ਗਾਜ਼ੀਆਬਾਦ- ਬਹੁ-ਚਰਚਿਤ ਨਿਠਾਰੀ ਕਾਂਡ ਵਿਚ ਗਾਜ਼ੀਆਬਾਦ ਦੀ ਸਪੈਸ਼ਲ ਕੋਰਟ ਨੇ ਸ਼ੁਕਰਵਾਰ ਨੂੰ ਮਨਿੰਦਰ ਸਿੰਘ ਪੰਢੇਰ ਅਤੇ ਉਸਦੇ ਨੌਕਰ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਹ ਸਜ਼ਾ ਰਿਪਾ ਹਲਧਰ ਦੀ ਹਤਿਆ ਅਤੇ ਬਲਾਤਕਾਰ ਦੇ ਮਾਮਲੇ ਵਿਚ ਸੁਣਾਈ ਗਈ ਹੈ। ਦੋਵਾਂ ਦੇ ਖਿਲਾਫ ਇਸ ਤਰ੍ਹਾਂ ਦੇ 19 ਕੇਸ ਹਨ। ਅਦਾਲਤ ਨੇ ਆਪਣੇ ਫੈਸਲੇ ਵਿਚ ਰੇਅਰੱਸਟ ਆਫ ਦੀ ਰੇਅਰ ਮਾਮਲਾ ਦਸੇ ਹੋਏ ਉਨ੍ਹਾਂ ਤੇ 90-90 ਹਜ਼ਾਰ ਰੁਪੈ ਦਾ ਜੁਰਮਾਨਾ ਵੀ ਲਾਇਆ।
ਪੰਢੇਰ ਦੇ ਪਰਿਵਾਰ ਵਾਲਿਆਂ ਨੇ ਉਸਨੂੰ ਨਿਰਦੋਸ਼ ਦਸਦੇ ਹੋਏ ਕਿਹਾ ਕਿ ਮੀਡੀਆ ਨੇ ਸਪੈਸ਼ਲ ਕੋਰਟ ਨੂੰ ਪ੍ਰਭਾਵਿਤ ਕੀਤਾ ਹੈ। ਪੰਢੇਰ ਦੀ ਪਤਨੀ ਨੇ ਮੀਡੀਆ ਦੀ ਰਿਪੋਰਟ ਨੂੰ ਬਕਵਾਸ ਦਸਦੇ ਹੋਏ ਕਿਹਾ ਕਿ ਉਸਨੇ ਆਪਣੇ ਪਤੀ ਤੋਂ ਕਦੇ ਤਲਾਕ ਨਹੀਂ ਲਿਆ। ਉਨ੍ਹਾਂ ਨੇ ਰਿਪਾ ਦੇ ਕਤਲ ਅਤੇ ਰੇਪ ਵਿਚ ਕੋਹਲੀ ਨੂੰ ਹੀ ਜਿੰਮੇਵਾਰ ਦਸਿਆ। ਪੰਢੇਰ ਦੇ ਪੁੱਤਰ ਕਰਨਦੀਪ ਸਿੰਘ ਨੇ ਵੀ ਇਸ ਫੈਸਲੇ ਦੇ ਲਈ ਮੀਡੀਆ ਨੂੰ ਜਮ ਕੇ ਕੋਸਿਆ। ਉਸਨੇ ਕਿਹਾ ਕਿ ਮੀਡੀਆ ਨੇ ਮੇਰੇ ਪਿਤਾ ਨੂੰ ਪਹਿਲਾਂ ਹੀ ਦੋਸ਼ੀ ਕਰਾਰ ਦੇ ਦਿਤਾ ਸੀ। ਇਸ ਦੌਰਾਨ ਮਨਿੰਦਰ ਪੰਢੇਰ ਨੇ ਕਿਹਾ ਕਿ ਉਹ ਫੈਸਲੇ ਦੇ ਖਿਲਾਫ ਅਪੀ਼ ਨਹੀ ਕਰੇਗਾ, ਪਰ ਉਸਦੇ ਪੁੱਤਰ ਕਰਨਦੀਪ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਆਪਣੇ ਨਿਰਦੋਸ਼ ਪਿਤਾ ਨੂੰ ਫਾਂਸੀ ਨਹੀ ਹੋਣ ਦੇਵੇਗਾ। ਇਸ ਕੇਸ ਵਿਚ ਸੀਬੀਆਈ ਦੇ ਵਕੀਲ ਨੇ ਬਹਿਸ ਕਰਦੇ ਹੋਏ ਕੋਹਲੀ ਲਈ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ। ਪੀੜਤ ਦੇ ਪਰਿਵਾਰ ਵਾਲਿਆਂ ਨੇ ਵੀ ਕਿਹਾ ਕਿ ਇਸ ਕੇਸ ਵਿਚ ਦੋਵਾਂ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਜਿਕਰਯੋਗ ਹੈ ਕਿ 2006 ਵਿਚ ਹੋਏ ਇਸ ਘ੍ਰਿਣਤ ਨਿਠਾਰੀ ਕਾਂਡ ਦੇ ਮੁੱਖ ਅਰੋਪੀ ਸੁਰਿੰਦਰ ਕੋਹਲੀ ਅਤੇ ਪੰਢੇਰ ਨੂੰ ਇਕ ਦਿਨ ਪਹਿਲਾਂ ਹੀ ਸਪੈਸ਼ਲ ਕੋਰਟ ਨੇ ਦੋਸ਼ੀ ਠਹਿਰਾਇਆ ਸੀ। ਸੀਬੀਆਈ ਕੋਰਟ ਨੇ ਕੋਹਲੀ ਨੂੰ ਆਈਪੀਸੀ ਦੀ 364,376,511,302 ਧਰਾਵਾਂ ਦੇ ਤਹਿਤ ਦੋਸ਼ੀ ਮੰਨਿਆ ਹੈ। ਮਨਿੰਦਰ ਪੰਢੇਰ ਨੂੰ 302,120ਬੀ,376 ਧਰਾਵਾਂ ਦੇ ਤਹਿਤ ਦੋਸ਼ੀ ਮੰਨਿਆ ਹੈ। ਜੱਜ ਰਮਾ ਜੈਨ ਦੇ ਸਾਹਮਣੇ ਮਨਿੰਦਰ ਸਿੰਘ ਪੰਢੇਰ ਨੇ ਇਹ ਮੰਨਿਆ ਸੀ ਕਿ ਉਸਦੀ ਕੋਠੀ ਵਿਚ ਪਾਇਲ ਅਤੇ ਦੂਸਰੀਆਂ ਲੜਕੀਆਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ਨਾਲ ਉਹ ਹਮਬਿਸਤਰ ਹੋਇਆ ਸੀ।