ਅੰਮ੍ਰਿਤਸਰ :- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਅਯੋਜਿਤ ਕੀਤਾ ਗਿਆ। ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਦੀ ਅਰੰਭਤਾ ਸਮੇਂ ਅਰਦਾਸ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵੱਲੋਂ ਕੀਤੀ ਗਈ। ਫੁੱਲਾਂ ਨਾਲ ਸਜੀ ਸੁਨਹਰੀ ਪਾਲਕੀ ਵਿੱਚ ਸਸ਼ੋਭਿਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖੀ ਸਿਧਾਂਤ ਨੂੰ ਮਜਬੂਤ ਕਰਨ ਲਈ ਉਸ ਵਕਤ ਡਟ ਕਿ ਪਹਿਰਾ ਦਿੱਤਾ ਜਦੋਂ ਮੁਗਲ ਸਰਕਾਰ ਵੱਲੋਂ ਆਮ ਨਾਗਰਿਕਾਂ ਖਾਸ ਕਰਕੇ ਗੈਰ ਮੁਸਲਮਾਨਾਂ ਤੇ ਧਰਮ ਦੇ ਨਾਮ ਉਪਰ ਹੋ ਰਹੇ ਜ਼ੁਲਮ ਵਿਰੁਧ ਧਰਮ ਯੁੱਧ ਕਰਨ ਦਾ ਅਹਿਮ ਫੈਸਲਾ ਕੀਤਾ ਤੇ ਗੁਰੂ ਸਾਹਿਬ ਵੱਲੋ ਗਰੀਬਾਂ ਤੇ ਹੋ ਰਹੇ ਜਬਰ ਜ਼ੁਲਮ ਦੇ ਮੁੱਦੇ ਨੂੰ ਗਭੀਰਤਾ ਨਾਲ ਲਿਆ ਤੇ ਨਿਆਂ ਦੀ ਖਾਤਰ ਤਲਵਾਰ ਚੁੱਕੀ ਅਤੇ ਜਬਰ ਜ਼ੁਲਮ ਅਨਿਆ ਖਿਲਾਫ ਡੱਟ ਕੇ ਪਹਿਰਾ ਦਿੰਦੇ ਹੋਏ ਮੁਗਲਾਂ ਨੂੰ ਅਨੇਕਾਂ ਯੁੱਧਾਂ ਵਿੱਚ ਮਾਤ ਦਿੱਤੀ। ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੇ ਵੀ ਖੰਡੇ ਬਾਟੇ ਦੀ ਪਾਹੁਲ ਛਕ ਕਹਿੰਦੇ ਕਹਾਉਦੇ ਦੁਸ਼ਮਨ ਲੜਾਕਿਆਂ ਨੂੰ ਮਾਰ ਮੁਕਾਇਆ।
ਸੋ ਪੰਥ ਦੇ ਵਾਲੀ ਦਸ਼ਮੇਸ ਪਿਤਾ ਦਾ ਪ੍ਰਕਾਸ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸਤਵੀਂ ਮੁਤਾਬਿਕ 1723 ਬਿਕ੍ਰਮੀ ਨੂੰ ਪਟਨਾ ਸ਼ਹਿਰ ਵਿਖੇ ਹੋਇਆ। ਦਸ਼ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਹਿਰ ਦੀਆਂ ਸੰਮੂਹ ਸਭਾ ਸੁਸਾਇਟੀਆਂ, ਟਕਸਾਲਾਂ, ਜਥੇ ਬੰਦੀਆਂ, ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਗਤਕਾ ਪਾਰਟੀਆਂ, ਬੈਂਡ ਪਾਰਟੀਆਂ ਸ਼ਾਮਲ ਹੋਈਆਂ।
ਇਹ ਨਗਰ ਕੀਰਤਨ ਗੁਰੂ ਰਾਮਦਾਸ ਸਰਾਂ ਤੋਂ ਬ੍ਰਹਮ ਬੂਟਾ ਮਾਰਕੀਟ, ਮਾਹਣਾ ਸਿੰਘ ਰੋਡ, ਚੌਂਕ ਘੰਟਾਘਰ, ਬਜ਼ਾਰ ਮਾਈ ਸੇਵਾ, ਦਰਸ਼ਨੀ ਡਿਊੜੀ, ਗੁਰੂ ਬਜ਼ਾਰ, ਚੌਂਕ ਚੁਰੱਸਤੀ ਅਟਾਰੀ, ਬਜ਼ਾਰ ਕਹੀਆਂ ਵਾਲਾ, ਮਜੀਠ ਮੰਡੀ, ਚੌਂਕ ਮੰਨਾਂ ਸਿੰਘ, ਬਜ਼ਾਰ ਮਿਸ਼ਰੀ, ਬਜਾਰ ਪਾਪੜਾਂ, ਆਟਾਮੰਡੀ, ਚੌਂਕ ਛੱਤੀ ਖੂਹੀ, ਬਜ਼ਾਰ ਚਾਵਲ ਮੰਡੀ, ਬਾਜ਼ਾਰ ਕਣਕ ਮੰਡੀ, ਢਾਬ ਵਸਤੀ ਰਾਮ, ਚੌਂਕ ਚਿੰਤਪੁਰਨੀ, ਜੌੜਾ ਪਿੱਪਲ, ਚੌਂਕ ਚਬੂਤਰਾ, ਬਜ਼ਾਰ ਲੋਹਾਰਾਂ, ਚੌਂਕ ਲਛਮਣਸਰ, ਚੌਂਕ ਮੋਨੀ, ਚੌਂਕ ਕਰੋੜੀ, ਚੌਂਕ ਬਾਬਾ ਸਾਹਿਬ ਅਤੇ ਚੌਂਕ ਪ੍ਰਾਗਦਾਸ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਮੰਜੀ ਸਾਹਿਬ ਵਿਖੇ ਸੰਪਨ ਹੋਇਆ।
ਇਸੇ ਤਰਾਂ ਪ੍ਰਕਾਸ਼ ਗੁਰਪੁਰਬ ਵਾਲੇ ਦਿਨ 31 ਦਸੰਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਬਾਬਾ ਅਟਲ ਰਾਏ ਜੀ ਵਿਖੇ ਸਵੇਰੇ 10-00 ਵਜੇ ਤੋਂ ਦੁਪਿਹਰ 12.00 ਵਜੇ ਤੀਕ ਸੰਗਤਾਂ ਦੇ ਦਰਸ਼ਨਾਂ ਲਈ ਸੁੰਦਰ ਜਲੌਂ ਸਜਾਏ ਜਾਣਗੇ। ਸ਼ਾਮ ਨੂੰ ਦੀਪ ਮਾਲਾ ਕੀਤੀ ਜਾਵੇਗੀ ਤੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਮਨਮੋਹਕ ਆਤਿਸ਼ਬਾਜੀ ਵੀ ਚਲਾਈ ਜਾਵੇਗੀ।
ਇਸੇ ਦਿਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ 7.00 ਵਜੇ ਤੋਂ ਰਾਤ 9.00 ਵਜੇ ਤੀਕ ਮਹਾਨ ਕੀਰਤਨ ਸਮਾਗਮ ਹੋਵੇਗਾ, ਜਿਸ ਵਿਚ ਪ੍ਰਸਿੱਧ ਰਾਗੀ ਜੱਥੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਰਾਤ 9.00 ਵਜੇ ਤੋਂ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਕਵੀ ਸੱਜਣ ਆਪਣੀਆਂ ਕਵੀਤਾਵਾਂ ਰਾਹੀਂ ਦਸਮੇਸ਼ ਪਿਤਾ ਦੇ ਜੀਵਨ ਸਬੰਧੀ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।