ਐਤਵਾਰ ਦਾ ਦਿਨ ਸੀ। ਜਗਦੀਸ਼ ਅਪਣਾ ਇੱਕ ਸਿੰਗਾ ਸਾਇਕਲ ਲੈ ਕੇ, ਅਪਣੇ ਪਿੰਡ ਜਾ ਰਿਹਾ ਸੀ। ਉਹ ਛੁੱਟੀ ਵਾਲ਼ੇ ਦਿਨ ਘਰ ਦਾ ਗੇੜਾ ਜ਼ਰੂਰ ਮਾਰਦਾ ਸੀ। ਪਿੰਡ ਯਾਰਾਂ ਦੋਸਤਾਂ ਅਤੇ ਅਪਣੇ ਮਾਪਿਆਂ ਨੂੰ ਮਿਲ ਆਉਂਦਾ ਸੀ। ਸ਼ਹਿਰ ਤੋਂ ਥੋੜ੍ਹੀ ਦੂਰ ਹੀ ਗਿਆ ਸੀ ਜਦੋਂ ਉਸਦਾ ਦੋਸਤ ਸਤਿੰਦਰ ਅਪਣੇ ਸਾਇਕਲ ਤੇ ਉਸ ਨਾਲ਼ ਆ ਮਿਲਿਆ।
“ ਓਏ ਕੰਜੂਸ ਹੁਣ ਤਾਂ ਅਪਣੇ ਸਾਇਕਲ ਦਾ ਹੈਂਡਲ ਬਦਲਵਾ ਲੈ। ਕੀ ਕਹਿੰਦੇ ਹੋਣਗੇ ਤੇਰੇ ਜਮਾਤੀ। ਐਨੇ ਮਸ਼ਹੂਰ ਕਾਲਜ ਦਾ ਵਿਦਿਆਰਥੀ ਹੋਵੇ ਅਤੇ ਸਾਇਕਲ ਦੇ ਹੈਂਡਲ ਦਾ ਇੱਕ ਪਾਸਾ ਟੁੱਟਿਆ ਹੋਵੇ। ਕਿੰਨੀ ਕੁ ਦੇਰ ਲੱਕੜ ਦੀ ਡੰਡੋਰਕੀ ਫਸਾ ਕੇ ਕੰਮ ਚਲਾਈ ਜਾਵੇਂਗਾ? ਚੰਗਾ ਥੋੜਾ ਲਗਦਾ ਐ, ਯਾਰਾ। ਤੂੰ ਐਨਾ ਵੀ ਗਰੀਬ ਨਹੀਂ ਕਿ ਪੰਝੀ ਰੁਪਏ ਅਪਣੇ ਵਾਹਨ ਤੇ ਖਰਚ ਨਾ ਸਕੇਂ। ਪਿਛਲੇ ਇੱਕ ਸਾਲ ਤੋਂ ਆਖ ਰਿਹਾ ਹਾਂ ਤੈਨੂੰ। ਜਾਪਦਾ ਐ ਕਿ ਹੁਣ ਮੈਨੂੰ ਹੀ ਅਪਣੀ ਜੇਹਬ ਹਲਕੀ ਕਰਨੀ ਪਵੇਗੀ।” ਸਤਿੰਦਰ ਨੇ ਜਗਦੀਸ਼ ਦੇ ਮੋਢੇ ਤੇ ਹੱਥ ਧਰਿਆ, ਸੁਚੇਤ ਕੀਤਾ, ਭਾਸ਼ਣ ਦੇ ਮਾਰਿਆ।
ਜਗਦੀਸ਼ ਨੇ ਖਲੋ ਕੇ ਮਿੱਤਰ ਵੱਲ ਤੱਕਿਆ, ਮੁਸਕੁਰਾਇਆ ਅਤੇ ਕਿਹਾ,“ ਮਿੱਤਰਾ, ਤੂੰ ਪੂਰੀ ਘਟਨਾ ਤੋਂ ਜਾਣੂੰ ਏਂ। ਸਾਇਕਲ ਜ਼ਖ਼ਮੀ ਕਿਵੇਂ ਹੋਇਆ ਸੀ ਤੂੰ ਮੌਕੇ ਦਾ ਗਵਾਹ ਹੈਂ। ਇਸ ਇੱਕ ਸਿੰਗੇ ਸਾਇਕਲ ਦੀ ਕਥਾ ਸੱਧਰਾਂ ਨਾਲ਼ ਜੁੜੀ ਹੋਈ ਹੈ। ਹੈਂਡਲ ਵਿੱਚ ਲੱਕੜੀ ਫਸੀ ਰਹੇਗੀ ਜਦ ਤੱਕ ਕੁੜੀ ਫਸਦੀ ਨਹੀਂ।” ਜਗਦੀਸ਼ ਨੇ ਗੱਲ ਮਜ਼ਾਕ ਦੇ ਰਾਹੇ ਤੁਰਦੀ ਕੀਤੀ।
“ ਆਹੋ ਤੂੰ ਕੁੜੀ ਵੱਲ ਹੀ ਝਾਕ ਰਿਹਾ ਸੀ। ਸਣੇ ਸਾਇਕਲ ਖੱਡੇ ਵਿੱਚ ਡਿੱਗਿਆ ਸੈਂ। ਬਾਂਹ ਟੁੱਟੀ ਸੀ ਤੇਰੀ ਵੀ। ਸਾਇਕਲ ਦਾ ਫੱਟ ਯਾਦ ਹੈ ਤੇ ਅਪਣਾ ਜ਼ਖਮ ਭੁੱਲ ਗਿਆਂ ਏਂ। ਇਹ ਅੱਧ-ਹੈਂਡਲ ਦੋਪੱਹੀਆ ਕਿਤੇ ਫੇਰ ਧੋਖਾ ਦਉਗਾ। ਮੰਨਿਆਂ ਕੁੜੀ ਬਹੁੱਤ ਹੀ ਸੋਹਣੀ ਸੀ ਪਰ ਕੁੜੀ ਵਾਸਤੇ ਜਾਨ ਦਾ ਖ਼ਤਰਾ ਤਾਂ ਨਹੀਂ ਸੀ ਮੁੱਲ ਲੈਣਾ ਚਾਹੀਦਾ। ਤੇਰੀ ਬਾਂਹ ਤਾਂ ਠੀਕ ਜੁੜ ਗਈ ਹੈ ਪਰ ਗਰੀਬ ਸਾਇਕਲ ਦਾ ਘਾਓ ਪੱਕ ਗਿਆ। ਕੁੜੀ ਨੇ ਆ ਕੇ ਤੈਨੂੰ ਠਿਕਾਣੇ ਲਗਵਾਉਣ ’ਚ ਬਹੁਤ ਮਦਦ ਕੀਤੀ ਸੀ। ਸਮਂੇ ਸਿਰ ਹਸਪਤਾਲ਼ ਪਹੁੰਚ ਗਿਆ, ਕਿਸਮਤ ਸਹੀ ਸੀ। ਹੁਣ ਤੱਕ ਤਾਂ ਉਹ ਕੁੜੀ ਵਿਆਹੀ ਵੀ ਗਈ ਹੋਣੀ ਐਂ।”
“ ਬਾਈ ਸੋਹਣੀ ਚੀਜ਼ ਵੱਲ ਧਿਆਨ ਚਲਾ ਹੀ ਜਾਂਦਾ ਹੈ। ਕੁੜੀਆਂ ਬਣਾਈਆਂ ਹੀ ਰੱਬ ਨੇ ਦਿਲ ਖਿੱਚ ਨੇ। ਖਤਰਾ ਲਿਆਂ ਬਿਨਾ ਚੰਗੀ ਚੀਜ਼ ਹੱਥ ਨਹੀਂ ਆਉਂਦੀ।”
“ ਇਹ ਕੁੜੀਆਂ ਝਾਕਣ ਦੀ ਆਦਤ ਤਿਆਗ ਦੇ ਯਾਰਾ। ਇੰਜੀਨਿਅਰ ਨੂੰ ਸ਼ੋਹਬਾ ਨਹੀਂ ਦਿੰਦਾ। ਥੋੜ੍ਹਾ ਜਿਮੇਵਾਰ ਇਨਸਾਨ ਤਾਂ ਬਣਨਾ ਹੀ ਪਏਗਾ ਹੁਣ। ਨਾਲ਼ੇ ਛਕੜੇ ਸਾਇਕਲ ਦੇ ਮਾਲਕ ਕੋਲ਼ ਕੋਈ ਕੁੜੀ ਨਹੀਂ ਫਸਦੀ। ਮਜ਼ਾਕ ਤਾਂ ਉੜਾ ਸਕਦੀਆਂ ਨੇ। ਕਾਰ ਹੀ ਲੈਣੀ ਪਏਗੀ। ਲੈ ਤਾਂ ਤੂੰ ਸਕਦਾ ਨਹੀਂ , ਚੋਰੀ ਹੀ ਕਰ ਲੈ।” ਮਿੱਤਰ ਖਰੀਆਂ ਸੁਣਾਉਣ ਦੇ ਲਹਿਜੇ ਵਿੱਚ ਬੋਲਿਆ।
“ ਤੂੰ ਠੀਕ ਕਿਹਾ ਯਾਰਾ। ਰਸਤੇ ਵਿੱਚ ਹਸਪਤਾਲ਼ ਵਾਲ਼ੇ ਬੱਸ ਸਟੌਪ ਤੇ ਚਾਰ ਕੁੜੀਆਂ ਖਲੋਤੀਆਂ ਮਿਲਦੀਆਂ ਨੇ। ਮੇਰਾ ਮਜ਼ਾਕ ਬਹੁਤ ਉੜਾਉਂਦੀਆਂ ਨੇ। ਸ਼ਾਇਦ ਕੁੜੀਆਂ ਦੇ ਕਾਲਜ ਪੜ੍ਹਦੀਆਂ ਨੇ। ਕਦੇ ਕਹਿੰਦੀਆਂ ਨੇ ਵਿਚਾਰੇ ਗਰੀਬ ਤੇ ਤਰਸ ਆਉਂਦਾ ਹੈ। ਕਦੇ ਕਹਿੰਦੀਆਂ ਨੇ ਵਿਚਾਰਾ ਕਿਸੇ ਢਾਬੇ ਤੇ ਭਾਡੇ ਮਾਜਦਾ ਹੋਣਾ ਐਂ। ਕਦੀ ਊਚੀ ਊਚੀ ਬੋਲਦੀਆਂ ਨੇ, ਵਿਹਲੜ ਪੇਂਡੂ ਅਵਾਰਾਗਰਦੀ ਕਰਦਾ ਫਿਰਦਾ ਐ। ਖਾਹਮਖਾਹ ਸ਼ਰੀਫ ਨਾਲ਼ ਪੰਗਾ ਲੈਂਦੀਆ ਨੇ, ਅਮੀਰ ਜ਼ਾਦੀਆਂ। ਪਰ ਆਪਾਂ ਕਿਸੇ ਤੋਂ ਕੀ ਲੈਣਾ। ” ਜਗਦੀਸ਼ ਨੇ ਦੋਸਤ ਦੀ ਉਤਸੁਕਤਾ ਵਧਾਈ।
“ ਮੈਂ ਵੀ ਤਾਂ ਉਹਨਾ ਕੁੜੀਆਂ ਦੇ ਕੋਲ਼ੋਂ ਦੀ ਲੰਘ ਕੇ ਆਇਆ ਹਾਂ, ਤੈਥੋਂ ਕੁੱਝ ਮਿੰਟਾਂ ਬਾਅਦ। ਮੈਨੂੰ ਤਾਂ ਕਿਸੇ ਘਾਸ ਨਹੀਂ ਡਾਲੀ, ਮੇਰਾ ਮਤਲਬ ਮੈਨੂੰ ਕੁੱਝ ਨਹੀਂ ਕਿਹਾ।”
“ ਅਪਣੇ ਸਾਇਕਲ ਦਾ ਹੈਂਡਲ ਤੋੜ ਕੇ ਤੂੰ ਵੀ ਛੋਟੀ ਜਿਹੀ ਲੱਕੜ ਦੀ ਛੜੀ ਫਸਾ ਲੈ। ਮੇਰੇ ਇੱਕ ਸਿੰਗੇ ਵਰਗਾ ਕਰ ਲੈ। ਫੇਰ ਵੇਖੀਂ ਅਪਣੇ ਟੁੱਟੇ ਜੰਤਰ ਦਾ ਮੰਤਰ। ਨਹੀਂ ਤਾਂ ਅਪਣਾ ਵਾਹਨ ਮੈਨੂੰ ਦੇ ਦੇ ਅਤੇ ਮੇਰਾ ਸਾਇਕਲ ਤੂੰ ਵਾਹ।” ਜਗਦੀਸ਼ ਨੇ ਮਜ਼ਾਕ ਕੀਤਾ।
ਉਸ ਦਿਨ ਬਹੁਤ ਗਰਮੀ ਸੀ। ਜਗਦੀਸ਼ ਪਿੰਡ ਜਾ ਰਿਹਾ ਸੀ ਜਦੋਂ ਸਾਇਕਲ ਦੇ ਇੱਕ ਟਾਇਰ ਦੀ ਹਵਾ ਨਿਕਲ ਗਈ। ਸਾਇਕਲ ਖਿੱਚਣਾ ਪਿਆ। ਕੁੜੀਆਂ ਫੇਰ ਪਹਿਲਾਂ ਵਾਂਗ ਹੀ ਖਲੋਤੀਆਂ ਦਿੱਸੀਆਂ। ਵਿਚਾਰਾ ਡਰ ਤਾਂ ਰਿਹਾ ਹੀ ਸੀ, ਸੋਚ ਵੀ ਰਿਹਾ ਸੀ, ਉਹ ਕੀ ਕੁੱਝ ਬੋਲਣਗੀਆਂ। ਇਹ ਸ਼ੈਤਾਨ ਟੋਲੀ ਲਗਦੀ ਐ, ਕੁੜੀਆਂ ਦੀ। ਜਦੋਂ ਉਹ ਨੇੜੇ ਆਇਆ ਤਾਂ ਇੱਕ ਬਹਾਦਰ ਕੁੜੀ ਨੇ ਮੋਹਰੇ ਖਲੋ ਕੇ ਉਸ ਨੂੰ ਰੋਕ ਲਿਆ।
“ ਓਏ ਗਰਮੀ ਬਹੁਤ ਹੈ ਮਰ ਜਾਏਂਗਾ ਸਾਇਕਲ ਧੂੰਹਦਾ। ਆਹ ਫੜ ਪੰਜ ਰੁਪੱਈਏ। ਉਹ ਪੇੜ ਤੱਲੇ ਭਾਈ ਬੈਠਾ ਐ ਪੈਂਚਰ ਲੁਆ ਲੈ। ਕੋਈ ਨੌਕਰੀ ਨਹੀਂ ਐ ਤੇਰੇ ਕੋਲ਼? ਮਾਲੀ ਦਾ ਕੰਮ ਕਰ ਸਕਦਾ ਏਂ।” ਕੁੜੀ ਨੇ ਮਦਦ ਕਰਨ ਦਾ ਇਰਾਦਾ ਪ੍ਰਗਟ ਕੀਤਾ।
“ ਮਾਲੀਆਂ ਵਾਲ਼ਾ ਧੰਦਾ ਤਾਂ ਜੀ ਵਧੀਆ ਹੁੰਦਾ ਐ। ਮੇਰਾ, ਇਓਂ ਸਮਝ ਲਵੋ ਕਿ ਇਹ ਬਾਏਂ ਹੱਥ ਦਾ ਕੰਮ ਹੈ। ਖੇਤਾਂ ਵਿੱਚ ਹੀ ਤੇ ਖੇਡਦੇ ਰਹੇ ਆਂ, ਬਚਪਨ ਤੋਂ। ਤੁਸੀਂ ਅਪਣੇ ਪੰਜ ਰੁਪੱਈਏ ਅਪਣੇ ਪਰਸ ਵਿੱਚ ਹੀ ਰੱਖ ਲਵੋ। ਆਪਦੀ ਮਿਹਰਬਾਨੀ ਦਾ ਧੰਨਵਾਦ। ਮੈਂ ਤਾਂ ਉਸ ਫੋਨ ਬੂਥ ਤੱਕ ਹੀ ਜਾਣਾ ਐ। ਦੋਸਤ ਨੂੰ ਫੋਨ ਕਰਕੇ ਬੁਲਾਉਣਾ ਐ। ਪੈਂਚਰ ਲਾਉਣ ਵਾਲਾ ਮੇਰੇ ਪਿੰਡ ਦਾ ਹੀ ਐ, ਜਾਣ ਪਹਿਚਾਣ। ਸਾਇਕਲ ਠੀਕ ਕਰਕੇ ਘਰੇ ਪਹੁੰਚਾ ਦੇਵੇਗਾ। ਦੋਸਤ ਅਪਣੇ ਸਕੂਟਰ ਤੇ ਛੱਡ ਆਵੇਗਾ। ਪਹਿਲਾਂ ਵੀ ਕਈ ਵੇਰ ਐਦਾਂ ਹੀ ਹੋਇਆ ਹੈ, ਕੋਈ ਨਵੀਂ ਘਟਨਾ ਨਹੀਂ।” ਜਗਦੀਸ਼ ਨੇ ਕੁੜੀ ਨੂੰ ਪੈਰਾਂ ਤੋਂ ਚੁੱਨੀ ਤੱਕ ਘੋਖਿਆ। ਰੰਗ ਥੋੜ੍ਹਾ ਸਾਂਵਲਾ, ਪਤਲੀ ਇਕਿਹਰੀ ਹੱਡੀ ਢੁਕਵੀਂ ਡੀਲ ਡੌਲ, ਤਿੱਖੇ ਨੈਣ ਨਕਸ਼, ਕੱਦ ਚੰਗਾ, ਚੀਜ਼ ਸਹੀ ਐ ਪਰ ਪਹੁੰਚ ਤੋਂ ਪਰੇ।
“ ਕੀ ਵੇਖ ਰਿਹਾ ਏਂ। ਕਦੇ ਕੁੜੀ ਨਹੀਂ ਊ ਵੇਖੀ? ਸ਼ੈਸ਼ਨ ਜੱਜ ਦੀ ਧੀ ਐ। ਤੇਰੇ ਵਰਗਿਆਂ ਦੇ ਕੋਲ਼ੋਂ ਦੀ ਤਾਂ ਇਹ ਪਿੱਠ ਕਰਕੇ ਨਿੱਕਲ ਜਾਂਦੀ ਐ। ਫੜ ਲੈ ਪੰਜਾਂ ਦਾ ਨੋਟ। ਸਾਂਭ ਕੇ ਰੱਖੀਂ, ਸੁਵਨਿਅਰ ਬਣਾ ਕੇ। ਫੜ੍ਹਾਂ ਮਾਰਦਾ ਐ ਫੋਨਾ ਅਤੇ ਸਕੂਟਰਾਂ ਦੀਆਂ। ਫੋਨ ਘੁਮਾਉਣਾ ਵੀ ਆਉਂਦਾ ਐ। ਕਦੇ ਸਕੂਟਰ ਨੂੰ ਹੱਥ ਲਗਾ ਕੇ ਵੀ ਵੇਖਿਆ ਐ।” ਕੁੜੀ ਦੀ ਦੋਸਤ ਕੁੜੀ ਨੇ, ਇੱਕੋ ਸਾਹ, ਕਿੰਨਾ ਕੁੱਝ ਬੋਲ ਦਿੱਤਾ। ਛੋਟੇ ਕੱਦ ਦੀ ਕੁੜੀ ਐਨੀ ਬੜਬੋਲੀ, ਜਗਦੀਸ਼ ਹੈਰਾਨ ਸੀ।
“ ਸੁਵਨੇਅਰ, ਪੰਜ ਦਾ ਨੋਟ! ਗੱਲ ਠੀਕ ਹੀ ਹੈ, ਕੁੜੀ ਦੀ। ਮੌਕਾ ਚੰਗਾ ਐ।” ਜਗਦੀਸ਼ ਨੇ ਦਾਤਾ ਕੁੜੀ ਨੂੰ ਫੇਰ ਗਹੁ ਨਾਲ਼ ਵੇਖਿਆ ਅਤੇ ਕਿਹਾ, “ ਆਹ ਨੋਟ ਦੇ ਹੀ ਦਿਓ। ਅਪਣੇ ਕੰਮ ਹੀ ਆਉਗਾ। ਤੁਹਾਡੇ ਕੋਲ਼ ਤਾਂ ਵਾਧੂ ਹੀ ਐ।”
“ ਹੁਣ ਨਹੀਂ। ਪਹਿਲਾਂ ਐਵੇਂ ਰੁਤਬਾ ਜਮਾ ਰਿਹਾ ਸੀ।”
“ ਨਹੀਂ। ਵੈਸੇ ਤੁਹਾਡੇ ਪਿਤਾ ਜੀ ਦਾ ਕੀ ਨਾਂਅ ਹੈ?” ਜਗਦੀਸ਼ ਨੇ ਨੋਟ ਵਾਲ਼ੀ ਗੱਲ ਮਕਾਉਣ ਲਈ ਕੁਝ ਕਹਿ ਦਿੱਤਾ।
“ ਕਿਉਂ ਕੀ ਜ਼ਰੂਰਤ ਪੈ ਗਈ ਮੇਰੇ ਪਿਉ ਨਾਲ! ਕੋਈ ਕਤਲ ਕਰ ਦਿੱਤਾ ਜਾਂ ਨੌਕਰੀ ਚਾਹੀਦੀ ਐ ਜਾਂ ਛਿੱਤਰ ਖਾਣ ਦੀ ਅਗਲੀ ਸਕੀਮ ਐ। ਵੈਸੇ ਅੱਜ ਕੱਲ੍ਹ ਚਪੜਾਸੀਆਂ ਦੀ ਭਰਤੀ ਵੀ ਹੋ ਰਹੀ ਐ। ਦਸਵੀਂ ਪਾਸ ਹੋਣਾ ਜ਼ਰੂਰੀ ਐ। ਅਨਪੜ੍ਹਾਂ ਨੂੰ ਤਾਂ ਚਪੜਾਸੀ ਵੀ ਨਹੀਂ ਰੱਖਦੇ।” ਕੁੜੀ ਨੇ ਟੇਹਡੇ ਸ਼ਬਦਾਂ ਰਾਹੀਂ ਅਪਣਾ ਵਡੱਪਣ ਦਰਸ਼ਾਇਆ।
“ ਸਹੀ ਕਿਹਾ। ਪਰ ਜੋ ਬੰਦੇ ਦੀ ਤਕਦੀਰ ਵਿੱਚ ਵਿਧਾਤੇ ਲਿਖ ਦਿੱਤਾ ਉਹ ਵਾਪਰੀ ਜਾਂਦਾ ਹੈ। ਕੀ ਪਤਾ ਕੀ ਬਣੂ।”
“ ਕਿਸਮਤ ਦੇ ਰਾਗ ਅਲਾਪਦੇ ਰਿਹਾ ਕਰੋ। ਕਦੇ ਚਾਰ ਅੱਖਰ ਪੜ੍ਹ ਕੇ ਵੀ ਅਪਣੀ ਮਾਲੀ ਹਾਲਤ ਸੁਧਾਰਨ ਦੀ ਸੋਚ ਲਿਆ ਕਰੋ। ਇਹਨਾਂ ਪੇਂਡੂਆਂ ਦੀ ਮੱਤ, ਪਤਾ ਨਹੀਂ ਕਦੋਂ ਆਵੇਗੀ ਸਹੀ ਰਾਹ ਤੇ!” ਭਾਸ਼ਣ ਸੁਣਕੇ ਸਾਥਣਾ ਵੀ ਪਿੱਛੇ ਨਾ ਰਹੀਆਂ। ਕੁੱਝ ਇਹ ਬੋਲੀ ਤੇ ਕੁੱਝ ਓਹ, ਇੱਕ ਤੋਂ ਬਾਅਦ ਦੂਜੀ, ਬੋਲਦੀ ਗਈ। ਭਲੋਂ ਨੂੰ ਸਤਿੰਦਰ ਵੀ ਪਹੁੰਚ ਗਿਆ। ਕੁੜੀਆਂ ਦੇ ਧੱਕੇ ਚੜ੍ਹਿਆ ਦੋਸਤ ਕਿਸੇ ਠਿਕਾਣੇ ਤਾਂ ਲਗਾਉਣਾ ਹੀ ਸੀ।
“ ਜਗਦੀਸ, ਓਏ ਕੀ ਪੰਗਾ ਲੈ ਲਿਆ। ਇਹ ਤਾਂ ਅਮੀਰਾਂ ਦੀਆਂ ਵਿਗੜੀਆਂ ਹੋਈਆਂ ਕੁੜੀਆਂ ਨੇ।” ਦੋਸਤ ਬੋਲਿਆ।
“ ਟਾਇਰ ਫਲੈਟ ਹੋ ਗਿਆ।”
“ ਰੁੜ੍ਹ ਜਾਣੀ ਬੱਸ ਵੀ ਤਾਂ ਨਹੀਂ ਆ ਰਹੀ। ਅੱਜ। ਨੀ ਸਿਮਰਨ, ਛੱਡ ਇਹਨਾਂ ਮੁਸ਼ਟੰਡਿਆਂ ਦਾ ਖਹਿੜਾ। ਫੇਰ ਇੱਕ ਹੋਰ ਆ ਜਾਏਗਾ ਤੇ ਫੇਰ ਹੋਰ। ਐਵੇਂ ਗੱਲ ਵਧ ਜਾਏਗੀ। ” ਇੱਕ ਕੁੜੀ ਨੇ ਸਲਾਹ ਦਿੱਤੀ।
“ ਕੀ ਬਕਦੀ ਐਂ ਕੁੜੀਏ। ਤੈਨੂੰ ਅਸੀਂ ਮੁਸਟੰਡੇ ਲਗਦੇ ਆਂ। ਜ਼ਬਾਨ ਨੂੰ ਤਾਲਾ ਲਗਾ।” ਸਤਿੰਦਰ ਰੋਹ ਨੇ ਜਕੜ ਲਿਆ।
“ ਯਾਰਾ ਕੁੜੀਆਂ ਨਾਲ ਗੁੱਸਾ ਨਹੀਂ ਕਰੀਦਾ। ਪਿਆਰ ਨਾਲ਼ ਪੇਸ਼ ਆਉਣਾ ਹੀ ਅਕਲਮੰਦੀ ਐ। ਇਹ ਤਾਂ ਬਹੁਤ ਨਰਮ ਦਿਲ ਹੁੰਦੀਆਂ ਨੇ।” ਜਗਦੀਸ਼ ਨੇ ਅੱਗ ਭੜਕਣ ਤੋਂ ਪਹਿਲਾਂ ਹੀ ਬੁਝਾ ਦਿੱਤੀ।
“ ਤੂੰ ਇਹਨਾਂ ਦੀ ਅਬਾ ਤਬਾ ਕਿੰਨੇ ਕੁ ਚਿਰ ਤੋਂ ਸੁਣ ਰਿਹਾ ਏਂ? ਮੰਨ ਗਏ ਤੇਰੇ ਸਬਰ ਨੂੰ ਵੀ!”
“ ਮੈਂ ਸੁਣਿਆ ਤੇਰਾ ਇੰਜੀਨਿਅਰਿੰਗ ਕਾਲਜ ਕੁੱਝ ਦਿਨਾ ਲਈ ਬੰਦ ਹੈ? ਹੋਸਟਲ ਵੀ ਬੰਦ ਹੀ ਹੋਣਗੇ।”
“ ਨਹੀਂ।”
“ ਪਿੰਡ ਹੀ ਰਹੇਂਗਾ?”
“ ਸ਼ਾਇਦ। ਜੱਗੇ ਬਾਈ, ਸਾਇਕਲ ਸਾਂਭੀ। ਟਾਇਰ ਗੁੱਲ ਹੋ ਗਿਆ। ਘਰੇ ਦੇ ਜਾਂਵੀਂ।” ਪਿੰਡ ਦੇ ਮਿਸਤਰੀ ਨੂੰ ਦੂਰੋਂ ਹੀ ਆਵਾਜ਼ ਮਾਰ, ਸਾਇਕਲ ਸੜਕ ਤੋਂ ਜ਼ਰਾ ਪਰੇ ਖਲ੍ਹਾਰ, ਜਗਿੰਦਰ ਸਕੂਟਰ ਤੇ ਬੈਠਣ ਲਈ ਦੋਸਤ ਵੱਲ ਅੱਗੇ ਵਧਿਆ।
“ ਤੁਸੀਂ ਇੰਜੀਨਿਅਰਿੰਗ ਕਾਲਜ ਪੜ੍ਹਦੇ ਹੋ? ਪਲੀਜ਼ ਮੈਂ ਬਹੁਤ ਸੌਰੀ ਆਂ। ਪਲੀਜ਼, ਪਲੀਜ਼, ਪਲੀਜ਼-ਮੈਂ ਕਿਸੇ ਦਿਨ ਫੇਰ ਮੁਆਫੀ ਮੰਗਾਂਗੀ ਮੇਰੀ ਬੱਸ ਆ ਰਹੀ ਹੈ।” ਸਿਮਰਨ ਬੱਸ ਵੱਲ ਭੱਜਦੀ ਬੋਲੀ। ਕਈ ਹੋਰ ਕੁੜੀਆਂ ਵੀ ਨਾਲ਼ ਹੀ ਬੱਸ ਚੜ੍ਹ ਗਈਆਂ।
ਕੁੜੀਆਂ ਤਾਂ ਮਿਲਦੀਆਂ ਪਰ ਹੁਣ ਵਾਣੀ ਦਾ ਲਹਿਜਾ ਕਾਫੀ ਸੁਧਰ ਗਿਆ। ਮਿੱਠੀ ਜਿਹੀ ਸਤਿ ਸ੍ਰੀ ਅਕਾਲ ਬੋਲਦੀਆਂ। ਕਈ ਵੇਰ ਸੁਆਲ ਕਰਦੀਆਂ,“ ਤੁਸੀਂ ਸਾਇਕਲ ਦਾ ਹੈਂਡਲ ਕਿਊਂ ਨਹੀਂ ਬਦਲਵਾਉਂਦੇ?”
“ ਅਜੇ ਦੱਸਣ ਦਾ ਸਮਾਂ ਨਹੀਂ ਆਇਆ। ਕਿਸੇ ਭਲੇ ਪਲ ਦੱਸਾਂਗਾ।” ਉਹ ਮੁਸਕਰਾਉਂਦਾ, ਪ੍ਰਸ਼ਨ ਨੂੰ ਗੋਲ਼ ਮੋਲ਼ ਉਤਰ ਨਾਲ਼ ਖੁਰਦ ਬੁਰਦ ਕਰ, ਪੈਡਲ ਦਬਾ ਅਪਣਾ ਰਾਹ ਫੜਦਾ।
ਜਗਦੀਸ਼ ਦਾ ਕੋਰਸ ਮੁੱਕਣ ਤੇ ਆ ਗਿਆ। ਡਿਗਰੀ ਮਿਲਣ ਵਿੱਚ ਕੁੱਝ ਮਹੀਨੇ ਹੀ ਰਹਿ ਗਏ। ਇਕ ਦਿਨ ਅਚਾਨਕ ਜੱਜ ਦੀ ਅਮੀਰਜ਼ਾਦੀ ਨੇ ਉਸ ਨੂੰ ਫੇਰ ਰੋਕ ਲਿਆ, ਹੈਂਡਲ ਵਿੱਚ ਫੜੀ ਡੰਡੋਰਕੀ ਫੜ ਸਾਹਮਣੇ ਆ ਖਲੋਈ।
“ ਅੱਜ ਤਾਂ ਦੱਸਣਾ ਹੀ ਪਏਗਾ। ਤੁਸੀਂ ਸਾਇਕਲ ਠੀਕ ਕਿਉਂ ਨਹੀਂ ਕਰਵਾਉਂਦੇ? ਪਲੀਜ਼ ਹੋਰ ਬੋਰ ਨਾ ਕਰੋ। ਬੁਝਾਰਤ ਸਾਥੋਂ ਬੁੱਝੀ ਨਹੀਂ ਜਾਂਦੀ। ਸਹੀ ਜੁਆਬ ਹੀ ਦੇਣਾ। ਬੁਝਾਰਤ ਨਾਲ਼ ਕੋਈ ਨਵੀਂ ਬੁਝਾਰਤ ਨਾ ਜੋੜ ਦੇਣਾ। ਮੇਰੇ ਡੈਡੀ ਵੀ ਹੈਰਾਨ ਹਨ।” ਕੁੜੀ ਕਾਰਨ ਜਾਣਨਾ ਚਾਹੁੰਦੀ ਸੀ।
“ ਨਿੱਕੀ ਜਿਹੀ ਗੱਲ ਐਡੇ ਵੱਡੇ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਲੈ ਜਾਣ ਦੀ ਕੀ ਜ਼ਰੂਰਤ ਪੈ ਗਈ ਸੀ। ਗੱਲ ਤਾਂ ਕੋਈ ਖਾਸ ਨਹੀਂ। ਹੋਸਟਲ ਦੇ ਮੁੰਡਿਆਂ ਨੇ ਇਹ ਵਾਹਨ ਜਗਤ ਪਰੌਪਰਟੀ ਬਣਾ ਲਈ ਐ। ਮੈਂ ਇਸਦਾ ਹੈਂਡਲ, ਮੋਹਰਲੇ ਬਰੇਕ, ਮੱਡਗਾਰਡ ਬਹੁ ਸੰਮਤੀ ਕਾਰਨ ਠੀਕ ਨਹੀਂ ਕਰਵਾ ਸਕਦਾ। ਟੱਲੀ ਠੀਕ ਰੱਖੀਦੀ ਐ ਤਾਂ ਜੋ ਕਿਸੇ ਅਚੇਤ ਮੁਸਾਫਰ ਨੂੰ ਖਤਰੇ ਤੋਂ ਜਾਣੂ ਵੀ ਕਰਵਾਇਆ ਜਾ ਸਕੇ। ਐਸਾ ਸਾਇਕਲ ਚੋਰ ਚੋਰੀ ਕਰਕੇ ਵੀ ਪਛਤਾਵੇਗਾ ਹੀ। ਤਾਲਾ ਲਗਾਉਣ ਦੀ ਮਨਾਹੀ ਹੈ। ਜੋ ਚਾਹੇ, ਜਦੋਂ ਚਾਹੇ ਵਰਤ ਸਕਦਾ ਹੈ। ਇਹ ਹਰਮਨ ਪਿਆਰਾ ਜੰਤਰ ਔਖੇ ਵੇਲੇ ਕੰਮ ਆ ਜਾਂਦਾ ਹੈ।” ਜਗਦੀਸ਼ ਨੇ ਅਪਣੇ ਵੱਲੋਂ ਸੱਚ ਕਹਿ ਦਿੱਤਾ।
“ ਕਮਾਲ ਐ। ਕਹਾਣੀ ਚੰਗੀ ਘੜ ਲਈ।” ਕੁੜੀ ਨੇ ਅਪਣੀ ਠੋਡੀ ਫੜੀ, ਜਗਦੀਸ਼ ਵੱਲ ਸ਼ੱਕੀ ਨਿਗਾਹ ਘੁਮਾਈ ਅਤੇ ਸੁਆਲ ਕੀਤਾ,“ ਤੁਸੀਂ ਨਵੇਂ ਹੋਸਟਲ ਵਿੱਚ ਰਹਿੰਦੇ ਹੋ। ਮੈਨੂੰ ਤੁਹਾਡਾ ਰੂੰਮ ਨੰਬਰ ਵੀ ਪਤਾ ਹੈ।”
“ ਤੂੰ ਪਤਾ ਹੀ ਕਿਉ ਕੀਤਾ? ਕੋਈ ਗ਼ਲਤੀ ਹੋ ਗਈ ਮੈਥੋਂ, ਮੈਂ ਤੈਨੂੰ ਕਦੇ ਕੁਛ ਕਿਹਾ ਤਾਂ ਨਹੀਂ, ਜਿੱਥੋਂ ਤੱਕ ਮੈਨੂੰ ਯਾਦ ਹੈ।” ਜਗਦੀਸ਼ ਥੋੜ੍ਹਾ ਪ੍ਰੇਸ਼ਾਨ ਜ਼ਰੂਰ ਹੋਇਆ।
“ ਮੇਰੇ ਮਾਮਾਂ ਜੀ ਪ੍ਰੋਫੈਸਰ ਨੇ ਤੁਹਾਡੇ ਕਾਲਜ ਵਿੱਚ। ਸਾਡਾ ਪਿੰਡ ਹਿਮਾਚਲ ਵਿੱਚ ਹੈ।” ਕੁੜੀ ਗੱਲ ਅਧੂਰੀ ਛੱਡ ਬੱਸ ਸਟਾਪ ਤੇ ਜਾ ਸਾਥਣਾ ਵਿੱਚ ਜਾ ਖਲੋਤੀ।
ਦਿਨ ਬੀਤਦੇ ਗਏ। ਜਗਦੀਸ਼ ਨੌਕਰੀ ਲੱਭ ਹਿਹਾ ਸੀ। ਇਕ ਦਿਨ ਉਸਦੇ ਬਾਪੂ ਜੀ ਨੇ ਕਿਹਾ,“ ਪੁੱਤਰ ਤੇਰੇ ਵਾਸਤੇ ਰਿਸ਼ਤਾ ਅਇਆ ਹੈ। ਅਸੀਂ ਕੁੜੀ ਵੇਖਣ ਵੀ ਜਾਣਾ ਹੈ। ਅਪਣੀ ਮਾਤਾ ਤੋਂ ਪੂਰਾ ਵੇਰਵਾ ਲੈ ਅਤੇ ਦੱਸ ਅਪਣਾ ਇਰਾਦਾ, ਛੇਤੀ। ਸਾਡੇ ਘਰ ਵਾਰੇ ਪੁੱਛ ਗਿੱਛ ਕਈ ਵੇਰ ਕਰ ਗਏ ਨੇ। ਅਪਣੀ ਮਾਤਾ ਦੀ ਗੱਲਾਂ ਤੋਂ ਜਗਦੀਸ਼ ਨੂੰ ਕਾਫੀ ਅੰਦਾਜ਼ਾ ਹੋ ਗਿਆ ਤੇ ਉਹ ਛੇਤੀ ਮੰਨ ਵੀ ਗਿਆ।
ਮਾਪਿਆਂ ਦਾ ਫਰਮਾਬਰਦਾਰ ਪੁੱਤਰ, ਉਸ ਦਾ ਦੋਸਤ ਸਤਿੰਦਰ, ਮਾਪਿਆਂ ਨਾਲ਼ ਸ਼ਹਿਰ ਕੁੜੀ ਵੇਖਣ ਗਏ। ਹੈਰਾਨ ਹੋ ਗਏ ਐਡੀ ਵੱਡੀ ਕੋਠੀ ਵੇਖ ਕੇ। ਤਸ਼ਰੀਫ ਰੱਖੀ ਪਰ ਡਰਦਿਆਂ। ਜਦੋਂ ਸਿਮਰਨ ਮਹਿਮਾਨ ਨਿਵਾਜੀ ਲਈ ਸਾਹਮਣੇ ਆਈ ਤਾਂ ਜਗਦੀਸ਼ ਦਾ ਅੰਦਾਜ਼ਾ ਸਹੀ ਨਿੱਕਲਿਆ। ਕੁੜੀ ਦੇ ਮਾਪਿਆਂ ਨੂੰ ਜਿਵੇਂ ਸਭ ਪਹਿਲਾਂ ਹੀ ਪਤਾ ਹੋਵੇ, ਕੋਈ ਪੁੱਛ ਪੜਤਾਲ ਕੀਤੀ ਹੀ ਨਾ।
“ ਕੁੜੀ ਪਸੰਦ ਆਈ?” ਸਿਮਰਨ ਨੇ ਕਿਹਾ। ਬਰਫੀਆਂ ਅਤੇ ਫਰੂਟ ਸੈਲਡ ਰੱਖਦਿਆਂ, ਮੁਸਕੁਰਾਈ ਤੇ ਪੁੱਛਿਆ, “ ਅੱਜ ਵੀ ਵਾਹਨ ਇੱਕ ਸਿੰਗਾ ਹੀ ਲੈ ਕੇ ਆਏ ਹੋ, ਸੂਟ ਪਹਿਨ ਕੇ।”
“ ਨਹੀਂ, ਅੱਜ ਮੁਰੱਮਤ ਕਰਵਾ ਲਈ ਹੈ। ਵਾਹਨ ਸੰਪੂਰਨ ਹੋ ਗਿਆ। ਡੰਡੋਰਕੀ ਵੀ ਇਸ ਨੇ ਅਪਣੇ ਸੂਟ ਕੇਸ ਵਿੱਚ ਸੰਭਾਲ ਲਈ ਹੈ।” ਸਤਿੰਦਰ ਨੇ ਉੱਤਰ ਦਿੱਤਾ। ਦੋਸਤ ਦਾ ਐਨਾ ਫਰਜ਼ ਤਾਂ ਬਣਦਾ ਹੀ ਸੀ।
“ ਪਲੀਜ਼ ਕਿਉਂ ਕੀਤਾ ਐਦਾਂ। ਮੈਂ ਤਾਂ ਇੱਕ ਸਿੰਗੇ ਤੇ ਬੈਠ ਕੇ ਜਾਣਾ ਸੀ ਇਹਨਾਂ ਨਾਲ਼, ਪਿੰਡ।”
“ ਜ਼ਰੂਰ, ਸਾਇਕਲ ਤੇ ਸਵਾਰੀ ਜ਼ਰੂਰ ਕਰਵਾਵਾਂਗਾ। ਕਿਸਮਤ ਦਾ ਧਨੀ ਐ ਮੇਰਾ ਸਾਇਕਲ। ਸਾਇਕਲ ਦਾ, ਅਪਣਾ ਹੱਕ ਵੀ ਤਾਂ ਬਣਦਾ ਹੈ, ਮਾਣ ਮਹਿਸੂਸ ਕਰਨ ਦਾ।
“ ਪੁੱਤਰ ਤੁਸੀਂ ਤਾਂ ਐਦਾਂ ਗੱਲਾ ਕਰਦੇ ਹੋ ਜਿਵੇਂ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹੋ।” ਜਗਦੀਸ਼ ਦੇ ਪਿਉ ਨੇ ਹੈਰਾਨ ਹੋ ਕਿਹਾ।
“ ਤੁਸੀਂ ਠੀਕ ਸੋਚਿਆ ਜੀ। ਅੱਜ ਕੱਲ੍ਹ ਦੇ ਬੱਚੇ ਮਾਪਿਆਂ ਨੂੰ ,ਅਪਣਾ ਫੈਸਲਾ ਹੀ ਸੁਣਾਉਂਦੇ ਨੇ।—” ਸਿਮਰਨ ਦੇ ਪਿਉ ਨੇ ਗੱਲ ਵਿਸਥਾਰ ਨਾਲ਼ ਦੱਸ ਹੀ ਦਿੱਤੀ।
“ ਅਮਰੀਕਾ ਤੈਨੂੰ ਜਹਾਜ਼ ਤੇ ਹੀ ਲੈ ਕੇ ਜਾਵਾਂਗਾ, ਛੇਤੀ ਹੀ। ਯੂਨੀਵਰਸਿਟੀ ਦਾਖ਼ਲਾ ਮਿਲਣ ਦੀ ਗੱਲ ਬਣਦੀ ਨਜ਼ਰ ਆ ਰਹੀ ਐ।” ਜਗਦੀਸ਼ ਨੇ ਕਿਹਾ।
“ ਏਅਰਪੋਰਟ ਤੱਕ ਤਾਂ ਇੱਕ ਸਿੰਗਾ ਜਾ ਸਕਦਾ ਹੈ। ਇਹ ਜੰਤਰ ਤਾਂ ਮੰਤਰ ਦਾ ਕੰਮ ਕਰ ਗਿਆ। ਸੜਕ ਤੇ ਕੀਤੇ ਮਜ਼ਾਕ ਦਾ ਇਹ ਨਤੀਜਾ ਨਿੱਕਲੇਗਾ, ਸੋਚਿਆ ਨਾ ਸੀ।”