ਪੇਂਟਾਗਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਵੀਂ ਰੱਖਿਆ ਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੈਨਿਕਾਂ ਦੀ ਸੰਖਿਆ ਘੱਟ ਹੋਵੇਗੀ ਪਰ ਏਸ਼ੀਆ ਪਰਸ਼ਾਂਤ ਖੇਤਰ ਵਿੱਚ ਅਮਰੀਕਾ ਆਪਣੀ ਤਾਕਤ ਵਧਾਉਣਾ ਚਾਹੁੰਦਾ ਹੈ। ਇਸ ਨਵੀਂ ਨੀਤੀ ਦੇ ਤਹਿਤ ਹਜ਼ਾਰਾਂ ਸੈਨਿਕਾਂ ਦੀਆਂ ਸੇਵਾਵਾਂ ਖਤਮ ਹੋ ਜਾਣਗੀਆਂ।ਰਾਸ਼ਟਰਪਤੀ ਦਾ ਕਹਿਣਾ ਹੈ ਕਿ ਸੈਨਿਕ ਸ਼ਕਤੀ ਵਿੱਚ ਕਟੌਤੀ ਦੇ ਬਾਵਜੂਦ ਸੈਨਾ ਸੱਭ ਤੋਂ ਮਜ਼ਬੂਤ ਹੋਵੇਗੀ। ਓਬਾਮਾ ਨੇ ਕਿਹਾ ਕਿ ਹੁਣ ਯੁੱਧ ਦੀਆਂ ਸੰਭਾਵਨਾਵਾਂ ਘੱਟ ਰਹੀਆਂ ਹਨ ਅਤੇ ਅਮਰੀਕਾ ਨੂੰ ਹੁਣ ਆਪਣੀ ਆਰਥਿਕ ਤਾਕਤ ਵਧਾਉਣ ਦੀ ਲੋੜ ਹੈ।
ਪੇਂਟਾਗਨ ਦੇ ਬੱਜਟ ਵਿੱਚ ਅਗਲੇ ਦਸ ਸਾਲਾਂ ਵਿੱਚ 450 ਅਰਬ ਡਾਲਰ ਤੱਕ ਦੀ ਕਟੌਤੀ ਹੋਣ ਵਾਲੀ ਹੈ। ਓਬਾਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, “ ਸਾਡੇ ਸੈਨਿਕਾਂ ਦੀ ਸੰਖਿਆ ਘੱਟ ਹੋਵੇਗੀ ਪਰ ਦੁਨੀਆਂ ਇਹ ਜਾਣ ਲਵੇ ਕਿ ਅਮਰੀਕਾ ਆਪਣੀ ਯੋਗਿਤਾ ਕਾਇਮ ਰੱਖੇਗਾ ਅਤੇ ਸਾਡੀ ਸੈਨਾ ਫੁਰਤੀਲੀ, ਚੁਸਤ ਅਤੇ ਸਾਰੇ ਖਤਰਿਆਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗੀ।”
ਅਮਰੀਕਾ ਦੀ ਆਰਮੀ ਅਤੇ ਮੈਰੀਨ ਕਾਰਪਸ ਵਿੱਚ ਅਗਲੇ ਦਸ ਸਾਲਾਂ ਵਿੱਚ 10 ਤੋਂ 15 ਫੀਸਦੀ ਦੀ ਕਟੌਤੀ ਕਰਨ ਤੇ ਚਰਚਾ ਹੋ ਰਹੀ ਹ, ਅਗਰ ਅਜਿਹਾ ਹੋਇਆ ਤਾਂ ਹਜ਼ਾਰਾਂ ਸੈਨਿਕਾਂ ਦੀ ਛਾਂਟੀ ਹੋ ਜਾਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਅਸਾਂ ਘਰੇਲੂ ਪੱਧਰ ਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਯਤਨ ਕਰਨੇ ਹਨ ਕਿਉਂਕਿ ਪੂਰੀ ਦੁਨੀਆਂ ਵਿੱਚ ਸਾਡੀ ਤਾਕਤ ਦੀ ਨੀਂਹ ਸਾਡੀ ਅੱਰਥਵਿਵਸਥਾ ਹੀ ਹੈ। ਇਸ ਲਈ ਸਾਨੂੰ ਆਪਣੇ ਵਿੱਤੀ ਹਾਲਾਤ ਬੇਹਤਰ ਕਰਨੇ ਹੋਣਗੇ।