ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਸਾਹਿਬਾਨ ਡਾ: ਗੁਰਚਰਨ ਸਿੰਘ ਕਾਲਕਟ, ਡਾ: ਸਰਦਾਰਾ ਸਿੰਘ ਜੌਹਲ, ਡਾ: ਅਮਰਜੀਤ ਸਿੰਘ ਖਹਿਰਾ, ਡਾ: ਕਿਰਪਾਲ ਸਿੰਘ ਔਲਖ, ਵਰਤਮਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਅਤੇ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਸੰਚਾਰ ਕੇਂਦਰ ਦੇ ਅਧਿਆਪਕ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਦੇ ਲਿਖੇ ਗੀਤ ਸੰਗ੍ਰਿਹ ‘ਫੁੱਲਾਂ ਦੀ ਝਾਂਜਰ’ ਦੇ ਦੂਸਰੇ ਸੰਸਕਰਣ ਨੂੰ ਯੂਨੀਵਰਸਿਟੀ ਸਥਿਤ ਸਟਨ ਹਾਊਸ ਵਿਖੇ ਗੈਰ ਰਸਮੀ ਅੰਦਾਜ਼ ਨਾਲ ਲੋਕ ਅਰਪਣ ਕੀਤਾ।
ਇਸ ਮੌਕੇ ਅਸ਼ੀਰਵਾਦ ਦਿੰਦਿਆਂ ਡਾ: ਅਮਰਜੀਤ ਸਿੰਘ ਖਹਿਰਾ ਨੇ ਆਖਿਆ ਕਿ ਡਾ; ਮਹਿੰਦਰ ਸਿੰਘ ਰੰਧਾਵਾ ਦੀ ਦੂਰਦ੍ਰਿਸ਼ਟੀ ਸਦਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਗਿਆਨ ਅਤੇ ਸਾਹਿਤ ਦਾ ਸੁਮੇਲ ਕੀਤਾ ਗਿਆ ਸੀ ਉਸ ਦੀ ਅੱਜ ਦੇ ਸਮਾਜ ਨੂੰ ਹੋਰ ਵੀ ਵਧ ਲੋੜ ਹੈ। ਉਨ੍ਹਾਂ ਆਖਿਆ ਕਿ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਥੇ ਡਾ: ਮਹਿੰਦਰ ਸਿੰਘ ਰੰਧਾਵਾ, ਡਾ: ਸਰਦਾਰਾ ਸਿੰਘ ਜੌਹਲ, ਡਾ: ਸੁਰਜੀਤ ਪਾਤਰ ਦੀਆਂ ਸੇਵਾਵਾਂ ਦਿੱਤੀਆਂ ਉਥੇ ਵਰਤਮਾਨ ਪ੍ਰਧਾਨ ਹੀ ਸਾਡਾ ਹੀ ਸਾਥੀ ਹੈ। ਇਹ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ। ਡਾ: ਸਰਦਾਰਾ ਸਿੰਘ ਜੌਹਲ ਨੇ ਆਖਿਆ ਕਿ ਗਿਆਨ ਵਿਗਿਆਨ ਅਤੇ ਕੋਮਲ ਕਲਾਵਾਂ ਦੇ ਖੇਤਰ ਵਿੱਚ ਇਸ ਯੂਨੀਵਰਸਿਟੀ ਕੈਂਪਸ ਦੇ ਯੋਗਦਾਨ ਨੂੰ ਪੂਰੇ ਦੇਸ਼ ਵਿੱਚ ਸਤਿਕਾਰ ਹਾਸਿਲ ਹੈ। ਡਾ: ਗੁਰਚਰਨ ਸਿੰਘ ਕਾਲਕਟ ਅਤੇ ਡਾ: ਕਿਰਪਾਲ ਸਿੰਘ ਔਲਖ ਨੇ ਵੀ ਇਸ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਲੇਖਕ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੇ ਪੰਜ ਮੁਖੀ ਸਾਹਿਬਾਨ ਤੋਂ ਇਸ ਕਿਤਾਬ ਦੇ ਦੂਸਰੇ ਸੰਸਕਰਣ ਦਾ ਲੋਕ ਅਰਪਣ ਹੋਣਾ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਇਨ੍ਹਾਂ ਸਾਰੇ ਮਹਾਂ ਅਨੁਭਵੀਆਂ ਦੀ ਅਗਵਾਈ ਹੇਠ ਹੀ ਮੈਂ ਆਪਣੀਆਂ ਅੱਠ ਕਿਤਾਬਾਂ ਦੀ ਸਿਰਜਣਾ ਇਸ ਯੂਨੀਵਰਸਿਟੀ ਵਿੱਚ ਕੰਮ ਕਰਦਿਆਂ ਕੀਤੀ ਹੈ । ਉਨ੍ਹਾਂ ਦੱਸਿਆ ਕਿ ਇਸ ਕਿਤਾਬ ਵਿੱਚ ਭਰੂਣ ਹੱਤਿਆ, ਨਸ਼ਾਖੋਰੀ, ਕੰਮਚੋਰੀ, ਪੇਂਡੂ ਕਰਜ਼ਦਾਰੀ ਅਤੇ ਵਿਦੇਸ਼ ਜਾਣ ਦੀ ਹੋੜ ਵਰਗੀਆਂ ਕੁਰੀਤੀਆਂ ਦੇ ਖਿਲਾਫ ਗੀਤ ਸ਼ਾਮਿਲ ਕੀਤੇ ਗਏ ਹਨ ।