ਕਾਬਲ- ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰੀਕਾ ਅਤੇ ਕਰਜ਼ਈ ਸਰਕਾਰ ਸਾਡੇ ਨਾਲ ਇਸ ਗੱਲ ਤੇ ਸਹਿਮੱਤ ਹੋ ਗਏ ਹਨ ਕਿ ਅਸੀਂ ਆਪਣਾ ਦਫ਼ਤਰ ਖਾੜੀ ਦੇ ਦੇਸ਼ ਕੱਤਰ ਵਿੱਚ ਖੋਲ੍ਹ ਸਕਦੇ ਹਾਂ। ਅਮਰੀਕਾ ਅਤੇ ਤਾਲਿਬਾਨ ਦਰਮਿਆਨ ਪਿੱਛਲੇ ਕੁਝ ਅਰਸੇ ਤੋਂ ਸ਼ਾਂਤੀ ਸਥਾਪਨਾ ਲਈ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ।
ਅਮਰੀਕਾ ਤਾਲਿਬਾਨ ਨਾਲ ਸਮਝੌਤਾ ਕਰਕੇ ਇਸ ਖਿੱਤੇ ਵਿੱਚ ਸ਼ਾਂਤੀ ਵਿਵਸਥਾ ਬਹਾਲ ਕਰਨਾ ਚਾਹੁੰਦਾ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਪਹਿਲਾਂ ਤਾਂ ਇਸ ਗੱਲ ਨਾਲ ਸਹਿਮੱਤ ਨਹੀਂ ਸਨ ਪਰ ਹੁਣ ਉਨ੍ਹਾਂ ਨੇ ਵੀ ਸਮਰਥਣ ਕਰ ਦਿੱਤਾ ਹੈ। ਤਾਲਿਬਾਨ ਗਵਾਂਤਾਨਾਮੋ ਬੇਅ ਦੀ ਅਮਰੀਕੀ ਜੇਲ੍ਹ ਤੋਂ ਆਪਣੇ ਕੈਦੀਆਂ ਦੀ ਰਿਹਾਈ ਚਾਹੁੰਦੇ ਹਨ। ਤਾਲਿਬਾਨ ਦੇ ਇਸ ਰਾਜਨੀਤਕ ਦਫਲਤਰ ਖੁਲ੍ਹਣ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨਾਲ ਨਜਿਠਣ ਲਈ ਸਹੀ ਦਿਸ਼ਾਂ ਮਿਲੇਗੀ। ਤਾਲਿਬਾਨ ਦਾ ਹੁਣ ਇੱਕ ਅਜਿਹਾ ਟਿਕਾਣਾ ਹੋਵੇਗਾ, ਜਿੱਥੇ ਗੱਲਬਾਤ ਕੀਤੀ ਜਾ ਸਕੇਗੀ। ਹਾਲ ਹੀ ਵਿੱਚ ਅਮਰੀਕਾ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਉਨ੍ਹਾਂ ਦੇ ਅਧਿਕਾਰੀ ਤਾਲਿਬਾਨ ਨਾਲ ਸਮਝੌਤਾ ਕਰਨ ਸਬੰਧੀ ਕਈ ਮੀਟਿੰਗਾਂ ਕਰ ਚੁੱਕੇ ਹਨ।