ਜ਼ਿੰਦਗੀ ਸੁੱਖ ਦੁੱਖ ਦਾ ਸੁਮੇਲ ਹੈ।ਕਦੀ ਧੁੱਪ ਹੈ ਕਦੀ ਛਾਂ ਹੈ, ਕਦੀ ਦਿਨ ਹੈ ਤਾਂ ਕਦੀ ਰਾਤ। ਦੁੱਖ ਸੁੱਖ ਜ਼ਿੰਦਗੀ ਦਾ ਅਨਿਖੜਵਾਂ ਅੰਗ ਹਨ, ਇਕ ਹੀ ਸਿੱਕੇ ਦੇ ਦੋ ਪਾਸੇ। ਅਸੀਂ ਕਦੀ ਸੁੱਖ ਆਰਾਮ ਭੋਗਦੇ ਹਾਂ ਤਾ ਕਦੀ ਦੁੱਖ ਆ ਘੇਰਦੇ ਹਨ। ਕਦੀ ਰਾਤਾਂ ਚਾਨੰਣੀਆਂ ਹੁੰਦੀਆਂ ਹਨ ਤੇ ਕਦੀ ਹਨੇਰੀਆਂ।ਸੁੱਖ ਵੇਲੇ ਸਾਰੇ ਆਸੇ ਪਾਸੇ ਘੁੰਮਦੇ ਫਿਰਦੇ ਹਨ, ਦੁੱਖ ਵੇਲੇ ਆਪਣਾ ਕੋਈ ਖ਼ਾਸ ਹੀ ਸਾਥ ਦਿੰਦਾ ਹੈ।ਸੁਖ ਮੇ ਬਹੁ ਸੰਗੀ ਭਏ, ਦੁਖ ਮੇਂ ਸੰਗਿ ਨ ਕੋਇ।ਦੁਖ ਵੇਲੇ ਅਪਣੇ ਪਰਾਏ ਦੀ ਪਛਾਣ ਹੋ ਜਾਂਦੀ ਹੈ।ਅਪਣੀ ਅਹਿਮੀਅਤ ਦਾ ਪਤਾ ਲਗ ਜਾਂਦਾ ਹੈ। ਦੁੱਖ ਵਧੇਰੇ ਉਸ ਸਮੇਂ ਲਗਦਾ ਹੈ ਜਦੋਂ ਅਪਣੇ ਹੀ ਬਿਗਾਨੇ ਬਣ ਜਾਣ।ਦੁਸ਼ਮਨਾਂ ਦੇ ਪੱਥਰ ਮਾਰਨ ਦਾ ਦੁੱਖ ਨਹੀਂ ਹੁੰਦਾ, ਪਰ ਮਿੱਤਰਾਂ ਵਲੋਂ ਫੁਲ ਮਾਰਨ ਦੀ ਪੀੜਾ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ।ਦੁੱਖ ਨਾ ਹੋਵੇ ਤਾਂ ਸੁੱਖ ਦੀ ਮਹਤੱਤਾ ਦਾ ਪਤਾ ਹੀ ਨਾ ਲਗੇ।
ਹਰ ਵਿਅਕਤੀ ਦਾ ਜ਼ਿੰਦਗੀ ਬਾਰੇ ਵੱਖ ਵੱਖ ਨਜ਼ਰੀਆ ਹੈ। ਕੋਈ ਖਾਣ ਪੀਣ, ਪੈਸੇ ਕਮਾਉਣ ਤੇ ਐਸ਼ ਕਰਨ ਨੂੰ ਜ਼ਿੰਦਗੀ ਸਮਝਦਾ ਹੈ ਤੇ ਕੋਈ ਸ਼ੁਹਰਤ ਹਾਸਲ ਕਰਨ ਨੂੰ , ਕੋਈ ਦੂਜਿਆਂ ਦੇ ਕੰਮ ਆਉਣ ਤੇ ਪਰਮਾਤਮਾ ਦੀ ਭਗਤੀ ਨੂੰ। ਇਸ ਲਈ ਜੰਗਲ ਦੀ ਮਿਸਾਲ ਦਿਤੀ ਜਾ ਸਕਦੀ ਹੈ। ਜੰਗਲ ਵਿਚ ਕੋਈ ਵਪਾਰੀ ਜਾਏਗਾ ਤਾਂ ਉਹ ਸੋਚੇਗਾ ਕਿ ਇਥੋਂ ਵਪਾਰ ਲਈ ਵਧੀਆ ਲਕੜ ਮਿਲ ਸਕਦੀ ਹੈ, ਇਕ ਵੈਦ ਜਾਏ ਤਾ ਉਹ ਦਵਾਈਆਂ ਲਈ ਜੜੀ ਬੂਟੀਆਂ ਦੀ ਭਾਲ ਕਰੇ ਗਾ, ਇਕ ਕਵੀ ਜਾਏਗਾ ਉਹ ਸੋਚੇਗਾ ਕਿ ਕਵਿਤਾ ਲਿਖਣ ਲਈ ਇਥੇ ਸ਼ਾਤ ਮਾਹੌਲ ਹੈ, ਚਿੱਤਰਕਾਰ ਕਾਦਰ ਦੀ ਕੁਦਰਤ ਨੂੰ ਆਪਣੀ ਕੈਨਵੈਸ਼ ਉਤੇ ਉਤਾਰਨ ਦੀ ਗਲ ਸੋਚੇਗਾ ਤੇ ਕੋਈ ਸਾਧੂ ਇਸ ਇਕਾਂਤ ਵਿਚ ਭਗਤੀ ਕਰਨ ਨੂੰ। ਇਸੇ ਤਰ੍ਹਾਂ ਸਾਡਾ ਸਭਨਾਂ ਦਾ ਜ਼ਿੰਦਗੀ ਬਾਰੇ ਨਜ਼ਰੀਆ ਤੇ ਆਦਰਸ਼ ਵੱਖਰਾ ਵੱਖਰਾ ਹੈ।
ਜ਼ਿੰਦਗੀ ਫੁਲਾਂ ਦੀ ਸੇਜ ਨਹੀਂ। ਕੁਝ ਲੋਕ ਜੋ ਚਾਂਦੀ ਦਾ ਚਮਚਾ ਮੂੰਹ ਵਿਚ ਲੈ ਕੇ ਪੈਦਾ ਹੁੰਦੇ ਹਨ, ਤੋਂ ਬਿਨਾ ਬਹੁਤੇ ਲੋਕਾਂ ਲਈ ਜ਼ਿੰਦਗੀ ਕੰਡਿਆਂ ਨਾਲ ਭਰਿਆ ਇਕ ਰਸਤਾ ਹੈ, ਦੁੱਖਾਂ ਦਾ ਘਰ ਹੈ।ਅਜ ਕਲ ਤਾਂ ਜਦੋਂ ਪੈਰ ਪੈਰ ਤੇ ਧੋਖਾ, ਛੱਲ, ਕੱਪਟ, ਫਰੇਬ, ਝੂਠ, ਭ੍ਰਿਸ਼ਟਾਚਾਰ, ਮੱਕਾਰੀ, ਸ਼ੈਤਾਨੀਅਤ, ਹੈਵਾਨੀਅਤ ਦਾ ਬੋਲ ਬਾਲਾ ਹੈ, ਜ਼ਿੰਦਗੀ ਬਹੁਤ ਔਖੀ ਲਗਦੀ ਹੈ।
ਬਹੁਤ ਹੀ ਕਠਨ ਰਾਹ ਹੈ ਜ਼ਿੰਦਗੀ ਦਾ।ਆਮ ਆਦਮੀ ਤਾਂ ਸਾਰੀ ਜ਼ਿੰਦਗੀ ਰੋਜ਼ੀ ਰੋਟੀ ਦੇ ਚੱਕਰ ਵਿਚ ਹੀ ਗੁਆਚਿਆ ਰਹਿੰਦਾ ਹੈ। ਰੋਟੀ, ਕੱਪੜਾ ਤੇ ਮਕਾਨ ਦੀ ਸੱਮਸਿਆ ਤੋਂ ਵਿਹਲ ਮਿਲੇ ਤਾਂ ਹੀ ਕੁਝ ਸੋਚ ਸਕਦਾ ਹੈ। ਉਸ ਲਈ ਜਨਮ ਲਿਆ ਜਾਂ ਨਾ ਲਿਆ, ਇਕ ਬਰਾਬਰ ਹੈ। ਬੜੀ ਹੀ ਸਮੱਸਿਆਵਾਂ ਭਰੀ ਤੇ ਗੁੰਝਲਦਾਰ ਵੀ ਹੈ ਇਹ ਜ਼ਿੰਦਗੀ।ਆਪਣੇ ਲਈ ਕੁਝ ਵੀ ਖਰੀਦਣ ਜਾਓ, ਕਿਸੇ ਦੁਕਾਨਦਾਰ ਦੇ ਕਾਬੂ ਆ ਜਾਓ, ਉਹ ਚਾਹੁੰਦਾ ਹੈ ਕਿ ਤੁਹਾਡੀ ਚਮੜੀ ਵੀ ਉਧੇੜ ਲਏ। ਇਕ ਸ਼ਰੀਫ਼ ਆਦਮੀ ਲਈ ਤਾਂ ਜ਼ਿੰਦਗੀ ਇਕ ਸਰਾਪ ਹੈ, ਇਕ ਸਜ਼ਾ ਹੈ, ਇਕ ਬੋਝ ਹੈ। ਕਿਸੇ ਜ਼ਰੂਰੀ ਕੰਮ ਲਈ ਕਿਸੇ ਦਫਤਰ ਜਾਓ, ਰਿਸ਼ਵਤ ਦਿਤੇ ਬਿਨਾ ਕੋਈ ਗਲ ਹੀ ਨਹੀਂ ਸੁਣਦਾ। ਫਿਰ ਵੀ ਉਹ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਜੀਅ ਰਹੇ ਹਨ ਜਾਂ ਦਿਨ ਕਟੀ ਕਰ ਰਹੇ ਹਨ।
ਭਾਵੇਂ ਸਾਡੇ ਲਈ ਜ਼ਿੰਦਗੀ ਕੋਈ ਅਰਥ ਨਹੀਂ ਰਖਦੀ, ਨਾ ਇਸ ਦੁਨੀਆਂ ਵਿਚ ਕੋਈ ਦਿਲਚਸਪੀ ਹੈ, ਤਾਂ ਵੀ ਜ਼ਿੰਦਗੀ ਜ਼ਬਰਦਸਤੀ ਜੀ ਰਹੇ ਹਾਂ, ਮਰਨਾ ਵੀ ਔਖਾ ਲਗਦਾ ਹੈ। ਜ਼ਿੰਦਗੀ ਜ਼ਹਿਰ ਹੈ ਤਾਂ ਇਸ ਜ਼ਹਿਰ ਦਾ ਘੁੱਟ ਵੀ ਸਾਨੂੰ ਭਰਨਾ ਹੀ ਪੈਣਾ ਹੈ।
ਜ਼ਿੰਦਗੀ ‘ਤੇ ਕਿਸੇ ਦਾ ਵੱਸ ਨਹੀਂ, ਪਰਮਾਤਮਾ ਹੀ ਸਾਨੂੰ ਜ਼ਿੰਦਗੀ ਦਿੰਦਾ ਹੈ, ਉਹ ਹੀ ਸਮਾਪਤ ਕਰਦਾ ਹੈ। ਅਪਣੀ ਮਰਜ਼ੀ ਨਾਲ ਨਾ ਇਸ ਜਹਾਨ ਵਿਚ ਆਉਂਦੇ ਹਾਂ, ਨਾ ਜਾਂਦੇ ਹਾਂ।। ਉਰਦੂ ਦਾ ਇਕ ਸ਼ੇਅਰ ਹੈ:-
ਲਾਈ ਹਿਯਾਤ ਆਏ, ਕਜ਼ਾ ਲੇ ਚਲੀ ਚਲੇ
ਨਾ ਆਪਣੀ ਖੁਸ਼ੀ ਸੇ ਆਏ, ਨਾ ਆਪਣੀ ਖੁਸ਼ੀ ਸੇ ਚਲੇ
ਦੁੱਖ ਸੁਖ ਭੋਗਦੀ ਹੋਈ ਜ਼ਿੰਦਗੀ ਚਲਦੀ ਰਹਿੰਦੀ ਹੈ, ਰੁਕਦੀ ਨਹੀਂ, ਨਦੀ ਦੇ ਵਹਿਣ ਵਾਂਗ ਵੱਗਦੇ ਪਾਣੀ ਵਾਂਗ ਅਪਣੀ ਚਾਲੇ ਤੁਰਦੀ ਰਹਿੰਦੀ ਹੈ।
ਬੜੀ ਹਸੀਨ ਵੀ ਹੈ ਇਹ ਜ਼ਿੰਦਗੀ, ਖੁਬਸੂਰਤ ਹੈ, ਆਪਣਿਆ ਤੋਂ ਗਰੀਬ, ਕਮਜ਼ੋਰ ਤੇ ਨਿਤਾਣੇ ਲੋਕਾਂ ਵਲ ਦੇਖੀਏ,ਤਾਂ ਪਰਮਾਤਮਾ ਦਾ ਸ਼ੁਕਰ ਕਰੀਦਾ ਹੈ ਕਿ ਜੇ ਬਹੁਤ ਚੰਗਾ ਜੀਵਨ ਨਹੀਂ ਜੀਅ ਰਹੇ, ਘਟੋ ਘਟ ਕਰੋੜਾਂ ਲੋਕਾਂ ਨਾਲੋਂ ਚੰਗੀ ਜ਼ਿੰਦਗੀ ਬਿਤਾ ਰਹੇ ਹਾਂ।ਬਹੁਤ ਢੀਠ ਵੀ ਹੈ ਇਹ ਜ਼ਿੰਦਗੀ, ਦੁਖੀ ਹੋ ਕੇ, ਸ਼ਰਮਸ਼ਾਰ ਹੋ ਕੇ ਵੀ ਨਿਰੰਤਰ ਜਾਰੀ ਰਹਿੰਦੀ ਹੈ।
ਸਾਨੂੰ ਜ਼ਿੰਦਗੀ ਵਿਚ ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈ, ਆਪਣੇ ਲਈ ਤਾ ਸਾਰੇ ਹੀ ਜੀਉਂਦੇ ਹਨ, ਪਸ਼ੂ ਪੰਛੀ ਵੀ ਅਪਣੇ ਲਈ ਹੀ ਜੀਂਦੇ ਹਨ। ਕਿਸੇ ਦੇ ਕੰਮ ਆ ਕੇ, ਕਿਸੇ ਦਾ ਦੁੱਖ ਦਰਦ ਵੰਡ ਕੇ ਦਿਲ ਨੂੰ ਜੋ ਖੁਸੀ ਮਿਲਦੀ ਹੈ, ਸ਼ਾਤੀ ਮਿਲਦੀ ਹੈ, ਇਕ ਆਨੰਦ ਮਿਲਦਾ ਹੈ, ਉਹ ਬਹੁਤ ਹੀ ਅਮੋਲ ਹ
ਪਰਮਾਤਮਾ ਨੇ ਆਮ ਲੋਕਾਂ ਲਈ ਇਸ ਸੰਸਾਰ ਦੀ ਰਚਨਾ ਬਹੁਤ ਹੀ ਸੁੰਦਰ ਕੀਤੀ ਹੈ। ਇਹ ਵਿਸ਼ਾਲ ਬ੍ਰਹਿਮੰਡ, ਤਾਰਿਆਂ ਨਾਲ ਭਰਿਆ ਨੀਲਾ ਆਕਾਸ਼, ਠੰਡੀ ਰੋਸ਼ਨੀ ਦਿੰਦਾ ਹੋਇਆ ਚੰਦਰਮਾ, ਜਿਉਣ ਲਈ ਗਰਮੀ ਦਿੰਦਾ ਹੋਇਆ ਸੂਰਜ, ਨਿਰਮਲ ਪਾਣੀ ਨਾਲ ਕਲਵਲ ਕਲਵਲ ਕਰਦੇ ਹੋਏ ਨਦੀਆਂ ਨਾਲੇ, ਇਹ ਰੁਮਕਦੀ ਹੋਈ ਪੌਣ , ਚਹਿਚਹਾਂਦੇ ਹੋਏ ਸੁੰਦਰ ਪੰਛੀ, ਜੰਗਲੀ ਜੀਵ, ਸਭ ਸਾਡੇ ਲਈ ਹਨ।ਇਹ ਸਰਸਬਜ਼ ਧਰਤੀ ਤੇ ਰੰਗ ਬਰੰਗੇ ਫੁਲ ਬੂਟੇ, ਬਰਫ਼ਾਂ ਨਾਲ ਲੱਦੇ ਪਟਬਤ, ਵੱਖ-ਵੱਖ ਕਿਸਮਾਂ ਦੇ ਦਰਖ਼ਤਾਂ ਨਾਲ ਲੱਦੇ ਹੋਏ ਸੰਘਣੇ ਜੰਗਲ ਆਦਿ ਸਭ ਕੁਝ ਬਹੁਤ ਸੁੰਦਰ ਲਗਦੇ ਹਨ, ਇਹ ਕੁਦਰਤ ਨੇ ਇਹ ਸਭ ਸਾਡੇ ਲਈ ਬਣਾਏ ਹਨ।ਪਾਤਾਲਾਂ ਤਕ ਡੂੰਘੇ ਸਮੁੰਦਰਾਂ ਦੀ ਆਪਣੀ ਹੀ ਖ਼ੂਬਸੂਰਤੀ ਹੈ।
ਅਕਾਲ ਪੁਰਖ ਦੀ, ਕੁਦਰਤ ਦੀ ਇਸ ਸੰਸਾਰ ਵਿਚ ਸਭ ਤੋਂ ਉੱਤਮ ਅਤੇ ਖ਼ੂਬਸੂਰਤ ਜੋ ਰਚਨਾ ਹੈ, ਉਹ ਹੈ ਮਨੁੱਖ। ਭਾਰਤੀ ਫ਼ਿਲਾਸਫ਼ੀ ਅਨੁਸਾਰ ਕਿਹਾ ਜਾਂਦਾ ਹੈ ਕਿ 84 ਲੱਖ ਜੂਨਾਂ ਭੋਗ ਕੇ ਹੀ ਆਤਮਾ ਮਨੁੱਖੀ ਜਾਮੇ ਵਿਚ ਪਰਵੇਸ਼ ਕਰਦੀ ਹੈ ਜਾਂ ਇਹ ਕਹਿ ਲਈਏ ਕਿ ਮਨੁੱਖੀ ਜੀਵਨ 84 ਲੱਖ ਜੀਵਾਂ ਨਾਲੋਂ ਸਭ ਤੋਂ ਉੱਤਮ ਹੈ। ਮਨੁੱਖੀ ਸਰੀਰ ਸਭ ਤੋਂ ਵੱਧ ਖ਼ੂਬਸੂਰਤ ਹੈ, ਸਭ ਤੋਂ ਵੱਧ ਸੰਵੇਦਨਸ਼ੀਲ਼ ਹੈ, ਮਨੁੱਖ ਦਾ ਦਿਮਾਗ਼ ਸਭ ਤੋਂ ਵੱਧ ਸਿਆਣਪ ਭਰਪੂਰ ਹੈ। ਬਾਹਰੀ ਦਿੱਖ ਵਜੋਂ ਕਈ ਜਾਨਵਰ ਤੇ ਪੰਛੀ ਬਹੁਤ ਸੁੰਦਰ ਹਨ, ਮਨੁੱਖ ਸੁਹਣੇ ਬਸਤਰ ਪਹਿਣ ਕੇ ਉਨ੍ਹਾਂ ਤੋਂ ਵੀ ਸੁੰਦਰ ਬਣ ਜਾਂਦਾ ਹੈ। ਕਈ ਜਾਨਵਰ ਸਰੀਰਕ ਸ਼ਕਤੀ ਪੱਖੋਂ ਬੜੇ ਹੀ ਸ਼ਕਤੀਸ਼ਾਲੀ ਹਨ, ਪਰ ਮਨੁੱਖ ਆਪਣੀ ਸਿਆਣਪ ਨਾਲ ਉਨ੍ਹਾਂ ਤੋਂ ਵੱਧ ਸ਼ਕਤੀਸ਼ਾਲੀ ਬਣ ਜਾਂਦਾ ਹੈ ਅਤੇ ਉਨ੍ਹਾਂ ਉਤੇ ਕਾਬੂ ਪਾ ਲੈਂਦਾ ਹੈ। ਕਈ ਪੰਛੀ ਆਕਾਸ਼ ਵਿਚ ਬਹੁਤ ਉਚੀਆਂ ਉਡਾਰੀਆਂ ਮਾਰ ਲੈਂਦੇ ਹਨ, ਮਨੁੱਖ ਆਪਣੇ ਦਿਮਾਗ਼ ਸਦਕਾ ਹਵਾਈ ਜਹਾਜ਼ ਆਦਿ ਨਾਲ ਉਨ੍ਹਾਂ ਤੋਂ ਵੀ ਉਚੀਆਂ ਉਡਾਰੀਆਂ ਮਾਰ ਲੈਂਦਾ ਹੈ, ਮਨੁੱਖ ਤਾਂ ਹੁਣ ਚੰਦਰਮਾ ਉੱਤੇ ਵੀ ਪਹੁੰਚ ਗਿਆ ਹੈ। ਕਈ ਸਮੁੰਦਰੀ ਜੀਵ ਪਾਣੀ ਵਿਚ ਬਹੁਤ ਡੂੰਘਾਣਾਂ ਤਕ ਆ ਜਾ ਸਕਦੇ ਹਨ । ਮਨੁੱਖ ਪਣਡੁੱਬੀਆਂ ਆਦਿ ਨਾਲ ਉਨ੍ਹਾਂ ਤੋਂ ਵੱਧ ਗਰਿਹਾਈਆਂ ਤਕ ਗੋਤੇ ਮਾਰ ਸਕਦਾ ਹੈ। ਭਾਵ ਮਨੁੱਖ ਬਾਕੀ ਜੀਵ ਜੰਤੂਆਂ ਨਾਲੋਂ ਹਰ ਪੱਖੋਂ ਉਤਮ ਹੈ।
ਹਰ ਮਨੁੱਖ ਵਲੋਂ ਇਕ ਸੱਚਾ-ਸੁੱਚਾ, ਸਿੱਧਾ-ਸਾਦਾ, ਸੱਚੀ ਕ੍ਰਿਤ ਕਰਨ ਵਾਲਾ, ਨਾਮ ਸਿਮਰਨ ਤੇ ਸਮਾਜ ਸੇਵਾ ਵਾਲਾ ਅਤੇ ਪਰਉਪਕਾਰ ਜੀਵਨ ਬਿਤਾਇਆ ਜਾਏ ਤਾਂ ਇਹ ਧਰਤੀ ਸਵਰਗ ਜਾਪਦੀ ਹੈ । ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਗੁਰਬਾਣੀ ਦਾ ਫੁਰਮਾਨ ਹੈ :-
ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਭਾਗਾਂ ਵਾਲੇ ਹੁੰਦੇ ਹਨ ਉਹ ਵਿਅਕਤੀ ਜੋ ਇਸ ਧਰਤੀ ‘ਤੇ ਜਨਮ ਲੈ ਕੇ ਆਪਣਾ ਕਾਰਜ ਕਰਦੇ ਹੋਏ, ਦੂਜਿਆ ਦਾ ਦੁੱਖ ਸੁਖ ਵਡਾਉਂਦੇ ਹੋਏ, ਪਰਮਾਤਮਾ ਨੂੰ ਯਾਦ ਰੱਖਦੇ ਹਨ ਅਤੇ ਆਪਣਾ ਸਾਰਾ ਜੀਵਨ ਹੀ ਮਾਨਵਤਾ ਦੀ ਸੇਵਾ ਵਿਚ ਲਗਾ ਦਿੰਦੇ ਹਨ। ਉਹ ਜੀਵਨ ਦੇ ਹਰ ਪਲ ਨੂੰ ਪਰਮਾਤਮਾ ਦਾ ਸੱਚਾ ਨਾਮ ਸਿਮਰਨ ਕਰਦੇ ਹੋਏ ਸਾਰਥਕ ਕਰਦੇ ਹਨ। ਦੂਜੇ ਕਈ ਧਰਮਾਂ ਵਿਚ ਭਗਤੀ ਕਰਨ ਲਈ ਅਕਸਰ ਕਈ ਧਾਰਮਿਕ ਬਿਰਤੀਆਂ ਵਾਲੇ ਵਿਅਕਤੀ ਗ੍ਰਿਹਸਤੀ ਜੀਵਨ ਤਿਆਗ ਕੇ ਦੂਰ-ਦੁਰਾਡੇ ਪਹਾੜੀ ਇਲਾਕਿਆ ਜਾਂ ਜੰਗਲਾਂ ਵਿਚ ਚਲੇ ਜਾਂਦੇ ਹਨ। ਸਿੱਖ ਧਰਮ ਅਨੁਸਾਰ ਗ੍ਰਿਹਸਤੀ ਜੀਵਨ ਹੀ ਸਭ ਤੋਂ ਉੱਤਮ ਹੈ ਅਤੇ ਗ੍ਰਿਹਸਤੀ ਜੀਵਨ ਬਿਤਾਂਦਿਆਂ ਵੀ ਪਰਮਾਤਮਾ ਦੀ ਭਗਤੀ ਕੀਤੀ ਜਾ ਸਕਦੀ ਹੈ, ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ ।
ਆਮ ਆਦਮੀ ਲਈ ਉਮਰ ਦੇ ਵੱਖ ਵੱਖ ਮੋੜਾਂ ਉਤੇ ਜ਼ਿੰਦਗੀ ਦੇ ਅਰਥ ਬਦਲ ਜਾਂਦੇ ਹਨ, ਬਚਪਨ ਵਿਚ ਸ਼ਰਾਰਤਾਂ ਕਰਨਾ ਤੇ ਖੇਡਣਾ, ਜਵਾਨੀ ਵਿਚ ਮੌਜ ਮਸਤੀ ਕਰਨੀ ਤੇ ਬੁਢਾਪੇ ਵਿਚ ਪਰਮਾਤਮਾ ਨੂੰ ਯਾਦ ਕਰਨਾ ਚੰਗਾ ਲਗਦਾ ਹੈ।
ਵਾਰ ਵਾਰ ਇਮਤਿਹਾਨ ਦੇਣੇ ਪੈਂਦੇ ਹਨ ਇਸ ਜ਼ਿੰਦਗੀ ਦੌਰਾਨ, ਇਮਤਿਹਾਨ ਵਿਦਿਅਕ ਖੇਤਰ ਦਾ, ਸਮਾਜਿਕ ਖੇਤਰ ਦਾ, ਘਰੇਲੂ ਜੀਵਨ ਬਾਰੇ। ਬੜੀ ਹੀ ਢੀਠ ਵੀ ਹੈ ਇਹ ਜ਼ਿੰਦਗੀ। ਆਦਮੀ ਕਈ ਵਾਰੀ ਬੇਇਜ਼ਤ ਹੋ ਜਾਂਦਾ ਹੈ, ਸ਼ਰਮਸਾਰ ਹੋ ਜਾਂਦਾ ਹੈ, ਬਦਨਾਮ ਹੋ ਜਾਂਦਾ ਹੈ, ਫਿਰ ਵੀ ਜ਼ਿੰਦਾ ਰਹਿੰਦਾ ਹੈ, ਬੇਸ਼ਰਮ ਜਿਹਾ ਬਣ ਕੇ।ਅਗਲੇ ਕਲ ਪਰਸੋਂ ਨੂੰ ਬਹੁਤੇ ਲੋਕ ਸਾਰੀਆਂ ਗਲਾਂ ਭੁਲ ਜਾਂਦੇ ਹਨ।
ਕਈ ਵਾਰੀ ਜ਼ਿੰਦਗੀ ਹਾਲਾਤ ਨਾਲ ਸਮਝੌਤਾ ਕਰਨ ਨੂੰ ਮਜਬੂਰ ਕਰਦੀ ਹੈ, ਕੋਈ ਸਨੇਹੀ, ਪਤਨੀ, ਪਤੀ, ਜਵਾਨ ਪੁੱਤਰ ਜਾਂ ਕੋਈ ਹੋਰ ਨੇੜਲਾ ਸਾਕ ਸਬੰਧੀ, ਮਿੱਤਰ ਵਿਛੜ ਜਾਏ, ਜੋ ਸਾਡੀ ਜ਼ਿੰਦ ਜਾਨ ਹੋਏ, ਰੋ ਧੋ ਕੇ ਜ਼ਿੰਦਗੀ ਨਾਲ ਸਮਝੌਤਾ ਕਰ ਲੈਂਦੇ ਹਾਂ ਅਤੇ ਫਿਰ ਪੋਹਲਾਂ ਵਾਂਗ ਦਿਨ ਬਿਤਾਉਣੇ ਸ਼ੁਰੂ ਕਰ ਦਿੰਦੇ ਹਾਂ।
ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਬਹੁਤੇ ਬਹੁਤ ਲੋਕਾਂ, ਜੋ ਰੋਟੀ ਤੋਂ ਵੀ ਆਤਰ ਗੁੰਦੇ ਹਨ, ਲਈ ਇਹ ਜ਼ਿੰਦਗੀ ਇਕ ਸਜ਼ਾ ਵਰਗੀ ਲਗਦੀ ਹੈ, ਨਾ ਚੰਗੀ ਤਰ੍ਹਾਂ ਜੀ ਸਕਦੇ ਹਨ, ਨਾ ਹੀ ਮਰ ਸਕਦੇ ਹਨ।
ਬਹੁਤ ਛੋਟੀ ਹੈ ਇਹ ਜ਼ਿੰਦਗੀ, ਇਸ ਨੂੰ ਅਜਾਈਂ ਨਾ ਗੁਆਈਏ। ਜ਼ਿੰਦਗੀ ਮੁਕ ਜਾਂਦੀ ਹੈ, ਸਾਡੇ ਕੰਮ ਕੰਮ ਨਹੀਂ ਮੁਕਦੇ। ਛੋਟੇ ਹੰਦੇ ਸੀ ਤਾਂ ਚਰਖ਼ਾ ਕੱਤਦੀ ਹੋਈ ਸਾਡੀ ਮਾਂ ਇਕ ਗੀਤ ਗਾਇਆ ਕਰਦੀ ਸੀ:-
” ਮੁੱਕ ਜਾ ਪੂਣੀਏ,ਅਸਾਂ ਜਾਣਾ ਗੁਰਾਂ ਦੇ ਡੇਰੇ ਮੁੱਕ ਜਾ ਪੂਣੀਏ
ਪੂਣੀ ਨਾ ਮੁਕਦੀ, ਜ਼ਿੰਦ ਨਾ ਛੁਟਦੀ, ਮੁੱਕ ਜਾ ਪੂਣੀਏ ।”
ਅਸੀਂ ਜਦੋਂ ਜ਼ਿੰਦਗੀ ਦੀ ਸ਼ਾਮ ਵਿਚ ਹੁੰਦੇ ਹਾਂ ਅਜੇਹਾ ਗੀਤ ਬਹੁਤ ਚੰਗਾ ਲਗਦਾ ਹੈ, ਬੁਲਾਵਾ ਆਉਣ ਵਾਲਾ ਜੁੰਦਾ ਹੈ, ਕੰਮਾਂ ਦਾ ਢਰ ਪਿਆ ਹੁੰਦਾ ਹੈ ਅਤੇ ਸਮਾਂ ਹੱਥਾਂ ਵਿਚੋਂ ਖਿਸਕਦਾ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਆਪਣੀ ਪਿਛਲੀ ਉਮਰ ਵਿਚ ਜਿਥੇ ਆਪਣਾ ਕੰਮ ਕਾਜ ਸਮੇਟਨਾ ਚਾਹੀਦਾ ਹੈ, ਉਥੇ ਦੁਨਿਆਵੀ ਰਿਸ਼ਤਿਆਂ ਦੀ ਮੋਹ ਮਾਇਆ ਨੂੰ ਵੀ ਹੌਲੀ ਹੌਲੀ ਘੱਟ ਕਰ ਕੇ ਉਸ ਪਰਮਾਤਮਾ ਨਾਲ ਲਿਵ ਜੋੜਣੀ ਚਾਹੀਦ ਅਤੇ ਹਰ ਸਮੇਂ ਭਾਣੇ ਵਿਚ ਰਹਿਣਾ ਚਾਹੀਦਾ ਹੈ।ਆਪਣੀ ਜ਼ਿੰਦਗੀ ਨੂੰ ਮਾਨਵਤਾ ਦੀ ਸੇਵਾ ਲਈ ਜਾਂ ਦੇਸ਼ ਕੌਮ ਦੇ ਲੇਖੇ ਲਗਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਜ਼ਿੰਦਗੀ ਜ਼ਹਿਰ ਹੈ ਤਾਂ ਇਸ ਜ਼ਹਿਰ ਦਾ ਘੁੱਟ ਵੀ ਸਾਨੂੰ ਭਰਨਾ ਹੀ ਪੈਣਾ ਹੈ…sir thoda artical pad k bhut inspiration mili….