ਅੰਮ੍ਰਿਤਸਰ:- ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲੀ ਭਾਰਤੀ ਫ਼ੋਜ ਦੇ ਮੁੱਖੀ ਜਨਰਲ ਏ.ਕੇ. ਵੇਦਿਆ ਨੂੰ ਮਾਰ ਕੇ ਫ਼ਾਂਸੀ ਦੀ ਸਜ਼ਾ ਪ੍ਰਾਪਤ ਕਰਨ ਵਾਲੇ ਕੌਮੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸਤਿਕਾਰਯੋਗ ਮਾਤਾ ਸਵਰਗੀ ਬੀਬੀ ਗੁਰਨਾਮ ਕੌਰ ਜੋ ਪਿਛਲੇ ਦਿਨੀਂ ਸੰਖੇਪ ਬਿਮਾਰੀ ਪਿਛੋਂ ਅਚਾਨਕ ਗੁਰੂ ਚਰਨਾ ’ਚ ਜਾ ਬਿਰਾਜੇ ਸਨ ਦੇ ਪਰੀਵਾਰ ਨਾਲ ਉਨ੍ਹਾਂ ਦੇ ਜੱਦੀ ਪਿੰਡ ਗਦਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਅਫ਼ਸੋਸ ਕਰਨ ਗਏ।
ਪਰੀਵਾਰਕ ਮੈਂਬਰਾਂ ’ਚ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਵੱਡੇ ਭਰਾਤਾ ਭਾਈ ਨਿਰਭੈਲ ਸਿੰਘ ਤੇ ਭਾਈ ਭੁਪਿੰਦਰ ਸਿੰਘ ਨੇ ਜਥੇ. ਅਵਤਾਰ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਜੇਲ੍ਹ ਦੇ ਸਮੇਂ ਤੇ ਚਲਦੇ ਕੇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਉਥੇ ਸਵਰਗੀ ਮਾਤਾ ਜੀ ਦੇ ਅਡੋਲ ਹੋਂਸਲੇ ਬਾਰੇ ਵੀ ਦੱਸਿਆ ਇਸ ਤੇ ਜਥੇ. ਅਵਤਾਰ ਸਿੰਘ ਨੇ ਮਾਤਾ ਜੀ ਦੀ ਅਡੋਲਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਆਪਣੇ ਬੱਚੇ ਨੂੰ ਸਿੱਖੀ ਦੀ ਗੁੜ੍ਹਤੀ ਦੇਣਾ ਤੇ ਭਾਈ ਜਿੰਦੇ ਵਰਗਾ ਲਾਲ ਸਿੱਖ ਕੌਮ ਨੂੰ ਦੇਣਾ ਹਰੇਕ ਮਾਂ ਦੇ ਵਸ ਨਹੀਂ ਕੇਵਲ ਉਹ ਮਾਂ ਹੀ ਕਰ ਸਕਦੀ ਹੈ ਜਿਸ ਤੇ ਸਤਿਗੁਰੂ ਦੀ ਮੇਹਰ ਹੋਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਸ਼ਹੀਦ ਪਰੀਵਰਾਂ ਦੇ ਨਾਲ ਹੈ ਤੇ ਇਨ੍ਹਾਂ ਪਰੀਵਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਅਮਰਜੀਤ ਸਿੰਘ ਬੰਡਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀ. ਸਕੱਤਰ ਸ. ਮਨਜੀਤ ਸਿੰਘ, ਮੀਤ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਨਿਰਮਲ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸ. ਗੁਰਵਿੰਦਰ ਸਿੰਘ ਦੇਵੀਦਾਸਪੁਰਾ, ਸ. ਬਲਵਿੰਦਰ ਸਿੰਘ ਮੰਡ, ਸਰਪੰਚ ਬੀਬੀ ਸੁਰਿੰਦਰਪਾਲ ਕੌਰ ਦੇ ਪਤੀ ਸ. ਸ਼ਿਵਦੇਵ ਸਿੰਘ, ਸੀਨੀਅਰ ਅਕਾਲੀ ਆਗੂ ਸ. ਨਿਸ਼ਾਨ ਸਿੰਘ ਆੜਤੀ ਵੀ ਮੌਜੂਦ ਸਨ।