ਆਪਣੀ ਹਾਰ ਦੀ ਲੜੀ ਨੂੰ ਬਰਕਰਾਰ ਰੱਖਦਿਆਂ ਹੋਇਆਂ ਭਾਰਤੀ ਕ੍ਰਿਕਟ ਟੀਮ ਸਿਡਨੀ ਵਿਖੇ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਵੀ ਇਨਿੰਗ ਅਤੇ 68 ਦੌੜਾਂ ਨਾਲ ਆਸਟ੍ਰੇਲੀਆਈ ਟੀਮ ਪਾਸੋਂ ਹਾਰ ਗਏ। ਇਸਤੋਂ ਪਹਿਲਾਂ ਭਾਰਤੀ ਟੀਮ ਮੈਲਬਾਰਨ ਵਿਚ ਵੀ ਆਸਟ੍ਰੇਲੀਆ ਹੱਥੋਂ ਹਾਰ ਗਈ ਸੀ। ਹੁਣ ਆਸਟ੍ਰੇਲੀਆ ਦੀ ਟੀਮ ਭਾਰਤ ਤੋਂ ਚਾਰ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅੱਗੇ ਹੋ ਗਈ ਹੈ।
ਸਿਡਨੀ ਵਿਖੇ ਖੇਡੇ ਗਏ ਮੈਚ ਦੌਰਾਨ ਪਹਿਲੀ ਪਾਰੀ ਵਿਚ ਭਾਰਤੀ ਟੀਮ ਸਿਰਫ਼ 191 ਦੌੜਾਂ ਦਾ ਮਾਮੂਲੀ ਜਿਹਾ ਸਕੋਰ ਬਣਾਕੇ ਆਊਟ ਹੋ ਗਈ ਸੀ। ਇਸਦੇ ਮੁਕਾਬਲੇ ਆਸਟ੍ਰੇਲੀਆਈ ਟੀਮ ਵਲੋਂ 4 ਖਿਡਾਰੀ ਦੇ ਆਊਟ ਹੋਣ ਨਾਲ 659 ਦੌੜਾਂ ਦਾ ਪਹਾੜ ਜਿਡਾ ਸਕੋਰ ਖੜਾ ਕੀਤਾ ਗਿਆ। ਇਸ ਅਨੁਸਾਰ ਭਾਰਤੀ ਟੀਮ ਨੂੰ ਆਪਣੀ ਪਾਰੀ ਦੀ ਹਾਰ ਤੋਂ ਬਚਣ ਲਈ ਅਤੇ ਇੱਜ਼ਤ ਬਚਾਉਣ ਲਈ 468 ਦੌੜਾਂ ਦਾ ਵੱਡਾ ਟੀਚਾ ਮਿਲਿਆ। ਪਰੰਤੂ ਭਾਰਤੀ ਖਿਡਾਰੀ ਸਿਰਫ਼ 400 ਦੌੜਾਂ ਹੀ ਬਣਾ ਸਕੇ। ਇਸ ਮੈਚ ਦੌਰਾਨ ਪਾਰੀ ਦੀ ਹਾਰ ਤੋਂ ਬਚਣ ਲਈ ਭਾਰਤੀ ਟੀਮ ਵਲੋਂ ਆਪਣਾ ਸਾਰਾ ਜ਼ੋਰ ਲਾਇਆ ਗਿਆ ਅਤੇ ਗੌਤਮ ਗੰਭੀਰ (83 ਦੌੜਾਂ), ਤੇਂਦੁਲਕਰ (80 ਦੌੜਾਂ), ਲਛਮਣ (66 ਦੌੜਾਂ), ਅਸ਼ਵਿਨ (62 ਦੌੜਾਂ) ਹੀ ਬਣਾ ਸਕੇ। ਬਾਕੀ ਖਿਡਾਰੀ ਕੋਈ ਖਾਸ ਖੇਡ ਦਾ ਪ੍ਰਦਰਸ਼ਨ ਨਹੀਂ ਕਰ ਸਕੇ।
ਆਸਟ੍ਰੇਲੀਆਈ ਗੇਂਦਬਾਜ਼ਾਂ ਚੋਂ ਹਿਲਫੇਨਹਾਸ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 106 ਦੌੜਾਂ ਦੇ ਕੇ 5 ਵਿਕਟਾਂ ਝਾੜੀਆਂ, ਸਿਡਲ ਨੂੰ ਦੋ ਅਤੇ ਕਲਾਰਕ ਤੇ ਲਿਆਨ ਨੂੰ ਇਕ-ਇਕ ਵਿਕਟ ਮਿਲੀ। ਇਸ ਖੇਡ ਦੌਰਾਨ ਤੀਜਾ ਸੈਂਕੜਾ ਮਾਰਨ ਕਰਕੇ ਟੀਮ ਦੇ ਕਪਤਾਨ ਮਾਈਕਲ ਕਲਾਰਕ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ। ਉਸਨੇ ਵਧੀਆ ਖੇਡ ਖੇਡਦੇ ਹੋਏ ਬਿਨਾ ਆਊਟ ਹੋਇਆ 329 ਦੌੜਾਂ ਬਣਾਈਆਂ ਸਨ।