ਸ੍ਰੀ ਹਜ਼ੂਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਸਾਹਿਬ- ਏ ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਸ਼ੁੱਭ ਮੌਕੇ ’ਤੇ ਤਖ਼ਤ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਦੇ ਉਧਮ ਉਪਰਾਲੇ ਸਦਕਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ- ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਅੱਜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਦੇਸ਼- ਵਿਦੇਸ਼ ਦੀਆਂ ਲੱਖਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਕਰੀਬ ਸਾਢੇ 3 ਵਜੇ ਸਿੰਘ ਸਾਹਿਬ ਜਥੇਦਾਰ ਕੁਲਵੰਤ ਸਿੰਘ ਜਥੇਦਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਹੈਡ ਗਰੰਥੀ ਗਿਆਨੀ ਪਰਤਾਪ ਸਿੰਘ ਵਲੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਹੇਠ ਸ਼ੁਰੂ ਹੋਇਆ। ਇਸ ਨਗਰ ਕੀਰਤਨ ਵਿੱਚ ਡਾ. ਪਰਵਿੰਦਰ ਸਿੰਘ ਪਸਰੀਚਾ ਚੇਅਰਮੈਨ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸੰਤ ਬਾਬਾ ਨਰਿੰਦਰ ਸਿੰਘ ਮੁਖੀ ਗੁਰਦੁਆਰਾ ਲੰਗਰ ਸਾਹਿਬ, ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ, ਸ੍ਰ. ਡੀ. ਪੀ. ਸਿੰਘ ਸੁਪਰਡੈਂਟ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸ੍ਰ. ਥਾਨ ਸਿੰਘ ਡਿਪਟੀ ਸੁਪਰਡੈਂਟ, ਸ੍ਰੀ ਪੰਡਾਰੀ ਨਾਥ ਬੋਕਾਰੇ ਮੀਡੀਆ ਕੋਆਰਡੀਨੇਟਰ ਅਤੇ ਹੋਰ ਅਨੇਕਾਂ ਸੰਤਾਂ, ਮਹਾਪੁਰਖਾਂ ਨੇ ਸ਼ਮੂਲੀਅਤ ਕੀਤੀ। ਇਸ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਦਾ ਘੋੜਾ, ਪੰਜ ਪਿਆਰੇ ਸਾਹਿਬਾਨ ਦੇ ਘੋੜੇ, ਪੁਲਿਸ ਬੈਂਡ, ਨਾਂਦੇੜ ਸ਼ਹਿਰ ਦੀ ਲੋਕਲ ਸੰਗਤਾਂ ਇਸ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਇਹ ਨਗਰ ਕੀਰਤਨ ਨਾਂਦੇੜ ਦੇ ਵੱਖ- ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਦੇਰ ਰਾਤ ਤਖ਼ਤ ਸਾਹਿਬ ਵਿਖੇ ਪਹੁੰਚਿਆ। ਰਾਤ ਵੇਲੇ ਤਖ਼ਤ ਸਾਹਿਬ ਦੇ ਪ੍ਰੀਸਰ ਦੇ ਅੰਦਰ ਬੋਰਡ ਸ੍ਰੀ ਗੁਰੂ ਗਰੰਥ ਸਾਹਿਬ ਜੀ ਛਤਰ- ਛਾਇਆ ਹੇਠ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਅਤੇ ਨਵੇਂ ਸਾਲ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ (ਰੈਣ ਸਬਾਈ) ਸਜਾਏ ਗਏ। ਜਿਸ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਜਥੇ ਭਾਈ ਦਵਿੰਦਰ ਸਿੰਘ ਖੰਨੇਵਾਲੇ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਰਾਗੀ ਜਥੇ ਅਤੇ ਹੋਰ ਜਥਿਆਂ ਨੇ ਲੱਖਾਂ ਦੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਨੂੰ ਹਰਜਸ ਕੀਰਤਨ ਸੁਣਾ ਕੇ ਨਿਹਾਲ ਕੀਤਾ।