ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ) ਲੁਧਿਆਣਾ- ਚੰਡੀਗੜ੍ਹ ਸੜਕ ‘ਤੇ ਵਸੇ ਸ਼ਹਿਰ ਸਮਰਾਲਾ ਦੀ ਅਨਾਜ ਮੰਡੀ ਵਿਖੇ ਅੱਜ 161 ਗਰੀਬ ਲਕੜੀਆਂ ਦੇ ਸਮੂਹਿਕ ਵਿਆਹ ਸਮਾਗਮ ਵਿਚ ਲਗਭਗ ਦਸ ਹਜਾਰ ਲੋਕਾਂ ਦਾ ਇਕੱਠ ਜੁੜਿਆ। ਇਲਾਕੇ ਦੇ ਨੌਜਵਾਨ ਰਣਜੀਤ ਸਿੰਘ ਜੀਤਾ ਗਹਿਲੇਵਾਲ ਵਲੋਂ ਆਯੋਜਿਤ ਇਸ ਸਮੂਹਿਕ ਵਿਆਹ ਸਮਾਗਮ ਵਿਚ ਸਿੱਖ, ਹਿੰਦੂ ਅਤੇ ਮੁਸਲਮਾਨ ਪਰਿਵਾਰਾਂ ਦੀਆਂ ਗਰੀਬ ਧੀਆਂ ਦੇ ਵਿਆਹ ਉਨ੍ਹਾਂ ਦੀ ਧਾਰਮਿਕ ਮਰਿਆਦਾ ਅਨੁਸਾਰ ਕਰਵਾਏ ਗਏ। ਸੰਤ ਬਾਬਾ ਬੁੱਧ ਸਿੰਘ ਜੀ ਟੂਸੇਵਾਲੇ ਅਤੇ ਸੰਤ ਬਾਬਾ ਸੁਖਦੇਵ ਸਿੰਘ ਕੰਧੋਲੇ ਵਾਲਿਆਂ ਦੀ ਦੇਖ-ਰੇਖ ਅਤੇ ਦਰਵੇਸ਼ ਸਾਈਂ ਗੁਲਾਮ ਜੁਗਨੀ ਦੇ ਅਸ਼ੀਰਵਾਦ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਲੋੜਵੰਦ ਪਰਿਵਾਰਾਂ ਦੀਆਂਲੜਕੀਆਂ ਨੂੰ ਪ੍ਰਤੀ ਲੜਕੀ ਲਗਭਗ 70 ਹਜ਼ਾਰ ਦਾ ਘਰੇਲੂ ਵਰਤੋਂ ਦਾ ਸਮਾਨ ਵੀ ਦਿੱਤਾ ਗਿਆ।
ਅੱਜ ਸਵੇਰੇ ਹੀ ਇਲਾਕਾ ਸਮਰਾਲਾ ਅਤੇ ਪੂਰੇ ਪੰਜਾਬ ਭਰ ਤੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਅਤੇ ਉਨ੍ਹਾਂ ਨਾਲ ਰਿਸ਼ਤਾ ਜੋੜਨ ਵਾਲੇ ਲੜਕੇ ਦੇ ਪਰਿਵਾਰ ਵਾਲੇ ਆਪਣੇ ਰਿਸ਼ਤੇਦਾਰਾਂ ਸਮੇਤ ਪੁੱਜਣੇ ਸ਼ੁਰੂ ਹੋ ਗਏ ਸਨ ਜਿਨ੍ਹਾਂ ਦੇ ਸਵਾਗਤ ਲਈ ਦਾਣਾ ਮੰਡੀ ਦੇ ਵਿਸ਼ਾਲ ਪੰਡਾਲ ਵਿਖੇ ਖਾਣ-ਪੀਣ ਦਾ ਵੀ ਵੱਡਾ ਪ੍ਰਬੰਧ ਕੀਤਾ ਹੋਇਆ ਸੀ। ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸਾਰੇ ਜੋੜਿਆਂ ਨੂੰ ਬਿਠਾ ਕੇ ਸੰਤ ਬਾਬਾ ਬੁੱਧ ਸਿੰਘ ਜੀ ਟੂਸੇ ਵਾਲਿਆਂ ਨੇ ਸੰਦੇਸ਼ ਦਿੰਦਿਆਂ ਕਿਹਾ ਕਿ ਰਣਜੀਤ ਸਿੰਘ ਜੀਤਾ ਵਰਗੇ ਨੌਜਵਾਨ ਨੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਸਮੂਹਿਕ ਵਿਆਹ ਦਾ ਜੋ ਉਪਰਾਲਾ ਕੀਤਾ ਹੈ ਇਸ ਨਾਲ ਭਰੂਣ ਹੱਤਿਆ ਤੇ ਦਾਜ ਜਿਹੀ ਲਾਹਣਤ ਦਾ ਖਾਤਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆਂ ਕਿ ਇਕ ਲੜਕੀ ਦੇ ਕੁੱਖ ਵਿਚ ਕਤਲ ਹੋਣ ਨਾਲ ਹੀ ਉਸਦੀ ਪੂਰੀ ਜਿੰਦਗੀ ਵਿਚ ਉਸ ਨਾਲ ਜੁੜਨ ਵਾਲੇ ਲਗਭਗ ਦੋ ਦਰਜਨ ਰਿਸ਼ਤੇ ਵੀ ਖਤਮ ਹੋ ਜਾਂਦੇ ਹਨ। ਸੰਤ ਸੁਖਦੇਵ ਸਿੰਘ ਕੰਧੋਲਾ ਨੇ ਕਿਹਾ ਕਿ ਖੇਡਾਂ ਤੇ ਸੱਭਿਆਚਾਰਕ ਅਤੇ ਅੱਖਾਂ ਦੇ ਕੈਂਪ ਜਿਹੇ ਖੇਤਰ ਵਿਚ ਯੋਗਦਾਨ ਤੋਂ ਬਾਅਦ ਪ੍ਰਮਾਤਮਾ ਨੇ ਹੁਣ ਨੌਜਵਾਨ ਰਣਜੀਤਾ ਸਿੰਘ ਜੀਤਾ ਤੋਂ ਗਰੀਬ ਲੜਕੀਆਂ ਦੇ ਵਿਆਹਾਂ ਦੇ ਰੂਪ ਵਿਚ ਵੱਡੀ ਸੇਵਾ ਲਈ ਹੈ।
ਇਹ ਵਿਆਹ ਸਮਾਗਮ ਵਿਚ ਜੁੜੇ ਵਿਸ਼ਾਲ ਇਕੱਠ ਅੱਗੇ ਅਨਾਜ ਮੰਡੀ ਦਾ 25 ਏਕੜ ਦਾ ਫੜ੍ਹ ਵੀ ਛੋਟਾ ਪੈ ਗਿਆ ਸੀ। ਇਸ ਸਮਾਗਮ ਦੀ ਹੋਰ ਵਿਸ਼ੇਸ਼ਤਾ ਇਹ ਸੀ ਪ੍ਰਬੰਧਕਾਂ ਨੇ ਐਲਾਨੀਆ ਕਿਹਾ ਇਸ ਸਮਾਗਮ ਲਈ ਕਿਸੇ ਤੋਂ ਵੀ ਪੈਸਾ ਇਕੱਠਾ ਨਹੀੰ ਕੀਤਾ ਗਿਆ ਨਾ ਹੀ ਦਾਜ ਵਜੋਂ ਦੇਣ ਵਾਲੇ ਲਗਭਗ ਡੇਢ ਕਰੋੜ ਦੇ ਸਮਾਨ ਨੂੰ ਕੋਈ ਨਿੱਜੀ ਜਾਂ ਸੰਸਥਾਗਤ ਪ੍ਰਸਿੱਧੀ ਦਾ ਲੇਵਲ ਲਗਾ ਕੇ ਲਾਹਾ ਲੈਣ ਦਾ ਕੋਈ ਯਤਨ ਕੀਤਾ ਗਿਆ ਹੋਰ ਤਾਂ ਹੋਰ ਐਡੇ ਲੋਕ ਸੇਵਾ ਸਮਾਗਮ ਰਚਣ ਵਾਲੇ ਨੌਜਵਾਨ ਜੀਤਾ ਗਹਿਲੇਵਾਲ ਨੇ ਵੀ ਕਿਸੇ ਕਿਸਮ ਦਾ ਭਾਸ਼ਨ ਨਾ ਦਿੰਦਿਆਂ ਸਿਰਫ ਫਤਹਿ ਬੁਲਾ ਕੇ ਤੇ ਆਏ ਲੋਕਾਂ ਦਾ ਧੰਨਵਾਦ ਕਰਕੇ ਦੋ ਹਰਫਾਂ ਵਿਚ ਹੀ ਗੱਲ ਮੁਕਾ ਦਿੱਤੀ। ਬਾਅਦ ਵਿਚ ਸਾਰਿਆਂ ਨੇ ਸੂਫੀ ਦਰਵੇਸ਼ ਸਾਈਂ ਗੁਲਾਮ ਜੁਗਨੀ ਦੀ ਲੋਕ ਸਚਾਈ ਭਰਭੂਰ ਗਾਇਕੀ ਦਾ ਅਨੰਦ ਮਾਣਿਾ। ਇਲਾਕੇ ਵਿਚ ਇਸ ਸਮਾਗਮ ਦੀ ਖੂਬ ਚਰਚਾ ਹੈ।