਥੇ ਜਾ ਕੇ ਰਹਿਣਾ ਹੈ ਤਾਂ ਸਾਨੂੰ ਉੱਥੋਂ ਦੇ ਸਿਸਟਮ ਮੁਤਾਬਕ ਹੀ ਚੱਲਣਾ ਪਵੇਗਾ ਤੇ ਜੇਕਰ ਉਹਨਾਂ ਮੁਤਾਬਕ ਚਲਾਂਗੇ ਤਾਂ ਰਿਸ਼ਤਿਆਂ ਵਿੱਚ ਟੁੱਟ-ਭੱਜ ਹੋਵੇਗੀ ਹੀ। ਇਹੋ ਚੰਗਾ ਹੋਵੇਗਾ ਕਿ ਅਸੀਂ ਆਪਣੇ ਦੰਦਾਂ ਵਿੱਚ ਜੀਭ ਦੇ ਕੇ ਸਭ ਕੁਝ ਬਰਦਾਸ਼ਤ ਕਰਦੇ ਰਹੀਏ ਤੇ ਸੁਨਹਿਰੇ ਭਵਿੱਖ ਦੇ ਸੁਪਨੇ ਸਿਰਜਕੇ ਮਾਨਸਕ ਸੰਤੁਸ਼ਟੀ ਪ੍ਰਾਪਤ ਕਰੀਏ।
***********

This entry was posted in ਲੇਖ.

One Response to ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ

  1. sir i read u r artical…bhut he vadhia likhya tusi…

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>