ਫਤਿਹਗੜ੍ਹ ਸਾਹਿਬ – ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਧਵਪੁਰ (ਗੁਜਰਾਤ) ਸਮੁੰਦਰ ਦੇ ਕੰਢੇ ‘ਤੇ ਹਿੰਦੋਸਤਾਨੀ ਜਲ, ਥਲ ਅਤੇ ਹਵਾਈ ਸੈਨਾ ਵੱਲੋਂ ਜੰਗ ਲਈ ਕੀਤੀਆਂ ਜਾ ਰਹੀਆਂ ਸਾਂਝੀਆਂ ਫੌਜੀ ਮਸ਼ਕਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ
ਆਪ ਜੀ ਇਸ ਫੋਟੋ ਦੇ ਵਿੱਚ ਜੋ ਸਿੱਖ ਰੈਜੀਮੈਂਟ ਦੀਆਂ ਮਸਕਾਂ ਦੇਖ ਰਹੇ ਹੋ, ਗੁਜਰਾਤ ਦੇ ਸਮੁੰਦਰ ਦੇ ਕੰਢੇ ਹੁਣੇ ਹੁਣ ਹੋਈਆਂ ਹਨ। ਇਹਨਾ ਮਸ਼ਕਾਂ ਦੇ ਵਿੱਚ ਸਿੱਖ ਫੌਜੀਆਂ ਨੂੰ ਪਾਣੀ ਦੇ ਜੰਗੀ ਜਹਾਜ਼ ਵਿੱਚੋਂ ਕੱਢ ਕੇ ਧਰਤੀ ਦੇ ਉੱਤੇ ਹਮਲਾ ਕਰਦੇ ਦਿਖਾ ਰਹੀਆਂ ਹਨ। ਇਹ ਮੁਹਾਰਤ ਅਮਰੀਕਨ ਮਰੀਨਜ਼ ਦੇ ਵਿੱਚ ਵਿਸ਼ੇਸ ਹੈ। ਉਹਨਾਂ ਕਿਹਾ ਕਿ ਅਸੀ ਦੱਸਣਾ ਚਾਹੁੰਦੇ ਹਾਂ ਕਿ 1849, ਜਦ ਸਿੱਖ ਰਾਜ ਤੇ ਬਾਦਸ਼ਾਹੀ ਖਤਮ ਹੋ ਗਈ ਸੀ ਤੇ ਅੰਗਰੇਜ਼ਾਂ ਨੇ ਲਾਹੌਰ ਦਰਬਾਰ (ਸਿੱਖ ਰਾਜ) ਦੇ ਉੱਤੇ ਕਬਜ਼ਾ ਕਰ ਲਿਆ ਸੀ, ਉਦੋਂ ਤੋਂ ਅਸੀਂ ਗੁਲਾਮ ਹਾਂ। ਇਸ ਕਰਕੇ 1849 ਤੋਂ ਬਾਅਦ ਜਿਹੜੀ ਵੀ ਹਿੰਦੋਸਤਾਨ ਦੀ ਫੌਜ ਵਿੱਚ ਸਾਡੇ ਸਿੱਖ ਭਰਤੀ ਹੁੰਦੇ ਹਨ। ਉਹ ਮਰਸਰੀ ਅਖਵਾਏ ਜਾਂਦੇ ਹਨ। ਮਰਸਰੀ ਭਾੜੇ ਦੇ ਫੌਜੀਆਂ ਨੂੰ ਕਿਹਾ ਜਾਂਦਾ ਹੈ, ਕਿਉਕਿ ਇਹ ਆਪਣੀ ਕੌਮ ਦੀ ਸਥਾਪਿਤ ਸਰਕਾਰ ਦੀ ਨੌਕਰੀ ਨਹੀਂ ਕਰਦੇ। ਇਸ ਕਰਕੇ 1849 ਤੋਂ ਬਾਅਦ ਜਿਹੜੇ ਵੀ ਸਿੱਖ ਅੰਗਰੇਜ਼ ਫੌਜ ਦੇ ਵਿੱਚ ਭਰਤੀ ਹੂੰਦੇ ਸੀ ਉਹ ਮਰਸਰੀ ਹੀ ਹੁੰਦੇ ਸੀ। ਇੰਟਰਨੈਸ਼ਨਲ ਕਾਨੂੰਨ ਜਨੀਵਾ ਕਨਵੈਨਸ਼ਨਜ਼ ਦੀਆਂ ਹਦਾਇਤਾਂ ਤੇ ਨਿਯਮ ਮਰਸਰੀ ਫੌਜੀ ਜੋ ਜੰਗ ਭਾੜੇ ਦੇ ਫੌਜੀਆਂ ਉੱਤੇ ਲਾਗੂ ਨਹੀਂ ਹੁੰਦੀਆਂ, ਜਿਸ ਨਾਲ ਇਹਨਾਂ ਨੂੰ, ਜੇ ਦੁਸ਼ਮਣ ਦੇ ਕਬਜ਼ੇ ਦੇ ਵਿੱਚ ਆ ਜਾਣ ਇਹਨਾਂ ਨੂੰ ਜੰਗੀ ਕੈਦੀਆਂ ਦੀਆਂ ਸਹੂਲਤਾਂ ਨਹੀਂ ਮਿਲਦੀਆ ਬਲਕਿ ਇਹਨਾਂ ਨੂੰ ਜੰਗੀ ਮੁਜ਼ਰਿਮ ਸਮਝਿਆ ਜਾਂਦਾ ਹੈ। ਇਸ ਕਰਕੇ ਜਦੋਂ ਸਿੱਖ 1947 ਤੋਂ ਬਾਅਦ ਹਿੰਦੋਸਤਾਨ ਦੀ ਫੌਜ ਦੇ ਵਿੱਚ ਭਰਤੀ ਹੁੰਦੇ ਆ ਰਹੇ ਹਨ, ਉਹ ਵੀ ਮਰਸਰੀ ਹੀ ਅਖਵਾਉਂਦੇ ਹਨ, ਕਿਉਕਿ ਸਾਡਾ ਅਜੇ ਵੀ ਆਜ਼ਾਦ ਮੁਲਕ ਖਾਲਿਸਤਾਨ ਨਹੀਂ ਹੈ। ਸਾਨੂੰ ਭਾੜੇ ਦੇ ਫੌਜੀਆਂ ਦਾ ਹੀ ਦਰਜਾ ਦਿੱਤਾ ਜਾਂਦਾ ਹੈ। ਇਸੇ ਕਰਕੇ ਜਿਹੜੇ ਸਿੱਖ 1965, 1971 ਹਿੰਦ ਪਾਕਿ ਜੰਗ ਦੇ ਵਿੱਚ ਪਾਕਿਸਤਾਨ ਦੇ ਕਬਜ਼ੇ ਦੇ ਵਿੱਚ ਆ ਕੇ ਗ੍ਰਿਫਤਾਰ ਹੋ ਗਏ ਸੀ, ਉਹ ਦੂਜੇ ਹਿੰਦੋਸਤਾਨੀਆਂ ਦੀ ਤਰ੍ਹਾ ਅਜੇ ਤੱਕ ਹਿੰਦੋਸਤਾਨ ਨੂੰ ਪਾਕਿਸਤਾਨ ਨੇ ਵਾਪਿਸ ਨਹੀਂ ਕੀਤੇ। ਉਹਨਾਂ ਕਿਹਾ ਕਿ ਹੁਣੇ ਹੁਣ ਮੈਂ ਪਾਕਿਸਤਾਨ ਦੇ ਸਦਰ ਜਨਾਬ ਜ਼ਰਦਾਰੀ ਨੂੰ ਇੱਕ ਸਿੱਖ ਦੇ ਬਾਰੇ ਚਿੱਠੀ ਲਿਖੀ ਹੈ ਜੋ 1965 ਦੇ ਵਿੱਚ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਗਿਆ ਸੀ। ਅਜੇ ਤੱਕ ਮੈਨੂੰ ਪਾਕਿਸਤਾਨ ਦੇ ਸਦਰ ਤੋਂ ਜਵਾਬ ਨਹੀਂ ਆਇਆ। ਜਿਹੜੇ ਸਿੱਖ ਫੌਜੀ ਚੀਨ ਦੇ ਕਬਜ਼ੇ ਦੇ ਵਿੱਚ 1962 ਦੀ ਹਿੰਦ ਚੀਨ ਲੜਾਈ ਵਿੱਚ ਕਬਜ਼ੇ ਵਿੱਚ ਆ ਗਏ ਸੀ, ਉਹਨਾਂ ਨੂੰ ਵੀ ਜਨੀਵਾ ਕਨਵੈਨਸ਼ਨਜ਼ ਦੀਆਂ ਸਹੂਲਤਾਂ ਨਾ ਮਿਲਣ ਕਾਰਨ ਅਜੇ ਤੱਕ ਚੀਨ ਨੇ ਵਾਪਿਸ ਨਹੀਂ ਕੀਤੇ। ਪਤਾ ਨਹੀਂ ਪਾਕਿਸਤਾਨ ਦੇ ਕਬਜ਼ੇ ਵਿੱਚ ਆਏ ਇਹਨਾਂ ਫੌਜੀਆਂ ਦਾ ਕੀ ਹਾਲ ਹੋਵੇਗਾ? ਜਿਹੜੇ ਵੀ ਸਾਡੀ ਵੈੱਬਸਾਈਟ ਵੇਖਦੇ ਹਨ, ਅਸੀਂ ਉਹਨਾਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਆਪ ਜੀ ਵੀ ਇਹਨਾਂ ਸਿੱਖ ਫੌਜੀਆਂ ਦੀ ਰਿਹਾਈ ਦੇ ਲਈ ਪਾਕਿਸਤਾਨ ਤੇ ਚੀਨ ਦੀਆਂ ਸਰਕਾਰਾਂ ਕੋਲੇ ਅਪੀਲ ਕਰਨ ਅਤੇ ਹਿੰਦੋਸਤਾਨ ਨੂੰ ਸਿੱਖਾਂ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਅਸੀਂ ਕਿਹੋ ਜਿਹੇ ਨਾਗਰਿਕ ਹਾਂ ਕਿਉਂਕਿ ਹਿੰਦ ਸੰਵਿਧਾਨ ਦੀ ਧਾਰਾ 25 ਦੇ ਮੁਤਾਬਿਕ ਸਿੱਖਾਂ ਨੂੰ ਸਿੱਖ ਨਹੀਂ ਸਮਝਿਆ ਜਾਂਦਾ ਪਰ ਹਿੰਦੂ ਮਜ਼੍ਹਬ ਦਾ ਇੱਕ ਹਿੱਸਾ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਅੱਜ ਸ਼ਸ਼ੋਪੰਜ ਵਿੱਚ ਹੈ ਕਿ ਸਿੱਖ ਕੌਮ ਦਾ ਇੰਟਰਨੈਸ਼ਨਲ ਸਟੇਟਸ ਕੀ ਹੈ? ਅਸੀਂ ਸਮਝਦੇ ਹਾਂ ਕੀ ਅਜੇ ਡੁੱਲ੍ਹੇ ਹੋਏ ਬੇਰਾਂ ਦਾ ਕੁਝ ਨਹੀਂ ਵਿਗੜਿਆ ਕਿਉਂਕਿ ਸ: ਪ੍ਰਕਾਸ਼ ਸਿੰਘ ਬਾਦਲ ਫਿਰ ਆਪਣੀ ਰਵਾਇਤੀ ਅਕਾਲੀ ਪਾਰਟੀ ਨੂੰ ਸ਼੍ਰੀ ਅਨੰਦਪੁਰ ਸਾਹਿਬ 1973 ਦੇ ਮਤੇ ਤੇ ਫਿਰ ਲੈ ਆਏ ਹਨ। ਸਿੱਖ ਕੌਮ ਨੂੰ ਇਹਨਾਂ ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਇਹਨਾ ਨੂੰ ਤੇ ਦੂਸਰੇ ਸਿੱਖ ਆਗੂਆਂ ਨੂੰ 1992 ਜੋ ਸਾਡੀ ਪਾਰਟੀ ਨੇ ਮਿਸਟਰ ਬੁਟਰੋਸ ਬੁਟਰੋਸ ਘਾਲੀ ਨੂੰ ਉਹਨਾਂ ਦੇ ਦਿੱਲੀ ਆਉਣ ਤੇ ਸਿੱਖ ਬੱਫਰ ਸਟੇਟ ਦਾ ਮਤਾ ਪਾ ਕੇ ਯਾਦ ਪੱਤਰ ਦਿੱਤਾ ਸੀ ਤੇ 1994 ਨੂੰ ਅਕਾਲ ਤਖਤ ਸਾਹਿਬ ਤੇ ਅੰਮ੍ਰਿਤਸਰ ਐਲਾਨਨਾਮਾ ਦਾ ਇਤਿਹਾਸਿਕ ਦਸਤਾਵੇਜ਼ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਮਦਰਾਸ ਦੇ ਸੂਬੇਦਾਰ ਸ਼੍ਰੀ ਸੁਰਜੀਤ ਸਿੰਘ ਬਰਨਾਲਾ ਵੀ ਸ਼ਾਮਿਲ ਸਨ। ਅਸੀਂ ਸਮਝਦੇ ਹਾਂ ਕਿ ਜਿੰਨਾ ਚਿਰ ਉਕਤ ਵਰਨਣ ਕੀਤੇ ਹੋਏ ਮਤੇ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤੇ ਜਾਂਦੇ, ਸਿੱਖ ਫੌਜਾਂ ਦੀਆਂ ਤੇ ਸਿੱਖ ਕੌਮ ਦੀਆਂ ਮੁਸ਼ਕਿਲਾਂ ਦੁਨੀਆ ਪੱਧਰ ਦੇ ਉੱਤੇ ਵੱਧਦੀਆਂ ਹੀ ਜਾਣਗੀਆਂ।