ਅੰਮ੍ਰਿਤਸਰ- ਸੰਸਾਰ ਦੇ ਇਤਿਹਾਸ ’ਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਪੈਦਾ ਹੋਈਆਂ ਜਿੰਨਾ ਆਪਣੇ ਕਿੱਤੇ ਨੂੰ ਸਮਰਪਿਤ ਤੇ ਹਕੀਕਤ ਨਾਲ ਜੁੜੇ ਰਹਿੰਦਿਆਂ ਮਨੁੱਖੀ ਸਮਾਜ ਦੇ ਵਿਗੜੇ ਹੋਏ ਸੰਤੁਲਨ ਨੂੰ ਸੰਤੁਲਤ ਕਰਨ ’ਚ ਵੱਡਾ ਯੋਗਦਾਨ ਪਾਇਆ, ਉਨ੍ਹਾਂ ਵਿਚੋਂ ਭਗਤ ਰਵੀਦਾਸ ਜੀ ਦਾ ਵਿਸ਼ੇਸ਼ ਅਸਥਾਨ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਜੀ ਵਲੋਂ ਰਚਿਤ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਕੀਤੇ ਹਨ ਜਿਸ ਸਦਕਾ ਸਿੱਖ-ਜਗਤ ਭਗਤ ਰਵੀਦਾਸ ਜੀ ਪ੍ਰਤੀ ਸ਼ਰਧਾ ਤੇ ਸਤਿਕਾਰ ਦਰਸਾਉਂਦਾ ਹੈ। ਅਜਿਹੀ ਮਹਾਨ ਸਖਸ਼ੀਅਤ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਨਕ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੋਂ ਜਾਰੀ ਇਕ ਪ੍ਰੈਸ ਰਲੀਜ਼ ’ਚ ਕੀਤਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਭਗਤ ਜੀ ਦੀ ਸਮੁੱਚੀ ਬਾਣੀ ਹੀ ਮਨੁੱਖਤਾ ਨੂੰ ਟੁੰਬਦੀ ਹੈ। ਭਗਤ ਜੀ ਦੇ ਸ਼ਬਦ ‘ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ’ ‘ਬੇਗਮਪੁਰਾ ਸਹਰ ਕੋ ਨਾਓ’, ‘ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ’, ‘ਨੀਚਹ ਊਚ ਕਰੈ ਮੇਰਾ ਗੋਬਿੰਦੁ’ ਆਦਿ ਸ਼ਬਦ ਪ੍ਰਾਣੀ ਮਾਤਰ ਦੀ ਚੇਤਨਾ ’ਚ ਤਾਂ ਘਰ ਕਰ ਗਏ ਹਨ ਅਤੇ ਇਹਨ੍ਹਾਂ ਸ਼ਬਦਾਂ ਨੂੰ ਸੁਣਨ, ਪੜ੍ਹਨ, ਵਿਚਾਰਨ ਤੇ ਗਾਇਨ ਕਰਨ ਲਈ ਕੰਨ, ਜ਼ੁਬਾਨ, ਨੇਤਰ ਤੇ ਮਨ ਬਾਰ-ਬਾਰ ਲੋਚਦਾ ਹੈ।
ਉਨ੍ਹਾਂ ਕਿਹਾ ਕਿ ਗੁਰਬਾਣੀ ’ਚ ‘ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥’ ਦੇ ਅਨੁਸਾਰ ਭਗਤ ਜੀ ਨੂੰ ਸਤਿਕਾਰ ਦਾ ਵੱਡਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਤ ਜੀ ਨੂੰ ਦੁਨਿਆਵੀ ਜੀਵਨ ’ਚ ਸਮਾਜਿਕ ਵੰਡ ਵਰਨ ਦਾ ਦੁਖ ਹੋਇਆ, ਉਨ੍ਹਾਂ ਮਨੁੱਖਤਾ ਨਾਲ ਇਸ ਦੁੱਖ ਨੂੰ ਵੰਡਾਇਆ ਤੇ ਫਿਰ ਇਸ ਨੂੰ ਮਿਟਾਉਣ ਦਾ ਰਾਹ ਵੀ ਦਰਸਾਇਆ। ਉਨ੍ਹਾਂ ਨੇ ਮਨੁੱਖ ਨੂੰ ਕਾਮ-ਕਰੋਧ, ਲੋਭ, ਮੋਹ ਤੇ ਹੰਕਾਰ ਤੋਂ ਬਚਣ ਲਈ ਪ੍ਰੇਰਨਾ ਕਰਦਿਆਂ ਹੱਥੀਂ ਕਿਰਤ ਕਰਨ ਤੇ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਸੰਦੇਸ਼ ਦਿੱਤਾ। ਭਗਤ ਰਵੀਦਾਸ ਜੀ ਨੇ ਊਚ-ਨੀਚ, ਜਾਤ-ਪਾਤ ਅਤੇ ਫੋਕੇ ਕਰਮ ਕਾਂਡੀ ਅਡੰਬਰਾਂ ਦੇ ਬੰਧਨ ਤੋੜ ਕੇ ਮਨੁੱਖਤਾ ਦੀ ਬਰਾਬਰੀ ਵਾਲਾ ਸਮਾਜ ਚਿਤਵਿਆ। ਭਗਤ ਜੀ ਦੇ ਵਿਚਾਰ ਅਨੁਸਾਰ ਜਾਤ-ਪਾਤ ਤੇ ਊਚ-ਨੀਚ ਦੀ ਪ੍ਰਥਾ ਨਰੋਏ ਸਮਾਜ ਦੀ ਸਿਰਜਣਾ ਲਈ ਵੱਡੀ ਰੁਕਾਵਟ ਹੈ। ਉਨ੍ਹਾਂ ਕਿਹਾ ਕਿ ਏਨੇ ਵੱਡੇ ਗਿਆਨਵਾਨ ਹੋਣ ਦੇ ਬਾਵਜੂਦ ਵੀ ਭਗਤ ਰਵੀਦਾਸ ਜੀ ਨੇ ਸਮੁੱਚਾ ਜੀਵਨ ਨਿਰਮਾਣਤਾ ਨਾਲ ਬਿਤਾਇਆ ਅਤੇ ਹਮੇਸ਼ਾਂ ਹਕੀਕਤ ਨਾਲ ਜੁੜੇ ਰਹੇ। ਹੱਥੀਂ ਕਿਰਤ ਕਰਨ ਤੇ ਗਰੀਬਾਂ ਵਿਚ ਵੰਡ ਛਕਣ ਦੀ ਭਾਵਨਾ ਨੂੰ ਉਨ੍ਹਾਂ ਆਪਣੇ ਕਿੱਤੇ ਰਾਹੀਂ ਰੂਪਮਾਨ ਕੀਤਾ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਜਿਹੇ ਮਹਾਨ ਭਗਤ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 9 ਫਰਵਰੀ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਵੇਰੇ 9 ਵਜੇ ਅਖੰਡ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਅਤੇ ਪੰਥ ਦੇ ਨਾਮਵਰ ਢਾਡੀ ਤੇ ਕਵੀਸ਼ਰ ਜਥੇ ਇਲਾਹੀ ਬਾਣੀ ਦੇ ਕੀਰਤਨ ਸੰਗਤਾਂ ਨੂੰ ਸਰਵਣ ਕਰਾਉਣਗੇ।