ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਹੈ ਕਿ ਹਰ ਮਨੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਹੈ।
ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਫ਼ੈਸਲਿਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਵੱਲੋਂ ਜਾਰੀ ਬਿਆਨ ’ਚ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਵਿਦੇਸ਼ਾਂ ’ਚ ਸਿੱਖੀ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾਂ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜਾਨਾਂ ਰਾਗੀ ਜਥਿਆਂ ਵੱਲੋਂ ਕੀਤੇ ਜਾਂਦੇ ਇਲਾਹੀ ਬਾਣੀ ਦੇ ਕੀਰਤਨ ਤੇ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੀ ਗੁਰਬਾਣੀ ਪ੍ਰਤੀ ਚੰਦ ਡਾਲਰਾਂ/ਪੌਂਡਾਂ ਦੀ ਖ਼ਾਤਰ ਵਿਦੇਸ਼ੀ ਗੁਰੂ ਘਰਾਂ ਦੀਆਂ ਸਟੇਜਾਂ ’ਤੇ ਕਿੰਤੂ-ਪ੍ਰੰਤੂ ਕੀਤਾ ਜਾਂਦਾ ਸੀ ਜੋ ਕੋਈ ਵੀ ਸੱਚਾ ਗੁਰੂ ਸਿੱਖ ਜੋ ਗੁਰੂ ਨੂੰ ਸਮਰਪਿਤ ਹੋਵੇ ਬਰਦਾਸ਼ਤ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਤ੍ਰਾਸਦੀ ਵਾਲੀ ਗੱਲ ਹੈ ਕਿ ਜਿਸ ਪ੍ਰਚਾਰਕ ਨੂੰ ਗੁਰੂ ਦੀ ਬਾਣੀ ’ਤੇ ਅਧਾਰਿਤ ਕਥਾ ਵਖਿਆਨ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਸੀ ਉਹ ਖੁਦ ਲਾਲਚ ਵਲ ਹੋ ਕੇ ਅਖ਼ਬਾਰੀ ਸੁਰਖੀਆਂ ਰਾਹੀਂ ਪ੍ਰਸਿਧੀ ਲੈਣ ਕਰਕੇ ਗੁਰੂ ਕੀ ਬਾਣੀ ਪ੍ਰਤੀ ਹੀ ਸ਼ਰਧਾ ਦੀ ਥਾਂ ਵਿਰੋਧ ’ਚ ਬੋਲਣ ਲਗ ਪਵੇ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਬਿਲਕੁਲ ਨਿਰਪੱਖ ਹੁੰਦਾ ਹੈ ਜੋ ਠੋਸ ਸ਼ਕਾਇਤਾਂ ਦੇ ਅਧਾਰ ’ਤੇ ਪੰਜ ਸਿੰਘ ਸਾਹਿਬਾਨ ਵੱਲੋਂ ਲੰਮੀ ਚੌੜੀ ਵਿਚਾਰ ਉਪਰੰਤ ਲਿਆ ਜਾਂਦਾ ਹੈ ਤੇ ਇਹ ਹੁਕਮ ਮਨਣਾ ਸਾਰਿਆਂ ਲਈ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ਾਂ ਦੀਆਂ ਸਮੂੰਹ ਧਾਰਮਿਕ ਸਭਾ-ਸੁਸਾਇਟੀਆਂ ਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਜ ਸਿੰਘ ਸਾਹਿਬਾਨ ਵੱਲੋਂ ਭਾਈ ਸਰਬਜੀਤ ਸਿੰਘ ਪ੍ਰਚਾਰਕ ਖਿਲਾਫ ਲਏ ਫੈਸਲੇ ਅਨੁਸਾਰ ਇਨ੍ਹਾਂ ਦੇ ਪ੍ਰਚਾਰ ਪ੍ਰੋਗਰਾਮ ’ਤੇ ਲਾਈ ਪਾਬੰਦੀ ਅਨੁਸਾਰ ਇਨ੍ਹਾਂ ਦਾ ਪ੍ਰਚਾਰ ਪ੍ਰੋਗਰਾਮ ਰੱਦ ਕਰਨਾ ਚਾਹੀਦਾ ਹੈ।
ਸਹਿਜਧਾਰੀ ਸਿੱਖਾਂ ਬਾਰੇ ਹਾਈ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿਚ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਦੀ ਕਾਪੀ ਸਾਨੂੰ ਮਿਲ ਗਈ ਹੈ, ਉਹਦੇ ਵਿਚ ਕਿਤੇ ਵੀ ਸਹਿਜਧਾਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟ ਬਾਰੇ ਜਿਕਰ ਨਹੀਂ ਬਲਕਿ ਅਕਤੂਬਰ 2003 ’ਚ ਕੇਂਦਰ ਸਰਕਾਰ ਵੱਲੋਂ ਕੀਤੇ ਨੋਟੀਫਿਕੇਸ਼ਨ ਨੂੰ ਹੀ ਰੱਦ ਕੀਤਾ ਹੈ ਤੇ ਕਿਹਾ ਹੈ ਕਿ ਸਰਕਾਰ ਨੂੰ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਪਾਰਲੀਮੈਂਟ ’ਚ ਕਾਨੂੰਨ ਪਾਸ ਕਰਨਾ ਚਾਹੀਦਾ ਸੀ ਜੋ ਨਹੀਂ ਸੀ ਹੋਇਆ ਉਨ੍ਹਾਂ ਕਿਹਾ ਕਿ ਸਿੱਖਾਂ ’ਚ ਸਹਿਜਧਾਰੀ ਨਾਮ ਦਾ ਕੋਈ ਸ਼ਬਦ ਹੀ ਨਹੀਂ, ਇਸ ਫੈਸਲੇ ਬਾਰੇ ਕਿਸੇ ਬਾਹਰੀ ਰਾਏ ਦੀ ਲੋੜ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤਰੀਕੇ ਨਾਲ ਇਸ ਬਾਰੇ ਸੀਨੀਅਰ ਵਕੀਲਾਂ ਦੀ ਰਾਏ ਲੈ ਕਿ ਅਗਲੀ ਕਾਰਵਾਈ ਕਰ ਰਹੀ ਹੈ।