ਚੰਡੀਗੜ੍ਹ – ਕਾਂਗਰਸ ਦੀ ਚੋਣ ਮੁਹਿੰਮ ਨੂੰ ਅਜ ਉਸ ਸਮੇ ਭਾਰੀ ਬਲ ਮਿਲਿਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੇ ਅਤਿ ਨਜਦੀਕੀ ਸਾਥੀ ਤੇ ਉਹਨਾਂ ਅਤੇ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਮੁੱਖ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਪ੍ਰਦੇਸ਼ ਕਾਂਗਰਸ ਦੇ ਸਥਾਨਿਕ ਹੈਡ ਆਫ਼ਿਸ ਵਿਖੇ ਇੱਕ ਵਿਸ਼ੇਸ਼ ਪਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋ: ਸਰਚਾਂਦ ਸਿੰਘ ਦਾ ਕਾਂਗਰਸ ਵਿੱਚ ਸ਼ਾਮਿਲ ਹੋਣ ’ਤੇ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਮਜੀਠੀਆ ਪਰਿਵਾਰ ਦੇ ਨਜਦੀਕੀ ਬੇਦਾਗ ਸੂਝਵਾਨ ਤੇ ਮਿਹਨਤੀ ਨੌਜਵਾਨ ਆਗੂ ਦਾ ਅਕਾਲੀ ਦਲ ਛੱਡਣਾ ਅਤੇ ਕਾਂਗਰਸ ਦੀਆਂ ਪੰਜਾਬ ਬਚਾਓ ਯਾਤਰਾ ਨੂੰ ਲੋਕਾਂ ਵਲੋਂ ਆਸ ਤੋਂ ਵੱਧ ਮਿਲਿਆ ਹੁੰਗਾਰਾ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਅੱਜ ਆਮ ਲੋਕ ਹੀ ਨਹੀਂ ਸਗੋਂ ਅਕਾਲੀ ਆਗੂਆਂ ਤੇ ਵਰਕਰਾਂ ਵਿੱਚ ਵੀ ਕਾਂਗਰਸ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਲਈ ਕਾਂਗਰਸ ਨੂੰ ਸਤਾ ਦੀ ਜ਼ਿੰਮੇਵਾਰੀ ਮਿਲਣੀ ਤਹਿ ਹੈ ਜਿਸ ਨੂੰ ਕੋਈ ਨਹੀਂ ਰੋਕ ਸਕਦਾ। ਉਹਨਾਂ ਕਿਹਾ ਕਿ ਪ੍ਰੋ: ਸਰਚਾਂਦ ਸਿੰਘ ਦਾ ਕਾਂਗਰਸ ਵਿੱਚ ਸ਼ਾਮਿਲ ਹੋਣਾ ਕਾਂਗਰਸ ਲਈ ਸ਼ੁੱਭ ਸੰਕੇਤ ਹੈ ਕੇ ਇਹਨਾਂ ਨੂੰ ਪਾਰਟੀ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਹਨਾਂ ਕਿਹਾ ਕਿ ਕਈ ਉੱਘੇ ਅਕਾਲੀ ਆਗੂ ਕਾਂਗਰਸ ਵਿੱਚ ਸ਼ਾਮਿਲ ਹੋਣ ਦੀ ਤਿਆਰੀ ਨਾਲ ਉਹਨਾਂ ਦੇ ਸੰਪਰਕ ਵਿੱਚ ਹਨ।
ਇਸ ਮੌਕੇ ਪ੍ਰੋ: ਸਰਚਾਂਦ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ’ਤੇ ਪੂਰਾ ਭਰੋਸਾ ਹੈ ਤੇ ਪੰਜਾਬ ਦੀ ਵਿਗੜੀ ਹੋਈ ਵਿੱਤੀ ਸਿਹਤ ਨੂੰ ਬਚਾਉਣ ਅਤੇ ਪੰਜਾਬ ਦੀ ਨਵ ਉੱਸਾਰੀ ਲਈ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ ਜਿਸ ਕਰਕੇ ਉਹ ਕਾਂਗਰਸ ਵਿੱਚ ਬਿਨਾ ਸ਼ਰਤ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਕੈਪਟਨ ਹੀ ਇੱਕੋ ਇੱਕ ਅਜਿਹੇ ਸ਼ਖਸ ਹਨ ਜੋ ਪੰਜਾਬ ਦੇ ਹਿਤਾਂ ਲਈ ਮਜ਼ਬੂਤ ਇਰਾਦੇ ਨਾਲ ਠੋਸ ਫੈਸਲੇ ਲੈਣ ਦੀ ਤਾਕਤ ਤੇ ਇੱਛਾ ਸ਼ਕਤੀ ਰੱਖਦੇ ਹਨ, ਜਿਸ ਦਾ ਪ੍ਰਮਾਣਿਕ ਸਬੂਤ ਪਿਛਲੀ ਸਰਕਾਰ ਦੌਰਾਨ ਪਾਣੀਆਂ ਦੇ ਹੱਕ ਲਈ ਪਾਸ ਕੀਤਾ ਗਿਆ ਅਹਿਮ ਬਿਲ ਹੈ।
ਪ੍ਰੋ: ਸਰਚਾਂਦ ਸਿੰਘ ਨੇ ਅਕਾਲੀ ਦਲ ਵਲੋਂ ਉਹਨਾਂ ਨੂੰ ਮੁੱਢਲੀ ਮੈਬਰਸ਼ਿਪ ਤੋਂ ਬਰਖਾਸਤ ਕਰਨ ’ਤੇ ਪ੍ਰਤੀ ਕਰਮ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਇਕ ਪਾਸੇ ਉਹਨਾਂ ਨੂੰ ਸਾਬਕਾ ਅਹੁਦੇਦਾਰ ਕਹਿ ਰਿਹਾ ਹੈ ਦੂਜੇ ਪਾਸੇ ਅਹੁਦੇ ਦੀ ਦੁਰ ਵਰਤੋਂ ਕਰਨ ਦਾ ਹਾਸੋਹੀਣਾ ਦੋਸ਼ ਲਗਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਉਤੇ ਗਏ ਦੋਸ਼ਾਂ ਵਿਚੋਂ ਹਲਕਾ ਰਾਜਾਸਾਂਸੀ ਦੇ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਦਾ ਵਿਰੋਧ ਕਰਨ ਬਾਰੇ ਉਹਨਾਂ ਕਿਹਾ ਕਿ ਹਲਕੇ ਵਿਚ ਵਿਚਰਨਾ ਕੋਈ ਗੁਨਾਹ ਹੈ?, ਉਹਨਾਂ ’ਤੇ ਲਗਾਏ ਦੋਸ਼ ਆਪ ਇਹ ਸਿਧ ਕਰਨ ਲਈ ਕਾਫੀ ਹੈ ਕਿ ਅਕਾਲੀ ਦਲ ਵਿਚ ਲੋਕਤੰਤਰ ਲਈ ਕੋਈ ਥਾਂ ਨਹੀਂ। ਉਹਨਾਂ ਕਿਹਾ ਕਿ ਅਕਾਲੀ ਦਲ ਵਿੱਚੋਂ ਅੱਜ ਲੋਕਤੰਤਰ, ਪੰਥ ਅਤੇ ਪੰਜਾਬ ਹਿਤੈਸ਼ੀ ਰੂਹ ਉਡਾਰੀ ਮਾਰ ਚੁੱਕੀ ਹੈ ਤੇ ਹੁਣ ਇਸ ’ਤੇ ਸੌੜੀ ਰਾਜਨੀਤੀ ਕਰਨ ਵਾਲੇ ਮੌਕਾ ਪ੍ਰਸਤ ਤੇ ਸਵਾਰਥੀ ਲੋਕ ਕਬਜ਼ਾ ਹੋ ਚੁੱਕੇ ਹਨ। ਉਹਨਾਂ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ: ਸੁਖਬੀਰ ਸਿੰਘ ਬਾਦਲ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਅਜਿਹੇ ਕਈ ਰਾਜਸੀ ਮੌਕੇ ਆਏ ਜਿਸ ਦੀ ਵਰਤੋਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੇਂਦਰ ਤੋਂ ਆਰਥਿਕ ਪੈਕੇਜ ਹਾਸਲ ਕਰਨ ਲਈ ਕੀਤਾ ਜਾ ਸਕਦਾ ਸੀ ਪਰ ਬਾਦਲ ਪਰਿਵਾਰ ਨੇ ਅਜਿਹੇ ਮੌਕਿਆਂ ਦਾ ਰਾਜ ਲਈ ਫਾਇਦਾ ਉਠਾਉਣ ਦੀ ਜਗਾ ਆਪਣੇ ਨਿੱਜੀ ਹਿਤਾਂ ਖ਼ਾਤਰ ਪੰਜਾਬ ਨੂੰ ਭਾਜਪਾ ਅੱਗੇ ਗਹਿਣੇ ਪਾਉਂਦਿਆਂ ਉਹਨਾਂ ਦੀਆਂ ਗੈਰ ਜ਼ਰੂਰੀ ਨੀਤੀਆਂ ਦਾ ਪੱਖ ਪੂਰਿਆ । ਉਹਨਾਂ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਰਾਜ ਦੀ ਇੰਡਸਟਰੀ ਗੁਆਂਢੀ ਰਾਜਾਂ ਵਿੱਚ ਚਲੇ ਜਾਣ ਲਈ ਅੱਜ ਕੇਂਦਰ ਕੋਸਣ ਵਾਲਿਆਂ ਨੇ ਹੀ ਆਪਣੀ ਭਾਈਵਾਲੀ ਵਾਲੀ ਐਨ ਡੀ ਏ ਸਰਕਾਰ ਸਮੇਂ ਗੁਆਂਢੀ ਰਾਜਾਂ ਨੂੰ ਸਨਅਤੀ ਰਿਆਇਤਾਂ ਦੇਣ ਦੀ ਖੁੱਲ ਦਿੱਤੀ । ਮਹਿੰਗਾਈ ਲਈ ਕੇਂਦਰ ਨੂੰ ਕੋਸਣ ਵਾਲਿਆਂ ਦੇ ਰਾਜ ਵਿੱਚ ਪੈਟਰੋਲ ਸਭ ਤੋਂ ਮਹਿੰਗਾ ਵਿਕ ਰਿਹਾ ਹੈ।
ਉਹਨਾਂ ਬਾਦਲ ਪਰਿਵਾਰ ਅਤੇ ਮਜੀਠੀਆ ਦੀਆਂ ਨੀਤੀਆਂ ਨੂੰ ਗਲਤ ਦੱਸਦਿਆਂ ਕਿ ਰਾਜ ਦੀ ਗੰਭੀਰ ਵਿੱਤੀ ਸੰਕਟ, ਸ਼ਕਤੀਆਂ ਦਾ ਕੇਂਦਰੀਕਰਨ ਅਤੇ ਨੌਕਰਸ਼ਾਹੀ ਦੇ ਸਿਆਸੀਕਰਨ ਦੇ ਚਲਦਿਆਂ ਮੌਜੂਦਾ ਸਰਕਾਰ ਦੇ ਹੱਥਾਂ ਵਿੱਚ ਪੰਜਾਬ ਸੁਰਖਿਅਤ ਨਹੀਂ ਰਹਿ ਸਕਦਾ। ਅਮਨ ਕਾਨੂੰਨ ਦੀ ਸਮੱਸਿਆ ਨੂੰ ਗੰਭੀਰ ਦੱਸਦਿਆਂ ਉਹਨਾਂ ਕਿਹਾ ਕਿ ਅੱਜ ਸਰਕਾਰੀ ਮਹਿਕਮੇ ਅਤੇ ਥਾਣਿਆਂ ਨੂੰ ਮੌਖਿਕ ਰੂਪ ਵਿੱਚ ਅਕਾਲੀ ਜਥੇਦਾਰਾਂ ਹੱਥ ’ਚ ਸੌਂਪ ਦੇਣ ਨਾਲ ਰਾਜ ਦੇ ਲੋਕਾਂ ਨੂੰ ਕਾਨੂੰਨਨ ਨਿਆਂ ਮਿਲ ਪਾਉਣਾ ਇੱਕ ਸੁਪਨਾ ਬਣ ਚੁੱਕਿਆ ਹੈ। ਉਹਨਾਂ ਦੱਸਿਆ ਕਿ ਰਾਜ ਪੁਲਸ ਮੁਖੀ ਵੱਲੋਂ ਫਰਜ਼ਾਂ ਦੀ ਪੂਰਤੀ ਕਰਨ ਦੀ ਥਾਂ ਸਿਆਸੀ ਲਾਲਚ ਦੇ ਚਲਦਿਆਂ ਪੁਲਸ ਨੂੰ ਅਕਾਲੀ ਦਲ ਦਾ ਹੱਥ ਠੋਕਾ ਤੇ ਜੀ ਹਜ਼ੂਰੀ ਬਣਾ ਦੇਣ ਨਾਲ ਰਾਜ ਵਿੱਚ ਲੁੱਟਾਂ ਖੋਹਾਂ ਤੇ ਜ਼ੁਲਮ ਵਧ ਰਹੇ ਹਨ। ਅਜਿਹੀ ਸਥਿਤੀ ਵਿੱਚ ਆਉਂਦੇ ਕੁੱਝ ਦਿਨਾਂ ਦੌਰਾਨ ਯੂਥ ਅਕਾਲੀ ਦਲ ਦੇ ਸੈਂਕੜੇ ਆਗੂਆਂ ਨੂੰ ਸੁੱਖਿਆ ਦੇਣ ਦੇ ਨਾਮ ’ਤੇ ਉਹਨਾਂ ਨੂੰ ਹਜ਼ਾਰਾਂ ਹੀ ਗੈਰ ਜ਼ਰੂਰੀ ਗੰਨ ਮੈਨ ਦੇਣ ਦੀ ਤਿਆਰੀ ਨਾਲ ਰਾਜ ਵਿੱਚ ਅਮਨ ਕਾਨੂੰਨ ਦੀ ਸਮੱਸਿਆ ਹੋਰ ਗੰਭੀਰ ਬਣ ਜਾਵੇਗੀ। ਉਹਨਾਂ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਰਾਈਟ ਟੂ ਸਰਵਿਸ ਐਕਟ ਦੇ ਐਲਾਨ ਨੂੰ ਫੋਕੇ ਗਰਦਾਨਦਿਆਂ ਕਿਹਾ ਕਿ ਇਹਨਾਂ ਐਲਾਨਾਂ ਦੇ ਬਾਵਜੂਦ ਭ੍ਰਿਸ਼ਟਾਚਾਰ ਦਾ ਬੋਲਬਾਲਾ ਇਸ ਕਦਰ ਵਧ ਗਿਆ ਹੈ ਕਿ ਅੱਜ ਕਿਸੇ ਵੀ ਸਰਕਾਰੀ ਮਹਿਕਮਿਆਂ ਵਿੱਚ ਬਿਨਾ ਰਿਸ਼ਵਤ ਕੋਈ ਕੰਮ ਨਹੀਂ ਹੋ ਰਿਹਾ। ਇੱਥੋਂ ਤਕ ਕਿ ਪੰਜਾਬ ਦਾ ਸੈਕਟਰੀਏਟ ਵੀ ਇਸ ਤੋਂ ਅਛੂਤਾ ਨਹੀਂ ਰਿਹਾ।
ਉਹਨਾਂ ਕਿਹਾ ਕਿ ਬਾਦਲ ਅਤੇ ਮਜੀਠੀਆ ਕੋਲ ਪੰਜਾਬ ਦੀ ਲੁੱਟ ਕਰਨ ਤੋਂ ਇਲਾਵਾ ਰਾਜ ਦੇ ਹਿਤਾਂ ਲਈ ਕੋਈ ਠੋਸ ਯੋਜਨਾ ਨਹੀਂ। ਉਹਨਾਂ ਵਿਕਾਸ ਦੇ ਅੰਕੜਿਆਂ ਨੂੰ ਵੀ ਗੁਮਰਾਹਕੁਨ ਕਰਾਰ ਦਿੱਤਾ। ਉਹਨਾਂ ਕਿਹਾ ਕਿ ਬਾਦਲ ਸਰਕਾਰ ’ਤੇ ਪੰਜਾਬ ਦਾ ਇਕਸਾਰ ਵਿਕਾਸ ਨਾ ਕਰਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਇਕ ਦੋ ਹਲਕਿਆਂ ਵਿੱਚ ਤਾਂ ਵਿਕਾਸ ਦੇ ਨਾਮ ’ਤੇ 250 – 300 ਕਰੋੜ ਤਕ ਖਰਚ ਕੀਤਾ ਗਿਆ ਪਰ ਪੰਜਾਬ ਦੇ ਹੋਰਨਾਂ ਹਲਕਿਆਂ ਦੇ ਵਿਕਾਸ ਲਈ 26 ਕਰੋੜ ਵੀ ਨਹੀਂ ਹੈ। ਉਹਨਾਂ ਕਿਹਾ ਕਿ ਭਾਜਪਾ ਅੰਮ੍ਰਿਤਸਰ ਦੇ ਵਿਕਾਸ ਪ੍ਰਤੀ ਕਦੀ ਗੰਭੀਰ ਨਹੀਂ ਇਸ ਬਦ ਨੀਤੀ ’ਤੇ ਚਲਦਿਆਂ ਅੱਜ ਤਕ ਸੌਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਰਾਹੀ ਕੂੜਾ ਚੁਕਣ ਦਾ ਕੰਮ ਨਹੀਂ ਵੀ ਸਿਰੇ ਨਹੀਂ ਲਗਾਇਆ ਜਾ ਸਕਿਆ ।
ਪ੍ਰੋ: ਸਰਚਾਂਦ ਸਿੰਘ ਜੋ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ( ਮਹਿਤਾ ) ਦੇ ਸਾਬਕਾ ਕੌਮੀ ਕਾਰਜਕਾਰੀ ਪ੍ਰਧਾਨ ਹਨ ਨੇ ਕਿਹਾ ਕਿ ਕਿਸੇ ਸਮੇਂ ਅਕਾਲੀ ਦਲ ਆਪ ਸੰਘਰਸ਼ਸ਼ੀਲ ਅਤੇ ਸੰਘਰਸ਼ਸ਼ੀਲ ਧਿਰਾਂ ਦਾ ਸਾਥੀ ਹੋਇਆ ਕਰਦਾ ਸੀ ਪਰ ਅੱਜ ਹੱਕ ਮੰਗ ਦੇ ਲੋਕਾਂ ਬੇਰੁਜ਼ਗਾਰਾਂ, ਮੁਲਾਜ਼ਮਾਂ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਸ਼ਕਤੀ ਦੇ ਜ਼ੋਰ ਨਾਲ ਦਬਾਅ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਇੱਕ ਮਹਿਲਾ ਅਧਿਆਪਕ ਨੂੰ ਥੱਪੜ ਮਾਰਨ ਦੇ ਮੁੱਦੇ ਨੂੰ ਉਹਨਾਂ ਇਹ ਕਹਿੰਦਿਆਂ ਟਾਲ ਦਿੱਤਾ ਕਿ ਸ: ਬਾਦਲ ਨੇ ਫਖਰ ਏ ਕੌਮ ਦਾ ਅਵਾਰਡ ਹਾਸਲ ਕਰ ਲਿਆ ਹੋਇਆ ਹੈ।
ਪੰਥਕ ਮੁੱਦਿਆਂ ਸੰਬੰਧੀ ਗਲ ਕਰਦਿਆਂ ਉਹਨਾਂ ਦੋਸ਼ ਲਾਇਆ ਕਿ ਪੰਥਕ ਸੰਸਥਾਵਾਂ ਦਾ ਜਿੰਨਾ ਨੁਕਸਾਨ ਸ: ਬਾਦਲ ਨੇ ਕੀਤਾ ਉਸ ਦੀ ਪੂਰਤੀ ਸਹਿਜ ਨਾਲ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਸ: ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ ਮਰਯਾਦਾ ਨੂੰ ਵੀ ਆਪਣੇ ਸੌੜੇ ਰਾਜਸੀ ਹਿਤਾਂ ਲਈ ਵਰਤਣ ਤੋਂ ਗੁਰੇਜ਼ ਨਹੀਂ ਕੀਤਾ। ਸ: ਬਾਦਲ ਵਲੋਂ ‘‘ ਫਖਰ ਏ ਕੌਮ ਦਾ ਅਵਾਰਡ’’ ਹਾਸਲ ਕਰਨਾ ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਚੋਣ ਸਟੰਟ ਕਰਾਰ ਦਿੱਤਾ । ਉਹਨਾਂ ਕਿਹਾ ਕਿ ਯਾਦਗਾਰਾਂ ਸਥਾਪਿਤ ਕਰਨੀਆਂ ਸਰਕਾਰਾਂ ਦੇ ਫਰਜ਼ ਅਤੇ ਕੰਮ ਹਨ, ਸ: ਬਾਦਲ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਨਾਲ ਉਹਨਾਂ ਨੂੰ ਅਜਿਹਾ ਕੌਮੀ ਤੇ ਪੰਥਕ ਸਨਮਾਨ ਦਿੱਤਾ ਜਾ ਸਕੇ। ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਕਾਬਲੀਅਤ ’ਤੇ ਉਗਲ ਉਠਾਉਂਦਿਆਂ ਉਹਨਾਂ ਕਿਹਾ ਕਿ ਹਰ ਮਸਲੇ ’ਤੇ ਯੂ ਟਰਨ ਲੈਣ ਵਾਲੇ ਸੁਖਬੀਰ ਤੋਂ ਕੋਈ ਕੀ ਆਸ ਰਖ ਸਕਦਾ ਹੈ? ਉਹਨਾਂ ਕਿਹਾ ਕਿ ਰਾਜਧਾਨੀ ਨੂੰ ਪੰਜਾਬ ਨਾਲ ਜੋੜਨ ਲਈ ਮੁਹਾਲੀ – ਫਗਵਾੜਾ ਐਸਪ੍ਰੈਸਵੇਅ ਦਾ ਸੁਖਨਾ ਫਲਾਪ ਹੋਣਾ ਅਤੇ ਆਪ ਦਾ ਖੁਦ ਦੋ ਵਾਰ ਉਪ ਮੁੱਖ ਮੰਤਰੀ ਵਜੋਂ ਸੌਹ ਚੁੱਕਣ ਲਈ ਮਜਬੂਰ ਹੋਣਾ ਉਹਨਾਂ ’ਚ ਯੋਜਨਾ ਬੰਦੀ ਦੀ ਘਾਟ ਨੂੰ ਦਰਸਾ ਰਿਹਾ ਹੈ। ਉਹਨਾਂ ਕਿਹਾ ਕਿ ਵਿੱਤੀ ਸੰਕਟ ’ਚ ਫਸੀ ਸਰਕਾਰ ਵੱਲੋਂ ਕੀਤੇ ਜਾ ਰਹੇ ਰਿਆਇਤਾਂ ਦੇ ਫੋਕੇ ਐਲਾਨਾਂ ਨੇ ਮੁਲਾਜ਼ਮ ਵਰਗ ਨੂੰ ਨਿਰਾਸ਼ ਕੀਤਾ ਹੈ।
ਸਿਆਸੀ ਮਾਹਿਰਾਂ ਅਨੁਸਾਰ ਮਜੀਠੀਆ ਦੇ ਅਤਿ ਨਜਦੀਕੀ ਸਾਥੀ ਦਾ ਚੋਣਾਂ ਨੇੜੇ ਸੱਤਾਧਾਰੀ ਅਕਾਲੀ ਦਲ ਨੂੰ ਛੱਡਣਾ ਅਹਿਮ ਘਟਨਾ ਅਤੇ ਅਕਾਲੀ ਦਲ ਅਤੇ ਸਰਕਾਰ ਪ੍ਰਤੀ ਨੌਜਵਾਨ ਵਰਗ ਵਿੱਚ ਪਸਰੀ ਹੋਈ ਰੋਹ ਦਾ ਪ੍ਰਤੀ ਮੰਨਿਆ ਜਾ ਰਿਹਾ ਹੈ। ਸਿਆਸੀ ਸੂਤਰਾਂ ਦੇ ਅਨੁਸਾਰ ਬੇਦਾਗ ਤੇ ਸਖ਼ਤ ਮਿਹਨਤ ਰਾਹੀਂ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅਹਿਮ ਯੋਗਦਾਨ ਪਾਉਣ ਵਾਲਾ ਇਹ ਆਗੂ ਆਪਣੇ ਵਿਦਿਆਰਥੀ ਜੀਵਨ ਕਾਲ ਤੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਾਮਿਲ ਹੋਕੇ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈ ਦੇ ਹੋਏ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ , ਕੌਮੀ ਮੀਤ ਪ੍ਰਧਾਨ , ਸਕੱਤਰ ਜਨਰਲ ਅਤੇ ਕੌਮੀ ਕਾਰਜਕਾਰੀ ਪ੍ਰਧਾਨ ਵਰਗੇ ਵਕਾਰੀ ਤੇ ਅਹਿਮ ਅਹੁਦਿਆਂ ’ਤੇ ਸੇਵਾ ਨਿਭਾ ਚੁੱਕੇ ਹਨ। ਸ: ਬਿਕਰਮ ਸਿੰਘ ਮਜੀਠੀਆ ਦੇ ਬਤੌਰ ਸਿਆਸੀ ਅਤੇ ਮੀਡੀਆ ਸਲਾਹਕਾਰ ਕੰਮ ਕਰਦੇ ਆ ਰਹੇ ਪ੍ਰੋ: ਸਰਚਾਂਦ ਸਿੰਘ ਦੀ ਕਾਬਲੀਅਤ ਨੂੰ ਵੇਖਦਿਆਂ ਉਹਨਾਂ ਨੂੰ ਹਾਲ ਹੀ ਵਿੱਚ ਯੂਥ ਅਕਾਲੀ ਦਲ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ । ਫੈਡਰੇਸ਼ਨ ਪਿਛੋਕੜ ਵਾਲੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਇਸ ਆਗੂ ਨੇ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਮਜੀਠਾ ਜੋ ਕਿ ਕਾਂਗਰਸ ਦਾ ਮਜ਼ਬੂਤ ਗੜ੍ਹ ਸਮਝਿਆ ਜਾਂਦਾ ਸੀ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਸ: ਬਿਕਰਮ ਸਿੰਘ ਮਜੀਠੀਆ ਦੀ ਮਜ਼ਬੂਤ ਪਛਾਣ ਸਥਾਪਿਤ ਕਰਨ ਲਈ ਪਰਦੇ ਪਿੱਛੇ ਰਹਿ ਕੇ ਨਾ ਕੇਵਲ ਬਤੌਰ ਮੀਡੀਆ ਐਡਵਾਈਜ਼ਰ ਕੰਮ ਕੀਤਾ ਸਗੋਂ ਪੰਜਾਬ ਦੀ ਰਾਜਨੀਤੀ ਵਿੱਚ ਉਹਨਾਂ ਦੀ ਪਛਾਣ ਇੱਕ ਕਦਾਵਰ ਨੇਤਾ ਵਜੋਂ ਕਰਵਾਉਣ ਵਿੱਚ ਵੀ ਸਫਲ ਰਹੇ। ਮੀਡੀਆ ਜਗਤ ਵਿੱਚ ਆਪਣੀ ਚੰਗੀ ਪਕੜ ਅਤੇ ਸਿੱਖ ਧਰਮ, ਸਿੱਖ ਇਤਿਹਾਸ, ਸਭਿਆਚਾਰ ਅਤੇ ਆਰਥਿਕਤਾ ਅਤੇ ਕੌਮੀ ਸਿਆਸਤ ਦੇ ਮੁੱਦਿਆਂ ’ਤੇ ਸਿਆਸੀ ਸੂਝਬੂਝ ਅਤੇ ਚੰਗੀ ਜਾਣਕਾਰੀ ਰੱਖਣ ਤੋਂ ਇਲਾਵਾ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਣ ਕਾਰਨ ਉਹ ਮਜੀਠੀਆ ਲਈ ਹਰ ਵਕਤ ਸਹਾਇਕ ਰਹੇ । ਅੱਜ ਤਕ ਬਿਕਰਮ ਸਿੰਘ ਮਜੀਠੀਆ ਦੇ ਮੁਢਲੇ ਭਾਸ਼ਣਾਂ ਤੋਂ ਲੈ ਕੇ ਯੂਥ ਅਕਾਲੀ ਦਲ ਦੀਆਂ ਨੀਤੀਆਂ ਅਤੇ ਉਹਨਾਂ ਦੀਆਂ ਸਰਗਰਮੀਆਂ ਨੂੰ ਉਤਸ਼ਾਹ ਤੇ ਪ੍ਰਭਾਵਿਤ ਕਰਨ ਵਿੱਚ ਇਸ ਆਗੂ ਦੀ ਅਹਿਮ ਭੂਮਿਕਾ ਰਹੀ ਹੈ।