ਭੁਬਨੇਸ਼ਵਰ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀ ਜਗ੍ਹਾ ਚੀਨ ਲੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਕੁਝ ਸਮੇਂ ਤੋਂ ਇਸ ਖੇਤਰ ਵਿੱਚ ਭਾਰਤ ਦੀ ਸਥਿਤੀ ਥੱਲੇ ਡਿੱਗੀ ਹੈ ਅਤੇ ਚੀਨ ਵਰਗੇ ਦੇਸ਼ਾਂ ਨੇ ਸਾਨੂੰ ਪਿੱਛੇ ਛੱਡ ਦਿੱਤਾ ਹੈ।
ਡਾ: ਮਨਮੋਹਨ ਸਿੰਘ ਨੇ ਭੁਬਨੇਸ਼ਵਰ ਵਿੱਚ 99ਵੇਂ ਭਾਰਤੀ ਵਿਗਿਆਨ ਕਾਂਗਰਸ ਦੇ ਉਦਘਾਟਨ ਸਮੇਂ ਕਿਹਾ, “ਪਿੱਛਲੇ ਕੁਝ ਦਹਾਕਿਆਂ ਤੋਂ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀ ਸਥਿਤੀ ਵਿੱਚ ਲਗਾਤਾਰ ਗਿਰਾਵਟ ਆਈ ਹੈ ਅਤੇ ਚੀਨ ਵਰਗੇ ਦੇਸ਼ ਅੱਗੇ ਨਿਕਲ ਰਹੇ ਹਨ।” ਉਨ੍ਹਾਂ ਅਨੁਸਾਰ, “ ਚੀਜ਼ਾਂ ਬਦਲ ਰਹੀਆਂ ਹਨ, ਅਸਾਂ ਜੋ ਪ੍ਰਾਪਤ ਕੀਤਾ ਹੈ ਸਿਰਫ਼ ਇਸ ਗੱਲ ਤੇ ਸੰਤੁਸ਼ਟ ਨਹੀਂ ਹੋ ਸਕਦੇ। ਇਸ ਖੇਤਰ ਵਿੱਚ ਸਾਨੂੰ ਹੋਰ ਬਦਲਾਅ ਕਰਨ ਦੀ ਲੋੜ ਹੈ। ਸਾਨੂੰ ਵਿਗਿਆਨ ਵਿੱਚ ਸਪਲਾਈ ਨੂੰ ਹੋਰ ਮਜ਼ਬੂਤ ਕਰਨਾ ਹੈ। ਇਹ ਸੱਚ ਹੈ ਕਿ ਵਿਗਿਆਨ ਅਤੇ ਇੰਜਨੀਅਰਿੰਗ ਚੰਗੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਇਸ ਵਿੱਚ ਚੰਗਾ ਕੈਰੀਅਰ ਨਾਂ ਹੋਣ ਕਰਕੇ ਉਹ ਬਾਅਦ ਵਿੱਚ ਹੋਰ ਖੇਤਰ ਚੁਣ ਲੈਂਦੇ ਹਨ।
ਪ੍ਰਧਾਨਮੰਤਰੀ ਨੇ ਇਹ ਵੀ ਕਿਹਾ ਕਿ ਸਾਨੂੰ ਵਿਗਿਆਨ ਤੇ ਹੋਰ ਖਰਚ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਖੋਜ ਅਤੇ ਵਿਕਾਸ ਤੇ ਜੀਡੀਪੀ ਦਾ ਬਹੁਤ ਘੱਟ ਹਿੱਸਾ ਖਰਚ ਕੀਤਾ ਜਾਂਦਾ ਹੈ। ਅਸਾਂ 12ਵੀਂ ਪੰਜ ਸਾਲਾ ਯੋਜਨਾ ਦੇ ਅੰਤ ਤੱਕ ਇਸ ਤੇ ਜੀਡੀਪੀ ਦਾ 2% ਖਰਚ ਕਰਨ ਦਾ ਉਦੇਸ਼ ਹਾਸਿਲ ਕਰਨਾ ਹੈ, ਜੋ ਇਸ ਸਮੇਂ 0.9 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਤਦ ਹੀ ਹੋ ਸਕਦਾ ਹੈ ਜੇ ਉਦਯੋਗ ਜਗਤ ਆਪਣਾ ਯੋਗਦਾਨ ਵਧਾਵੇ। ਇਸ ਸਮੇਂ ਖੋਜ ਅਤੇ ਵਿਕਾਸ ਕੰਮਾਂ ਦਾ 25% ਉਦਯੋਗ ਜਗਤ ਹੀ ਖਰਚ ਕਰਦਾ ਹੈ।