ਅੰਮ੍ਰਿਤਸਰ :- ਖ਼ਾਲਸਾ ਪੰਥ ਦੇ ਸਾਜਣਹਾਰ, ਸਰਬੰਸ ਦਾਨੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇਸ਼-ਵਿਦੇਸ਼ਾਂ ਵਿਚ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖੀ ਸਿਧਾਂਤ ਨੂੰ ਮਜਬੂਤ ਕਰਨ ਲਈ ਉਸ ਵਕਤ ਡਟਕਿ ਪਹਿਰਾ ਦਿੱਤਾ ਜਦੋਂ ਮੁਗਲ ਸਰਕਾਰ ਵੱਲੋਂ ਆਮ ਨਾਗਰਿਕਾਂ ਖਾਸ ਕਰਕੇ ਗੈਰ ਮੁਸਲਮਾਨਾਂ ਤੇ ਧਰਮ ਦੇ ਨਾਮ ਉਪਰ ਹੋ ਰਹੇ ਜ਼ੁਲਮ ਵਿਰੁਧ ਧਰਮ ਯੁੱਧ ਕਰਨ ਦਾ ਅਹਿਮ ਫੈਸਲਾ ਕੀਤਾ ਤੇ ਗੁਰੂ ਸਾਹਿਬ ਵੱਲੋ ਗਰੀਬਾਂ ਤੇ ਹੋ ਰਹੇ ਜਬਰ ਜ਼ੁਲਮ ਦੇ ਮੁੱਦੇ ਨੂੰ ਗਭੀਰਤਾ ਨਾਲ ਲਿਆ ਤੇ ਨਿਆਂ ਦੀ ਖਾਤਰ ਤਲਵਾਰ ਚੁੱਕੀ ਅਤੇ ਜਬਰ ਜ਼ੁਲਮ ਅਨਿਆ ਖਿਲਾਫ ਡੱਟ ਕੇ ਪਹਿਰਾ ਦਿੰਦੇ ਹੋਏ ਮੁਗਲਾਂ ਨੂੰ ਅਨੇਕਾਂ ਯੁੱਧਾਂ ਵਿੱਚ ਮਾਤ ਦਿੱਤੀ। ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੇ ਵੀ ਖੰਡੇ ਬਾਟੇ ਦੀ ਪਾਹੁਲ ਛਕ ਕਹਿੰਦੇ ਕਹਾਉਦੇ ਦੁਸ਼ਮਨ ਲੜਾਕਿਆਂ ਨੂੰ ਮਾਰ ਮੁਕਾਇਆ। ਸੋ ਪੰਥ ਦੇ ਵਾਲੀ ਦਸ਼ਮੇਸ ਪਿਤਾ ਦਾ ਪ੍ਰਕਾਸ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸਤਵੀਂ ਮੁਤਾਬਿਕ 1723 ਬਿਕ੍ਰਮੀ ਨੂੰ ਪਟਨਾ ਸ਼ਹਿਰ ਵਿਖੇ ਹੋਇਆ।
ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਫੁੱਲਾਂ ਨਾਲ ਸ਼ਾਨਦਾਰ ਡੈਕੋਰੇਸ਼ਨ ਕੀਤੀ ਹੋਈ ਸੀ। ਅੱਜ ਅੰਮ੍ਰਿਤ ਵੇਲੇ ਤੋਂ ਹੀ ਲੱਖਾਂ ਦੀ ਗਿਣਤੀ ’ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਤੇ ਇਲਾਹੀ ਬਾਣੀ ਦੇ ਕੀਰਤਨ ਦਾ ਅਨੰਦ ਮਾਣਿਆ ਅਤੇ ਪਾਵਨ ਸਰੋਵਰ ’ਚ ਡੁਬਕੀ ਲਾ ਕੇ ਜੀਵਨ ਸਫ਼ਲਾ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੀਕ ਸੁੰਦਰ ਜਲੌ ਸਜਾਏ ਗਏ। ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਮਨਮੋਹਕ ਲਾਈਟ ਡੈਕੋਰੇਸ਼ਨ ਕੀਤੀ ਗਈ ਅਤੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਤਿਸ਼ਬਾਜ਼ੀ ਵੀ ਚਲਾਈ ਗਈ।
ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਅੰਮ੍ਰਿਤ ਵੇਲੇ ਦੇ ਮੁੱਖ-ਵਾਕ ਦੀ ਕਥਾ ਕੀਤੀ ਤੇ ਰਾਤ 7 ਵਜੇ ਤੋਂ 9 ਵਜੇ ਤੀਕ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਥ ਪ੍ਰਸਿਧ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਰਾਤ 9 ਵਜੇ ਤੋਂ ਕਵੀ ਦਰਬਾਰ ਹੋਇਆ ਜਿਸ ਵਿਚ ਉਘੇ ਕਵੀਜਨਾ ਵੱਲੋਂ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਅਧਾਰਿਤ ਆਪਣੀਆਂ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।