(ਪਰਮਜੀਤ ਸਿੰਘ ਬਾਗੜੀਆ ) – ਅੱਜ ਕਲ੍ਹ ਸੂਬਿਆਂ ਤੇ ਕੇਂਦਰ ਦੀ ਰਾਜਨੀਤੀ ਸਰਕਾਰੀ ਪੱਧਰ ਤੇ ਫੈਲੇ ਭ੍ਰਿਸ਼ਾਚਾਰ ਨਾਲ ਗਰਮਾਈ ਹੋਈ ਹੈ। ਕੇਂਦਰ ਵਿਚ ਸੱਤਾਧਾਰੀ ਗੱਠਜੋੜ ਯੂ. ਪੀ. ਏ. ਵਿਰੁੱਧ ਸਮਾਜਿਕ ਅੰਦੋਲਨ ਛੇੜ ਚੁੱਕੇ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਨਾਲ ਨਾਲ ਵਿਰੋਧੀ ਧਿਰ ਗੱਠਜੋੜ ਐਨ. ਡੀ. ਏ. ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਨੇ ਤਾਂ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਪੈਰ ਅੜਾਉਂਦਿਆਂ ਆਪਣੇ ਸਭ ਮੂਲ ਮੁੱਦੇ ਪਿੱਛੇ ਛੱਡ ਦਿੱਤੇ ਸਨ। ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਏ ਵੱਡੇ ਘਪਲਿਆਂ ਵਿਰੁੱਧ ਤਾਂ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਦੇਸ਼ ਵਿਆਪੀ ਰਥ ਯਾਤਰਾ ਵੀ ਕੱਢੀ , ਪਰ ਹੁਣ ਚੋਣਾਂ ਦੇ ਮੌਸਮ ਵਿਚ ਭਾਜਪਾ ਨੇ ਭ੍ਰਿਸ਼ਟ ਆਗੂਆਂ ਨੂੰ ਪਾਰਟੀ ਟਿਕਟਾਂ ਨਾਲ ਨਿਵਾਜਿਆ ਹੈ। ਭਾਜਪਾ ਪੰਜਾਬ ਇਕਾਈ ਨੇ ਰਾਜਪੁਰਾ ਤੋਂ ਆਪਣੇ ਵਿਧਾਇਕ ਰਾਜ ਖੁਰਾਣਾ ਨੁੰ ਮੁੜ ਟਿਕਟ ਦੇ ਕੇ ਆਪਣੀ ਹੀ ਪਾਰਟੀ ਦੇ ਕੇਡਰ ਨੂੰ ਹੈਰਾਨ ਕੀਤਾ ਹੈ ਇਥੇ ਵਰਨਣਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਵਿਚ ਪਾਰਲੀਮਾਨੀ ਸੈਕਟਰੀ ਰਹੇ ਇਸ ਵਿਧਾਇਕ ਨੂੰ ਹਾਲ ਹੀ ਵਿਚ ਸੀ ਬੀ ਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਜੇਲ ਦੀ ਹਵਾ ਖੁਆਈ ਸੀ। ਸੀ ਬੀ ਆਈ ਦੇ ਛਾਪੇ ਦੌਰਾਨ ਖੁਰਾਣਾ ਦੀ ਰਿਹਾਇਸ਼ ਤੋਂ 15 ਲੱਖ ਰੁਪਏ ਨਗਦੀ ਅਤੇ ਇਕ ਕਰੋੜ ਦੇ ਚੈਕ ਬਰਾਦਮ ਹੋਏ ਸਨ ਆਪਣੇ ਮੰਤਰੀ ਦੇ ਜੇਲ ਦੌਰਾਨ ਪਾਰਟੀ ਨੇ ਉਸ ਨਾਲੋਂ ਨਾਤਾ ਵੀ ਤੋੜ ਲਿਆ ਸੀ ਪਰ ਹੁਣ ਫਿਰ ਭਾਜਪਾ ਨੇ ਇਸ ਦਾਗੀ ਮੰਤਰੀ ਨੂੰ ਟਿਕਟ ਦੇ ਕੇ ਦੋਹਰੇ ਮਾਪ ਦੰਡ ਅਪਣਾਏ ਹਨ। ਇਸੇ ਕੇਸ ਵਿਚ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸਦੇ ਨਾਲ ਹੀ ਭਾਜਪਾ ਨੇ ਆਪਣੇ ਮੰਤਰੀ ਤੀਕਸ਼ਣ ਸੂਦ ਨੂੰ ਵੀ ਟਿਕਟ ਦਿੱਤੀ ਹੈ ਜਿਸ ਤੇ ਇਕ ਜੰਗਲਾਤ ਅਧਿਕਾਰੀ ਸ਼ਰੇਆਮ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਪਾਰਟੀ ਨੇ ਉੱਤਰ ਪ੍ਰਦੇਸ਼ ਵਿਚ ਲੋਕ ਆਯੁਕਤ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ 6 ਬਸਪਾ ਮੰਤਰੀਆਂ ਵਿਚੋਂ ਇਕ ਬਾਬੁ ਸਿੰਘ ਕੁਸ਼ਵਾਹਾ ਨੂੰ ਪਾਰਟੀ ਟਿਕਟ ਦਿੱਤੀ ਹੈ ਜਿਸਨੂੰ ਮੁੱਖ ਮੰਤਰੀ ਮਾਇਆਵਤੀ ਨੇ ਅਜੇ ਕੁਝ ਦਿਨ ਪਹਿਲਾਂ ਹੀ ਮੰਤਰੀ ਮੰਡਲ ਅਤੇ ਪਾਰਟੀ ਵਿਚੋਂ ਕੱਢਿਆ ਹੈ। ਦੱਖਣੀ ਭਾਰਤ ਵਿਚ ਇਕੋ ਇਕ ਸੂਬੇ ਕਰਨਾਟਕ ਵਿਚ ਰਾਜ ਕਰਦੀ ਭਾਜਪਾ ਨੂੰ ਮੁੱਖ ਮੰਤਰੀ ਯੇਦੀ ਰੱਪਾ ਦੇ ਬਹੁ ਕਰੋੜੀ ਘਪਲਿਆਂ ਕਰਕੇ ਵੀ ਭਾਰੀ ਨਮੋਸ਼ੀ ਝੱਲਣੀ ਪਈ ਸੀ।
ਭ੍ਰਿਸ਼ਟਾਚਾਰ ਵਿਰੁੱਧ ਡੌਂਡੀ ਪਿੱਟਣ ਵਾਲੀ ਭਾਜਪਾ ਨੇ ਭ੍ਰਿਸ਼ਟ ਮੰਤਰੀ ਟਿਕਟਾਂ ਨਾਲ ਨਿਵਾਜੇ
This entry was posted in ਪੰਜਾਬ.