ਫਤਿਹਗੜ੍ਹ ਸਾਹਿਬ :- “ਜਦੋਂ ਹਿੰਦ ਹਕੂਮਤ ਨੇ ਹਿੰਦੋਸਤਾਨੀ ਵਿਧਾਨ ਦੀ ਘੋਰ ਉਲੰਘਣਾ ਕਰਕੇ ਅਤੇ ਇਨਸਾਨੀ ਕਦਰਾਂ-ਕੀਮਤਾਂ ਦਾ ਜਨਾਜ਼ਾ ਕੱਢ ਕੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਬਾਬਰੀ ਮਸਜਿਦ ਵਰਗੇ ਘੱਟ ਗਿਣਤੀ ਕੌਮਾਂ ਦੇ ਸਰਵ ਉੱਚ ਧਾਰਮਿਕ ਅਸਥਾਨਾਂ ਨੂੰ ਜ਼ਬਰੀ ਢਹਿ-ਢੇਰੀ ਕਰਨ ਦੀ ਬੱਜਰ ਗੁਸਤਾਖੀ ਕੀਤੀ ਹੈ, ਚਰਚਾਂ ਉੱਤ ਹਮਲੇ ਹੋ ਰਹੇ ਹਨ ਤੇ ਸਮੁੱਚੇ ਮੁਲਕ ਵਿੱਚ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਇਖਲਾਕੀ ਹੱਕ-ਹਕੂਕਾ ਨੂੰ ਜ਼ਬਰੀ ਤਾਕਤ ਨਾਲ ਕੁਚਲਿਆ ਜਾ ਰਿਹਾ ਹੈ, ਉਸ ਸਮੇ ਗੱਲ ਨਾਸ਼ਵਾਨ ਸਰੀਰਾਂ ਦੀ ਨਹੀਂ ਰਹਿ ਜਾਂਦੀ, ਅਜਿਹੇ ਸਮੇਂ ਤਾਂ ਜ਼ਮੀਰ ਦੀ ਆਵਾਜ਼ ਨੂੰ ਦ੍ਰਿੜਤਾ ਨਾਲ ਹੋਰ ਬੁਲੰਦ ਕਰਨ ਦੀ ਜਿੰਮੇਵਾਰੀ ਬਣ ਜਾਂਦੀ ਹੈ। ਜਿਸ ਉੱਤੇ ਹਰ ਇਨਸਾਫ ਤੇ ਜਮਹੂਰੀਅਤ ਪਸੰਦ ਇਨਸਾਨ ਨੂੰ ਪਹਿਰਾ ਦੇਣਾ ਬਣਦਾ ਹੈ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੇ 62ਵੇਂ ਜਨਮ ਦਿਹਾੜੇ ਉੱਤੇ ਹੋਏ ਇੱਕ ਇਤਿਹਾਸਿਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਆਪਣੀ ਤਕਰੀਰ ਜਾਰੀ ਰੱਖਦੇ ਹੋਏ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਬਚਨ ਸਨ ਕਿ “ਮੈਂ ਸਰੀਰਿਕ ਮੌਤ ਨੂੰ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੇਰੀ ਮੌਤ ਹੋਵੇਗੀ”। ਸੋ ਸਾਨੂੰ ਅੱਜ ਸਮਾਜ, ਮੁਲਕ ਦੇ ਚੋਗਿਰਦੇ ਵਿੱਚ ਵਿਚਰਦੇ ਹੋਏ ਕਤਈ ਵੀ ਅਜਿਹਾ ਮੌਕਾ ਨਹੀਂ ਆਉਣ ਦੇਣਾ ਚਾਹੀਦਾ ਕਿ ਜਿਸ ਸਮੇ ਸਾਡੀ ਆਪ ਦੀ ਜ਼ਮੀਰ ਹੀ ਸਾਨੂੰ ਲਾਹਣਤਾਂ ਪਾਵੇ। ਉਹਨਾਂ ਕਿਹਾ ਕਿ ਸਾਡੀ ਕੌਮ ਦੇ ਜੋ ਰਵਾਇਤੀ ਆਗੂ 6 ਦਸੰਬਰ 1992 ਨੂੰ ਯੂ ਐੱਨ ਓ ਦੇ ਸਕੱਤਰ ਜਨਰਲ ਸ਼੍ਰੀ ਬੁਤਰੋਸ ਬੁਤਰੋਸ ਘਾਲੀ ਨੂੰ ਦਿੱਲੀ ਵਿਖੇ “ਆਜ਼ਾਦ ਬਾਦਸ਼ਾਹੀ ਸਿੱਖ ਰਾਜ (ੀਨਦੲਪੲਨਦੲਨਟ ੰੋਵੲਰੲਗਿਨ ੰਕਿਹ ੰਟਅਟੲ) ਦੇ ਨਿਸ਼ਾਨੇ ਲਈ ਦਿੱਤੇ ਗਏ ਯਾਦ ਪੱਤਰ ਅਤੇ 1 ਮਈ 1994 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਨ ਉੱਤੇ ਹਾਜ਼ਰ ਹੋ ਕੇ ਸਰਬ ਸੰਮਤੀ ਨਾਲ ਤਿਆਰ ਕੀਤੇ ਗਏ “ਅੰਮ੍ਰਿਤਸਰ ਐਲਾਨਨਾਮੇ” ਦੇ ਕੌਮੀ ਨਿਸ਼ਾਨੇ ਦੇ ਇਤਿਹਾਸਿਕ ਦਸਤਾਵੇਜ਼ ਉੱਤੇ ਦਸਤਖਤ ਕਰਕੇ ਅੱਜ ਮੁਨਕਰ ਹੋ ਗਏ ਹਨ, ਉਹ ਕੇਵਲ ਆਪਣੀ ਜ਼ਮੀਰ, ਸਿੱਖ ਕੌਮ ਦੇ ਹੀ ਵੱਡੇ ਦੋਸ਼ੀ ਨਹੀਂ ਹਨ, ਬਲਕਿ ਉਸ ਖੁਦਾ ਦੀ ਦਰਗਾਹ ਦੇ ਵੀ ਮੁਜ਼ਰਿਮ ਹਨ। ਜਿਹਨਾਂ ਨੇ ਸਿੱਖ ਕੌਮ ਨਾਲ ਤੇ ਆਪਣੇ ਗੁਰਾਂ ਨਾਲ ਬਚਨ ਕਰਕੇ ਸਿੱਖ ਕੌਮ ਦੀ ਆਜ਼ਾਦੀ ਦੀ ਸੋਚ ਨੂੰ ਪਿੱਠ ਦੇ ਦਿੱਤੀ ਹੈ।
ਉਹਨਾਂ ਇਸ ਗੱਲ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਆਪਣੇ ਪਰਿਵਾਰਕ ਅਤੇ ਰਾਜਸੀ ਇੱਛਾਵਾਂ ਦੀ ਪੂਰਤੀ ਲਈ ਮੁਤੱਸਵੀ ਜਮਾਤਾਂ ਦੇ ਲੰਮੇ ਸਮੇ ਤੋਂ ਗੁਲਾਮ ਬਣੇ ਆ ਰਹੇ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਪੁੱਤਰ ਸੁਖਬੀਰ ਬਾਦਲ ਅੱਜ ਸਿੱਖ ਕੌਮ ਦੇ ਉੱਭਰਦੇ ਵੱਲਵਲੇ ਅਤੇ ਜ਼ਜਬਾਤਾਂ ਨੂੰ ਵੇਖਦੇ ਹੋਏ “ਸ਼੍ਰ੍ਰੀ ਅਨੰਦਪੁਰ ਸਾਹਿਬ ਦੇ ਮਤੇ” ਦੀ ਪੈਰਵੀ ਕਰ ਰਹੇ ਹਨ ਭਾਵੇਂ ਕਿ ਇਹਨਾ ਦੀ ਭਾਈਵਾਲ ਜਮਾਤ ਭਾਜਪਾ ਬਿਨ੍ਹਾ ਕਿਸੇ ਦਲੀਲ ਦੇ ਇਸ ਮਨੁੱਖਤਾ ਪੱਖੀ ਅਨੰਦਪੁਰ ਦੇ ਮਤੇ ਦੀ ਵਿਰੋਧਤਾ ਕਰਨ ਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਇਸ ਉਪਰੋਕਤ ਅਨੰਦਪੁਰ ਦੇ ਮਤੇ ਵਿੱਚ “ਖਾਲਸਾ ਜੀ ਦੇ ਬੋਲਬਾਲੇ” ਪੂਰਨ ਆਜ਼ਾਦੀ ਦਾ ਨਿਸ਼ਾਨਾ ਮਿੱਥਿਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਆਖੀਦਾ। ਉਹਨਾਂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ, ਸ: ਸੁਰਜੀਤ ਸਿੰਘ ਬਰਨਾਲਾ ਸੂਬੇਦਾਰ ਤਾਮਿਲਨਾਡੂ ਅਤੇ ਉਹਨਾਂ ਵਰਗੇ ਹੋਰ ਰਵਾਇਤੀ ਆਗੂਆਂ ਨੂੰ “ਅੰਮ੍ਰਿਤਸਰ ਐਲਾਨਨਾਮੇ” ਤੇ ਕੀਤੇ ਗਏ ਦਸਤਖਤ ਦੇ ਸਮੇਂ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਜੇਕਰ ਅੱਜ ਸ: ਬਾਦਲ ਵਰਗੇ ਆਗੂ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਇਸ ਸੋਚ ਨੂੰ ਅਵੱਸ਼ ਬੁਲੰਦ ਕਰਨਾ ਪਵੇਗਾ। ਉਹਨਾਂ ਕਿਹਾ ਕਿ ਅਜੇ ਇਹਨਾਂ ਦੀ ਜ਼ਮੀਰ ਉੱਤੇ ਦੁਨਿਆਵੀਂ ਰੁਤਬਿਆਂ, ਲਾਲਸਾਵਾਂ ਰੂਪੀ ਮਿੱਟੀ-ਘੱਟਾ ਚੜ੍ਹਿਆ ਹੋਇਆ ਹੈ, ਪਰ ਜਦੋਂ ਆਜ਼ਾਦੀ ਰੂਪੀ ਤੇਜ਼ ਬਾਰਿਸ਼ ਦੀ ਬਾਛੜ ਇਹਨਾਂ ਦੀ ਆਤਮਾ ‘ਤੇ ਜ਼ੋਰ ਨਾਲ ਡਿੱਗੇਗੀ ਤਾਂ ਇਹਨਾਂ ਦੀਆਂ ਮਲੀਨ ਆਤਮਾਵਾਂ ਖੁਦ-ਬ-ਖੁਦ ਧੋਤੀਆਂ ਜਾਣਗੀਆਂ ਤੇ ਸਾਫ ਹੋ ਜਾਣਗੀਆਂ। ਉਹਨਾਂ ਕਿਹਾ ਕਿ ਇਤਿਹਾਸ ਵਿੱਚ ਉਹਨਾਂ ਸਖਸੀਅਤਾਂ ਤੇ ਆਤਮਾਵਾਂ ਦੇ ਨਾਮ ਹੀ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੁੰਦੇ ਹਨ ਜੋ ਬਿਨ੍ਹਾ ਕਿਸੇ ਉਚ-ਨੀਚ, ਅਮੀਰ-ਗਰੀਬ, ਜਾਤ-ਪਾਤ ਆਦਿ ਦੇ ਭੇਦ-ਭਾਵ ਤੋਂ ਆਪਣੇ ਲੋਕਾਂ, ਸਮਾਜ, ਕੌਮ ਅਤੇ ਧਰਮ ਦੀ ਬਹਿਤਰੀ ਹਿੱਤ ਆਪਣਾ ਸਭ ਕੁਝ ਨਿਛਾਵਰ ਕਰਨ ਅਤੇ ਲੋਕਾਈ ਦੀ ਸੇਵਾ ਵਿੱਚ ਸਮਰਪਿਤ ਰਹਿਣ ਦੇ ਆਸਿ਼ਕ ਹੁੰਦੇ ਹਨ। ਉਹਨਾਂ ਕਿਹਾ ਕਿ ਜੋ ਆਗੂ ਸਮਾਜ, ਕੌਮ ਨੂੰ ਗੁਮਰਾਹ ਕਰਕੇ ਆਪਣੇ ਸਵਾਰਥੀ ਹਿੱਤਾਂ ਪਿੱਛੇ ਦੋੜਦੇ ਹਨ, ਉਹਨਾਂ ਦਾ ਇਤਿਹਾਸ ਦੇ ਪੰਨਿਆਂ ਉੱਤੇ ਕਦੇ ਜਿ਼ਕਰ ਤੱਕ ਨਹੀਂ ਆਉਂਦਾ। ਉਹਨਾਂ ਕਿਹਾ ਕਿ ਸੱਚ-ਹੱਕ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ, ਮਨੁੱਖਤਾ ਲਈ ਮਹਾਨ ਕੁਰਬਾਨੀਆਂ ਦੇਣ ਦੀ ਬਦੌਲਤ ਹੀ ਅੱਜ ਅਸੀਂ ਆਪਣੇ ਗੁਰੂ ਸਾਹਿਬਾਨ, ਕੌਮੀ ਸ਼ਹੀਦਾਂ, ਪਰਵਾਨਿਆਂ ਦੇ ਜਨਮ ਤੇ ਸ਼ਹੀਦੀ ਦਿਹਾੜੇ ਪੂਰਨ ਸ਼ਰਧਾ ਤੇ ਸਤਿਕਾਰ ਸਹਿਤ ਸਦੀਆਂ ਤੋਂ ਮਨਾਉਂਦੇ ਆ ਰਹੇ ਹਾਂ। ਉਹਨਾਂ ਕਿਹਾ ਕਿ ਮੱਸੇ ਰੰਘੜ, ਅਬਦਾਲੀ, ਨਾਦਰਸ਼ਾਹ, ਔਰੰਗਜੇਬ ਵਰਗੇ ਜ਼ਾਬਰ ਹਾਕਮਾਂ ਦੀ ਮੜ੍ਹੀ ਤੇ ਅੱਜ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਨੇ ਤਾਂ ਆਜ਼ਾਦੀ ਹਰ ਕੀਮਤ ਤੇ ਪ੍ਰਾਪਤ ਕਰਨੀ ਹੀ ਹੈ ਪਰ ਜੇਕਰ ਰਵਾਇਤੀ ਲੀਡਰਸਿ਼ਪ ਨੇ ਸਮੇਂ ਦੀ ਨਜ਼ਾਕਤ ਨੂੰ ਨਾ ਪਹਿਚਾਣਦੇ ਹੋਏ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਕੋਈ ਸੰਜੀਦਾ ਕਾਰਵਾਈ ਨਾ ਕੀਤੀ ਤਾਂ ਇਹਨਾਂ ਨੂੰ ਆਪਣੀਆਂ ਆਤਮਾਵਾਂ ਅੱਗੇ ਘੋਰ ਸ਼ਰਮਿੰਦਗੀ ਝੱਲਣੀ ਹੀ ਪਵੇਗੀ ਤੇ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸਿੱਖ ਕੌਮ ਅੱਗੇ ਨਮੋਸ਼ੀ ਝੱਲਣੀ ਪਵੇਗੀ।
ਉਹਨਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਜਿਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ 20ਵੀਂ ਸਦੀ ਦਾ “ਮਹਾਨ ਸਿੱਖ” ਐਲਾਨਿਆ ਹੈ, ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਮਨਾਉਦੇ ਹੋਏ ਸਮੁੱਚੀ ਕੌਮ ਨੂੰ ਉਹਨਾਂ ਵੱਲੋਂ ਦਿੱਤੀ ਗਈ ਸੇਧ ਲਈ ਮੁਬਾਰਕਵਾਦ ਦਿੰਦੇ ਹੋਏ ਅਪੀਲ ਕੀਤੀ ਕਿ ਉਹ ਸੰਤਾਂ ਦੀ ਤਰ੍ਹਾਂ ਆਪਣੀ ਜ਼ਮੀਰ ਨੂੰ ਕਦੀ ਵੀ ਮਰਨ ਨਾ ਦੇਣ ਅਤੇ ਉਹਨਾਂ (ਸੰਤਾਂ) ਵੱਲੋਂ ਰੱਖੀ ਗਈ ਆਜ਼ਾਦੀ ਦੀ ਨੀਂਹ ਵਾਲੇ ਆਪਣੇ “ਕੌਮੀ ਘਰ” ਨੂੰ ਬਣਾਉਣ ਲਈ ਦ੍ਰਿੜਤਾ ਪੂਰਵਕ ਕਮਰਕੱਸੇ ਕਰ ਲੈਣ। ਉਹਨਾਂ ਕਿਹਾ ਕਿ ਇਸ ਦਿਸ਼ਾ ਵੱਲ ਉੱਦਮ ਕਰਦੇ ਹੋਏ ਉਹ ਕਦੀ ਵੀ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸਿ਼ਸ ਕੀਤੇ ਗਏ “ਸਰਬੱਤ ਦੇ ਭਲੇ” ਵਾਲੇ ਮਨੁੱਖਤਾ ਪੱਖੀ ਮਿਸ਼ਨ ਸਮਾਜਿਕ ਅਤੇ ਇਖਲਾਕੀ ਸਲੀਕੇ, ਤਹਿਜ਼ੀਬ ਅਤੇ ਸਿੱਖੀ ਉੱਚ ਕਦਰਾਂ ਕੀਮਤਾਂ ਨੂੰ ਕਦੀ ਵੀ ਆਪਣੀ ਆਤਮਾ ਤੋਂ ਨਾ ਵਿਸਾਰਨ। ਉਹਨਾਂ ਕਿਹਾ ਕਿ ਅਜਿਹਾ ਅਮਲ ਕਰਕੇ ਹੀ ਅਸੀਂ ਆਪਣੇ ਗੁਰੂ ਸਾਹਿਬਾਨ, ਕੌਮੀ ਪਰਵਾਨਿਆਂ, ਸ਼ਹੀਦਾਂ, ਰਹਿਨੁਮਾ ਵੱਲੋਂ ਦਰਸਾਏ ਸੱਚ ਦੇ ਰਾਹ ‘ਤੇ ਚੱਲਣ ਅਤੇ ਆਪਣੀ ਮੰਜਿ਼ਲ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਦੇ ਹਾਂ। ਅੱਜ ਦੇ ਇਕੱਠ ਵਿੱਚ ਸਰਬ ਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਅਠਾਰਾਂ ਮਤੇ ਵੀ ਪਾਸ ਕੀਤੇ ਗਏ ਜਿਹਨਾਂ ਵਿੱਚ ਕੋਸੋਵੋ ਦੀ ਤਰ੍ਹਾਂ ਸਿੱਖ ਕੌਮ ਨੂੰ ਆਜ਼ਾਦੀ ਦੇਣ, ਆਪੋ ਆਪਣੀ ਜ਼ਮੀਰ ਨੂੰ ਜੀਊਦਾ ਰੱਖਣ ਤੇ ਸਰਬੱਤ ਦੇ ਭਲੇ ਲਈ ਯਤਨਸ਼ੀਲ ਰਹਿਣ, ਸਮਾਜਿਕ ਬੁਰਾਈਆਂ ਨੂੰ ਖਤਮ ਕਰਨ, ਅਨੰਦਪੁਰ ਸਾਹਿਬ ਦੇ ਮਤੇ ਅਤੇ ਅੰਮ੍ਰਿਤਸਰ ਐਲਾਨਨਾਮੇ ਦੀ ਪ੍ਰੋੜਤਾ, ਬਾਬਰੀ ਮਸਜਿਦ ਨੂੰ ਫਿਰ ਤੋਂ ਉਸਾਰਨ, ਪੰਜਾਬ ਨੂੰ ਜੰਗ ਦਾ ਅਖਾੜਾ ਨਾ ਬਣਨ ਦੇਣ, ਪੰਜਾਬ ਅਤੇ ਗੁਆਢੀ ਸੂਬਿਆਂ ਨੂੰ ਨੋ ਫਲਾਈ ਜ਼ੋਨ ਐਲਾਨਣ, ਸਿੱਖ ਕੌਮ ਦੀ ਬਣਾਈ ਕਾਲੀ ਸੂਚੀ ਖਤਮ ਕਰਨ, ਸਿੱਖ ਕੌਮ ਦੇ ਕਾਤਿਲਾਂ ਨੂੰ ਸਜਾਵਾਂ ਦੇਣ, ਪੰਜਾਬ ਦੇ ਜ਼ਬਰੀ ਖੋਹੇ ਹੱਕ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਹੈੱਡਵਰਕਸ ਪੰਜਾਬ ਨੂੰ ਸੋਂਪਣ, ਜਿ਼ਮੀਦਾਰਾਂ ਦੀ ਫਸਲ ਲਈ ਕੌਮਾਂਤਰੀ ਮੰਡੀਕਰਨ ਅਤੇ ਸਮਰਥਨ ਮੁੱਲ ਤਹਿ ਕਰਨ, ਬੇਰੁਜ਼ਗਾਰੀ, ਗਰੀਬੀ ਤੇ ਰਿਸ਼ਵਤਖੋਰੀ ਵਿਰੁੱਧ ਜੇਹਾਦ ਕਰਨ, ਸਹਿਜਧਾਰੀ ਸਿੱਖ ਦੀ 1937 ਦੀ ਪਰਿਭਾਸ਼ਾ ਨੂੰ ਕਾਇਮ ਰੱਖਣ, ਸਿਰਸੇ ਵਾਲੇ ਸਾਧ ਨੂੰ ਗ੍ਰਿਫਤਾਰ ਕਰਨ ਦੇ ਹੱਕ ਵਿੱਚ, ਬਾਦਲ ਤੇ ਮੱਕੜ੍ਹ ਵੱਲੋਂ ਸਿੱਖ ਮੁੱਦਿਆਂ ਨੂੰ ਛੱਡ ਦੇਣ ਅਤੇ ਦਰਬਾਰ ਸਾਹਿਬ ਦੀ ਮਰਿਯਾਦਾ ਭੰਗ ਕਰਨ ਦੇ ਵਿਰੁੱਧ ਮਤੇ ਪਾਸ ਕੀਤੇ।