ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਾਰੇ ਦਲਾਂ ਦੀ ਸਾਂਝੀ ਬੈਠਕ ਦੌਰਾਨ ਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਲਈ ਸਦਨ ਤੋਂ ਸਹਿਯੋਗ ਮੰਗਿਆ। ਉਨ੍ਹਾਂ ਨੇ ਪਾਰਟੀ ਰਾਜਨੀਤੀ ਤੋਂ ਉਪਰ ਉਠ ਕੇ ਇੱਕ ਪ੍ਰਭਾਵੀ ਲੋਕਪਾਲ ਬਿੱਲ ਪਾਸ ਕਰਨ ਦੀ ਪੈਰਵੀ ਕੀਤੀ ਅਤੇ ਕਿਹਾ ਕਿ ਸੰਸਦ ਵਿੱਚ ਇਹ ਕਾਨੂੰਨ ਆਮ ਸਹਿਮਤੀ ਨਾਲ ਪੇਸ਼ ਹੋਣਾ ਚਾਹੀਦਾ ਹੈ।
ਸੰਸਦੀ ਕਮੇਟੀ ਦੀ ਰਿਪੋਰਟ ਨੂੰ ਟੀਮ ਅੰਨਾ ਵੱਲੋਂ ਖਾਰਿਜ਼ ਕੀਤੇ ਜਾਣ ਤੇ ਉਨ੍ਹਾਂ ਨੇ ਬਿਨਾਂ ਕੋਈ ਟਿਪਣੀ ਕੀਤੇ ਸੰਸਦ ਦੀ ਸਰੱਵਉਚਤਾ ਦੀ ਯਾਦ ਦਿਵਾਈ। ਪ੍ਰਧਾਨਮੰਤਰੀ ਨੇ ਸਾਰੇ ਦਲਾਂ ਨੂੰ ਸੰਬਧਿਤ ਕਰਦੇ ਹੋਏ ਕਿਹਾ ਕਿ ਸੰਸਦੀ ਕਮੇਟੀ ਦੀ ਰਿਪੋਰਟ ਸੰਸਦ ਦੀ ਆਤਮਾ ਦੇ ਕਿੰਨੀ ਅਨੁਰੂਪ ਹੈ। ਇਹ ਇੱਥੇ ਬੈਠੇ ਲੋਕਾਂ ਨੇ ਤੈਅ ਕਰਨਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਕੈਂਸਰ ਨੂੰ ਖ਼ਤਮ ਕਰਨ ਲਈ ਸਰਕਾਰ ਇੱਕ ਅਜਿਹਾ ਪ੍ਰਭਾਵੀ ਲੋਕਪਾਲ ਜਲਦੀ ਲਿਆਉਣ ਲਈ ਵੱਚਨਬੱਧ ਹੈ, ਜਿਸ ਦਾ ਲੋਕਪ੍ਰਸ਼ਾਸਨ ਤੇ ਉਲਟਾ ਅਸਰ ਨਾਂ ਪਵੇ।
ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਉਹ ਵਿਅਕਤੀਗਤ ਤੌਰ ਤੇ ਇਹ ਚਾਹੁੰਦੇ ਹਨ ਕਿ ਭ੍ਰਿਸ਼ਟਾਚਾਰ ਦੇ ਕੈਂਸਰ ਨਾਲ ਨਜਿਠਣ ਲਈ ਆਮ ਸਹਿਮਤੀ ਨਾਲ ਕਾਨੂੰਨ ਬਣੇ। ਪ੍ਰਧਾਨਮੰਤਰੀ ਨੇ ਇਸ ਮਸਲੇ ਨੂੰ ਪਾਰਟੀ ਰਾਜਨੀਤੀ ਤੋਂ ਵੱਖ ਰੱਖਣ ਦੀ ਸਲਾਹ ਦਿੱਤੀ ਅਤੇ ਦੇਸ਼ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਲੋਕਪਾਲ ਕਾਨੂੰਨ ਮਸੌਦੇ ਤੇ ਸੰਸਦ ਦੀ ਸਥਾਈ ਕਮੇਟੀ ਸਲਾਹ ਮਸ਼ਵਰਾ ਪੂਰਾ ਕਰ ਚੁੱਕੀ ਹੈ। ਇਸ ਲਈ ਉਨ੍ਹਾਂ ਨੇ ਕਮੇਟੀ ਚੇਅਰਮੈਨ ਸਿੰਘਵੀ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।