ਨਵਾਂ ਸਾਲ ਮੁਬਾਰਕ!
ਨਵਾਂ ਸਾਲ ਮੁਬਾਰਕ!!
ਮਨ ਫਿਕਰਾਂ ਦੇ ਨਾਲ ਬੋਝਲ,
ਫਿਰ ਵੀ
ਨਵਾਂ ਸਾਲ ਮੁਬਾਰਕ!
ਤੁਹਾਨੂੰ ਵੀ ਨਵਾਂ ਸਾਲ ਮੁਬਾਰਕ!
ਚਿਹਰੇ ‘ਤੇ
ਇਕ ਝੂਠੀ ਜਿਹੀ ਮੁਸਕਾਨ,
ਗਰਮਜੋਸ਼ੀ ਭਰਪੂਰ
ਇਕ ਠੰਡੀ ਜਿਹੀ ਜੱਫੀ,
ਜਵਾਬ ਮਿਲਦਾ ਹੈ
ਤੁਹਾਨੂੰ ਵੀ ਨਵਾਂ ਸਾਲ ਮੁਬਾਰਕ!
ਮੈਂ ਇਸਤੋਂ ਵਧੇਰੇ ਕਾਬਲ ਸਾਂ
ਇਸ ਨਿਕੰਮੇ ਨੂੰ
ਇਹ ਵਧੀਆ ਨੌਕਰੀ,
ਮੈਨੂੰ ਉਹੀ ਕਲਰਕੀ!
ਫਿਰ ਵੀ, ਸਾਹਬ ਜੀ!
ਨਵਾਂ ਸਾਲ ਮੁਬਾਰਕ!
ਮਨ ਵਿਚ ਈਰਖਾ
ਦਿਮਾਗ਼ ਦਵੈਖ ਨਾਲ ਲਬਰੇਜ਼
ਉਦਾਸ ਦਿਲ
ਮੁਸਕਰਾਉਂਦੇ ਚੇਹਰੇ
ਪਰੰਤੂ, ਲੇਕਨ, ਫਿਰ ਵੀ
ਨਵਾਂ ਸਾਲ ਮੁਬਰਾਕ!
ਨੱਚਦੇ ਟੱਪਦੇ
ਡਾਂਸ ਪਾਰਟੀਆਂ ਕਰਦੇ ਲੋਕ,
ਮਹਿਫ਼ਲਾਂ ‘ਚ ਸ਼ਰਾਬ ਦੇ ਦੌਰ,
ਛੱਡ ਆਪਣੀਆਂ ਗਰਲਫਰੈਂਡਜ਼ ਨੂੰ
ਦੂਜਿਆਂ ਦੀਆਂ ਨੂੰ ਕਹਿਣਾ
ਨਵਾਂ ਸਾਲ ਮੁਬਾਰਕ!
ਜ਼ਿੰਦਗ਼ੀ ਦੀਆਂ ਦੁਖਦਾਈ ਘਟਨਾਵਾਂ
ਕਰਜ਼ਿਆਂ ਤੇ ਫਿਕਰਾਂ ਹੇਠ
ਦੱਬਿਆ ਇਹ ਜੀਵਨ,
ਦੋਸਤੀਆਂ ਦੇ ਨਾਂਅ ਹੇਠ ਦੁਸ਼ਮਣੀਆਂ,
ਫਿਰ ਵੀ, ਦੋਸਤਾ!
ਨਵਾਂ ਸਾਲ ਮੁਬਾਰਕ!
ਵਿਆਹ ਸ਼ਾਦੀਆਂ ਵਾਂਗ
ਸਟੇਟਸ ਸਿੰਬਲ ਲਈ
ਬਰਸੀਆਂ ਮਨਾਉਂਦੇ ਲੋਕ,
ਇਨ੍ਹਾਂ ਲਈ ਨਵਾਂ ਸਾਲ ਕਹਿਣਾ
ਇਕ ਸਟੇਟਸ ਸਿੰਬਲ,
ਨਵਾਂ ਸਾਲ ਮੁਬਾਰਕ!
ਮਸ਼ੀਨੀ ਯੁੱਗ ‘ਚ
ਜੀ ਰਹੇ ਹਾਂ ਜ਼ਿੰਦਗ਼ੀ
ਮਸ਼ੀਨਾਂ ਦੇ ਵਾਂਗ ਹੀ,
ਮੇਰੇ ਕੰਪਿਊਟਰ ਜਾਂ ਫੋਨ ‘ਤੇ
ਉਕਰੇ ਅਣਚਾਹੇ ਮੈਸਿਜ ਵਾਂਗ
ਨਵਾਂ ਸਾਲ ਮੁਬਾਰਕ!
ਹਰ ਸਾਲ
ਇਹੀ ਤਾਂ ਹੁੰਦਾ ਹੈ
ਇਹੀ ਹੈ ਹੋ ਰਿਹਾ
ਇਹੀ ਹੁੰਦਾ ਰਹੇਗਾ
ਫਿਰ ਵੀ, ਦੋਸਤੋ ਤੇ ਦੁਸ਼ਮਣੋਂ
ਨਵਾਂ ਸਾਲ ਮੁਬਾਰਕ!
ਹੋਣਗੇ ਕਰੋੜਾਂ ਚੋਂ
ਕੁਝ ਵਿਰਲੇ ਹੀ
ਛੱਡ ਈਰਖਾ, ਦਵੈਖ,
ਤੇ ਦੁਸ਼ਮਣੀਆਂ ਨੂੰ,
ਸੱਚੇ ਦਿਲੋਂ ਕਹਿੰਦੇ ਹੋਣਗੇ
ਤੁਹਾਨੂੰ ਵੀ ਨਵਾਂ ਸਾਲ ਮੁਬਾਰਕ!