ਲੁਧਿਆਣਾ – ਸ਼ਹੀਦ ਭਗਤ ਸਿੰਘ ਨਗਰ ਵਿਖੇ ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਰਜਿ: ਵੱਲੋਂ ਕਰਵਾਏ ਇਕ ਸਾਦਾ ਸਮਾਗਮ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਗਾਏ ਗੁਰਬਾਣੀ ਸ਼ਬਦਾਂ ਦੀ ਕੈਸਿਟ ‘ਅੰਮ੍ਰਿਤ ਬਾਣੀ’ ਨੂੰ ਲੋਕ ਅਰਪਣ ਕਰਦਿਆਂ ਵਾਤਾਵਰਨ ਚੇਤਨਾ ਦੇ ਪਹਿਰੇਦਾਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਗੁਰਬਾਣੀ ਸੰਗੀਤ ਦੇ ਟਕਸਾਲੀ ਸਰੂਪ ਨੂੰ ਸੰਭਾਲਣਾ ਸਾਡੀ ਸਭ ਤੋਂ ਵੱਡੀ ਜਿੰਮੇਂਵਾਰੀ ਹੈ। ਉਨ੍ਹਾਂ ਆਖਿਆ ਕਿ ਜਿਵੇਂ ਪੌਣ, ਪਾਣੀ ਅਤੇ ਧਰਤੀ ਗੰਧਲੀ ਹੋ ਰਹੀ ਹੈ ਉਵੇਂ ਹੀ ਫਿਲਮੀ ਤਰਜ਼ਾਂ ਅਤੇ ਪ੍ਰਚਲਤ ਧਾਰਨਾਵਾਂ ਨਾਲ ਗੁਰਬਾਣੀ ਸੰਗੀਤ ਦਾ ਟਕਸਾਲੀ ਸਰੂਪ ਵੀ ਵਿਗੜ ਰਿਹਾ ਹੈ। ਉਨ੍ਹਾਂ ਆਖਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਹਰ ਸ਼ਬਦ ਦੇ ਗਾਇਨ ਲਈ ਰਾਗ ਨਿਰਧਾਰਤ ਕੀਤੇ ਹੋਏ ਹਨ। ਤੰਤੀ ਸਾਜ਼ਾਂ ਦੀ ਮਹੱਤਤਾ ਪਛਾਨਣ ਦਾ ਜਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਮਨੁੱਖ ਦੀਆਂ ਉਖੜੀਆਂ ਮਨੋ ਬਿਰਤੀਆਂ ਨੰ ਇਕਾਗਰ ਚਿਤ ਕਰਨ ਲਈ ਗੁਰਬਾਣੀ ਸੰਗੀਤ ਇਨ੍ਹਾਂ ਤੇ ਹੀ ਗਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਭਾਈ ਗੁਰਦੇਵ ਸਿੰਘ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਮਰਿਆਦਾ ਵਿੱਚ ਰਹਿ ਕੇ ਗੁਰਬਾਣੀ ਸੰਗੀਤ ਨੂੰ ਟਕਸਾਲੀ ਅੰਦਾਜ਼ ਵਿੱਚ ਪੇਸ਼ ਕੀਤਾ ਹੈ।
ਇਸ ਮੌਕੇ ਭਾਈ ਗੁਰਦੇਵ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਰਪ੍ਰਸਤ ਗੁਰਭਜਨ ਗਿੱਲ ਨੇ ਕਿਹਾ ਕਿ ਛੋਟੀ ਉਮਰ ਤੋਂ ਹੀ ਭਾਈ ਗੁਰਦੇਵ ਸਿੰਘ ਨੇ ਗੁਰਬਾਣੀ ਸੰਗੀਤ ਨੂੰ ਆਪਣਾ ਜੀਵਨ ਵਿਹਾਰ ਬਣਾਇਆ ਹੋਇਆ ਹੈ। ਦਰਬਾਰ ਸਾਹਿਬ ਤੋਂ ਕੀਰਤਨ ਕਰਨ ਦੀ ਸੇਵਾ ਮਿਲਣ ਉਪਰੰਤ ਇਨ੍ਹਾਂ ਦੇ ਗਾਇਨ ਵਿੱਚ ਡੂੰਘਾਈ ਆਈ ਹੈ। ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐਸ ਪੀ ਸਿੰਘ ਨੇ ਕਰਦਿਆਂ ਕਿਹਾ ਕਿ ਗੁਰਬਾਣੀ ਦੀਆਂ ਪ੍ਰਚਲਤ ਰੀਤਾਂ ਨੂੰ ਵੀ ਸੰਭਾਲਣ ਦੀ ਲੋੜ ਹੈ ਅਤੇ ਇਸ ਕੰਮ ਵਾਸਤੇ ਨੌਜਵਾਨ ਰਾਗੀ ਸਿੰਘਾਂ ਨੂੰ ਆਪਣੇ ਤੋਂ ਸੀਨੀਅਰ ਰਾਗੀਆਂ ਨਾਲ ਮਿਲ ਕੇ ਇਹ ਕੰਮ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਹੈ। ਅੰਮ੍ਰਿਤ ਬਾਣੀ ਕੈਸਿਟ ਦੇ ਪੇਸ਼ਕਾਰ ਭਾਈ ਜਤਿੰਦਰਪਾਲ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਸ: ਤੇਜਪ੍ਰਤਾਪ ਸਿੰਘ ਸੰਧੂ ਜਨਰਲ ਸਕੱਤਰ ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ, ਪ੍ਰੋਫੈਸਰ ਰਵਿੰਦਰ ਭੱਠਲ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਪ੍ਰੋਫੈਸਰ ਬਲਦੇਵ ਸਿੰਘ ਵੀ ਹਾਜ਼ਰ ਸਨ।