ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਭਾਰਤ ਦੇ ਚੋਣ ਕਮਿਸ਼ਨ ਵਲੋਂ ਪੰਜਾਬ ਵਿੱਚ ਕਰਵਾਈਆਂ ਜਾ ਰਹੀਆਂ ਅਗਾਮੀ ਵਿਧਾਨ ਸਭਾ ਚੋਣਾਂ-2012 ਦੌਰਾਨ ਹੋਣ ਵਾਲੇ ਖਰਚੇ ਸਬੰਧੀ ਜਾਣਕਾਰੀ ਦੇਣ ਲਈ ਇੱਕ ਮੀਟਿੰਗ ਸ੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ । ਇਸ ਮੀਟਿੰਗ ਵਿੱਚ ਸ੍ਰੀ ਅਮਿਤ ਢਾਕਾ ਏ.ਡੀ.ਸੀ ਜਨਰਲ, ਸ੍ਰੀ ਦਲਵਿੰਦਰਜੀਤ ਸਿੰਘ ਐਸ.ਡੀ.ਐਮ, ਡਾ. ਕਮਲ ਕੁਮਾਰ ਗਰਗ ਸਹਾਇਕ ਕਮਿਸ਼ਨਰ ਜਨਰਲ, ਸ੍ਰੀ ਘਣਸ਼ਿਆਮ ਥੋਰੀ ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਆਈ.ਏ.ਐਸ. ਸ੍ਰੀ ਹੁਕਮ ਸਿੰਘ ਸੋਢੀ ਤਹਿਸੀਲਦਾਰ ਚੋਣਾਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਨੇ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਅਗਾਮੀ ਵਿਧਾਨ ਸਭਾ ਚੋਣਾਂ ਦੇ ਦਿਸ਼ਾਂ ਨਿਰਦੇਸ਼ਾਂ ਸਬੰਧੀ ਦੱਸਿਆਂ ਕਿ ਜਿਸ ਦਿਨ ਚੋਣਾਂ ਸਬੰਧੀ ਐਲਾਨ ਕਰ ਦਿੱਤਾ ਗਿਆ, ਉਸ ਦਿਨ ਤੋਂ ਹੀ ਚੋਣ ਜਾਬਤਾਂ ਲਾਗੂ ਸਮਝਿਆ ਜਾਵੇਗਾ । ਚੋਣਾਂ ਦੌਰਾਨ ਹੋਣ ਵਾਲੇ ਖਰਚੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸ੍ਰੀ ਥਿੰਦ ਨੇ ਦੱਸਿਆਂ ਕਿ ਜਿਸ ਦਿਨ ਤੋਂ ਕੋਈ ਉਮੀਦਵਾਰ ਆਪਣਾ ਨਾਮਜ਼ਦਗੀ ਦਸਤਾਵੇਜ ਦਾਖਲ ਕਰੇਗਾ, ਉਸ ਦਿਨਾਂ ਤੋਂ ਹੀ ਚੋਣਾਂ ਦੌਰਾਨ ਹੋਣ ਵਾਲੇ ਖਰਚੇ ਦਾ ਪੂਰਾ ਹਿਸਾਬ ਕਿਤਾਬ ‘‘ ਸੈਡੋ ਓਬਜ਼ਰਵੇਸ਼ਨ ਰਜਿਸਟਰ ’’ ਵਿੱਚ ਰੱਖਿਆਂ ਜਾਵੇਗਾ ਅਤੇ ਸਬੰਧਿਤ ਉਮੀਦਵਾਰ ਵਲੋਂ ਚੋਣਾਂ ਦੌਰਾਨ ਕੀਤਾ ਜਾਣ ਵਾਲਾ ਚੋਣ ਖਰਚਾ ਸ਼ੈਡੋ ਓਬਜ਼ਰਵੇਸ਼ਨ ਰਜਿਸਟਰ ਮੁਤਾਬਕ ਹੋਣਾ ਚਾਹੀਦਾ ਹੈ ਅਤੇ ਇਹ ਰਜਿਸਟਰਡ ਐਕਸਪੈਂਡੀਚਰ ਓਬਜ਼ਰਵਰ ਪਾਸ ਉਪਲਬੱਧ ਹੋਵੇਗਾ। ਸ੍ਰੀ ਥਿੰਦ ਨੇ ਇਹ ਵੀ ਦੱਸਿਆਂ ਕਿ ਚੋਣਾਂ ਲੜ ਰਿਹਾ ਉਮੀਦਵਾਰ 16 ਲੱਖ ਤੋਂ ਵੱਧ ਚੋਣ ਖਰਚਾ ਨਹੀਂ ਕਰੇਗਾ, ਇਸ ਤੋਂ ਇਲਾਵਾ ਸਬੰਧਿਤ ਉਮੀਦਵਾਰ ਨੂੰ ਕਿਸੇ ਵੀ ਬੈਂਕ ਵਿੱਚ ਆਪਣਾ ਖਾਤਾ ਖੁੱਲ੍ਹਵਾਉਣਾ ਹੋਵੇਗਾ। ਸਬੰਧਿਤ ਬੈਂਕ ਇਸ ਸਬੰਧ ਆਪਣੀ ਰਿਪੋਰਟ ਰਿਟਰਨਿੰਗ ਅਫਸਰ ਅਤੇ ਜਿਲ੍ਹਾ ਚੋਣ ਅਫਸਰ ਪਾਸ ਰੋਜ਼ਾਨਾ ਭੇਜਣਗੇ। ਉਹਨਾਂ ਇਹ ਵੀ ਦੱਸਿਆਂ ਕਿ ਚੋਣਾਂ ਦੌਰਾਨ ਕੋਈ ਉਮੀਦਵਾਰ ਪੈਸੇ ਦੀ ਗਲਤ ਵਰਤੋ ਕਰਦਾ ਪਾਇਆ ਗਿਆ ਤਾਂ ਉਸਦਾ ਸਾਰਾ ਪੈਸਾ ਜਬਤ ਕਰ ਲਿਆ ਜਾਵੇਗਾ । ਚੋਣਾਂ ਦੌਰਾਨ ਕੀਤਾ ਜਾਣ ਵਾਲਾ ਚੋਣ ਪ੍ਰਚਾਰ ਸਬੰਧੀ ਪੂਰਵ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ , ਇਸ ਤੋਂ ਇਲਾਵਾ ਵੋਟਰਾਂ ਨੂੰ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਲਾਲਚ, ਸ਼ਰਾਬ ਜਾਂ ਧਮਕਾਉਦਾ ਪਾਇਆ ਗਿਆ ਤਾਂ, ਉਸ ਖਿਲਾਫ ਸਖਤ ਪੁਲਿਸ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆਂ ਕਿ ਚੋਣ ਕਮਿਸ਼ਨ ਦੀਆਂ ਸਖਤ ਹਦਾਇਤਾਂ ਅਨੁਸਾਰ ਚੋਣਾਂ ਦੌਰਾਨ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪਹਿਲੀ ਵਾਰ ਆਈ.ਜੀ. ਰੈਂਕ ਦਾ ਪੁਲਿਸ ਅਧਿਕਾਰੀ ਜਿਲ੍ਹਾ ਪੱਧਰ ਤੇ ਨੋਡਲ ਅਫਸਰ ਵਜੋਂ ਤਾਇਨਾਤ ਕੀਤਾ ਜਾਵੇਗਾ, ਜੋ ਆਪਣੀ ਰੋਜ਼ਾਨਾ ਦੀ ਰਿਪੋਰਟ ਭਾਰਤ ਦੇ ਚੋਣ ਕਮਿਸ਼ਨ ਅਤੇ ਸੀ.ਈ.ਓ ਪਾਸ ਭੇਜੇਗਾ।