ਨਵੀਂ ਦਿੱਲੀ- ਲੋਕਸੱਭਾ ਵਿੱਚ ਲੋਕਪਾਲ ਬਿੱਲ ਤੇ ਬਹਿਸ ਜਾਰੀ ਹੈ। ਰਜਦ ਨੇਤਾ ਅਤੇ ਸਾਬਕਾ ਰੇਲਵੇ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਲੋਕਪਾਲ ਬਿੱਲ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸੀਬੀਆਈ ਨੂੰ ਲੋਕਪਾਲ ਦੇ ਤਹਿਤ ਲਿਆਉਣ ਤੇ ਇਤਰਾਜ਼ ਜਾਹਿਰ ਕੀਤਾ ਹੈ। ਉਨ੍ਹਾਂ ਨੇ ਆਪਣੇ ਮਜਾਕੀਤਾ ਲਹਿਜੇ ਵਿੱਚ ਕਿਹਾ ਕਿ ਦਰੋਪਤੀ ਦੇ ਪੰਜ ਪਤੀ ਸਨ, ਸੀਬੀਆਈ ਦੇ ਨੌਂ ਪਤੀ ਹੋਣ ਜਾ ਰਹੇ ਹਨ।
ਲਾਲੂ ਪ੍ਰਸਾਦ ਯਾਦਵ ਨੇ ਲੋਕਪਾਲ ਬਿੱਲ ਦੀਆਂ ਧਰਾਵਾਂ ਨੂੰ ਖਤਰਨਾਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੂਰਾ ਤੰਤਰ ਅਸਤ-ਵਿਅਸਤ ਹੋ ਜਾਵੇਗਾ।ਸਾਬਕਾ ਸੰਸਦ ਮੈਂਬਰ ਨੂੰ ਸੱਤ ਸਾਲ ਦੇ ਬਾਅਦ ਵੀ ਲੋਕਪਾਲ ਦੇ ਦਾਇਰੇ ਵਿੱਚ ਲਿਆਉਣ ਦੀਆਂ ਧਾਰਾਵਾਂ ਬਹੁਤ ਹੀ ਖਤਰਨਾਕ ਹਨ। ਲਾਲੂ ਨੇ ਆਪਣੇ ਭਾਸ਼ਣ ਵਿੱਚ ਅੰਨਾ, ਕੇਜਰੀਵਾਲ ਅਤੇ ਕਿਰਨ ਬੇਦੀ ਨੂੰ ਨਿਸ਼ਾਨਾ ਬਣਾਂਉਦੇ ਹੋਏ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਦੇ ਪਿੱਛੇ ਅੰਤਰਰਾਸ਼ਟਰੀ ਸਾਜਿਸ਼ ਨਜ਼ਰ ਆ ਰਹੀ ਹੈ।
ਸਿ਼ਵਸੈਨਾ ਨੇ ਵੀ ਲੋਕਪਾਲ ਬਿੱਲ ਨੂੰ ਸੰਵਿਧਾਨ ਦੇ ਵਿਰੁੱਧ ਦੱਸਿਆ। ਸਾਂਸਦ ਗੀਤੇ ਨੇ ਕਿਹਾ ਕਿ ਲੋਕਤੰਤਰ ਦੇ ਚਾਰ ਸਤੰਬ ਸੁਰੱਖਿਅਤ ਹਨ। ਇਸ ਲਈ ਪੰਜਵੇਂ ਲੋਕਪਾਲ ਦੀ ਜਰੂਰਤ ਨਹੀਂ ਹੈ। ਪੀਐਮ ਨੂੰ ਇਸ ਦੇ ਦਾਇਰੇ ਵਿੱਚ ਲਿਆਉਣ ਤੇ ਉਨ੍ਹਾਂ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ। ਬੀਜੇਪੀ ਨੇਤਾ ਸੁਸ਼ਮਾ ਸਵਰਾਜ ਨੇ ਰੀਜ਼ਰਵ ਕੋਟੇ ਤੇ ਟਿਪਣੀ ਕਰਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਵੰਡਿਆ ਜਾਵੇਗਾ ਅਤੇ ਰਾਜਾਂ ਦੇ ਅਧਿਕਾਰ ਵਿੱਚ ਵੀ ਦਖ਼ਲ ਅੰਦਾਜੀ ਹੋਵੇਗੀ।
ਐਸਪੀ ਮੁੱਖੀ ਮੁਲਾਇਮ ਸਿੰਘ ਨੇ ਵੀ ਪੀਐਮ ਅਤੇ ਸੀਬੀਆਈ ਨੂੰ ਲੋਕਪਾਲ ਦੇ ਦਾਇਰੇ ਵਿੱਚ ਲਿਆਉਣ ਦੀ ਵਿਰੋਧਤਾ ਕੀਤੀ।ਬਸਪਾ ਨੇ ਪੀਐਮ ਅਤੇ ਸੀਬੀਆਈ ਨੂੰ ਲੋਕਪਾਲ ਦੇ ਦਾਇਰੇ ਵਿੱਚ ਲਿਆਉਣ ਦੀ ਹਿਮਾਇਤ ਕੀਤੀ। ਸ਼ਰਦ ਯਾਦਵ ਨੇ ਰਾਜਾਂ ਦੇ ਅਧਿਕਾਰਾਂ ਵਿੱਚ ਸਰਕਾਰ ਦੀ ਦਖ਼ਲ ਅੰਦਾਜੀ ਦੱਸਿਆ। ਸੀਪੀਐਮ ਨੇ ਵੀ ਸੀਬੀਆਈ ਨੂੰ ਲੋਕਪਾਲ ਤੋਂ ਮੁਕਤ ਰੱਖਣ ਦੀ ਮੰਗ ਤੇ ਜੋਰ ਦਿੱਤਾ।
ਕਾਂਗਰਸ ਦੇ ਕਪਿਲ ਸਿੱਬਲ ਨੇ ਕਿਹਾ ਕਿ ਜੇ ਲੋਕਪਾਲ ਬਿੱਲ ਪਾਸ ਨਹੀਂ ਹੁੰਦਾ ਤਾਂ ਦੇਸ਼ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨਾਲੋਂ ਰਾਜਾਂ ਵਿੱਚ ਕੁਰੱਪਸ਼ਨ ਜਿਆਦਾ ਹੈ। ਬੀਜੇਪੀ ਨਹੀਂ ਚਾਹੁੰਦੀ ਕਿ ਦੇਸ਼ ਦੇ 16 ਕਰੋੜ ਘੱਟ-ਗਿਣਤੀਆਂ ਵਿੱਚੋਂ ਕੋਈ ਲੋਕਪਾਲ ਕਮੇਟੀ ਵਿੱਚ ਸ਼ਾਮਿਲ ਹੋਵੇ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਨੂੰ ਕੇਂਦਰ ਵਿੱਚ ਭ੍ਰਿਸ਼ਟਾਚਾਰ ਨਜ਼ਰ ਆਂਉਦਾ ਹੈ, ਪਰ ਰਾਜਾਂ ਵਿੱਚ ਉਸ ਨੂੰ ਭ੍ਰਿਸ਼ਟਾਚਾਰ ਵਿਖਾਈ ਨਹੀਂ ਦਿੰਦਾ।