ਅੰਮ੍ਰਿਤਸਰ:- ਅੱਜ ਕੁਝ ਪੰਜਾਬੀ ਅਖ਼ਬਾਰਾਂ ’ਚ ਛਪੀ ਖ਼ਬਰ ਕਿ ਪਾਕਿਸਤਾਨ ਦੇ ਸ਼ਹਿਰ ਲਾਹੌਰ ’ਚ ਨੌ ਲਖਾ ਬਜ਼ਾਰ ’ਚ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੇ ਉਥੋਂ ਦੇ ਲੋਕਾਂ ਵੱਲੋਂ ਕਬਜ਼ਾ ਕੀਤਾ ਹੈ, ਇਸ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਨਹੀਂ ਕਰ ਰਹੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਵੱਲੋਂ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ਭਾਈ ਤਾਰੂ ਜੀ ਦਾ ਸ਼ਹੀਦੀ ਦਿਹਾੜਾ ਮੁਸਲਮਾਨ ਭਾਈਚਾਰੇ ਦੇ ਲੋਕ ਤੇ ਪ੍ਰਸ਼ਾਸਨ ਵਲੋਂ ਨਹੀਂ ਮਨਾਉਣ ਦਿੱਤਾ ਜਾ ਰਿਹਾ। ਇਸ ਪ੍ਰਤੀ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਤਰ ਨੰ: 22278 ਮਿਤੀ 19-07-2011 ਰਾਹੀਂ ਮੁਕੰਮਲ ਜਾਣਕਾਰੀ ਭੇਜੀ ਗਈ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਦੇ ਜੁਆਬ ਵਿਚ ਪਾਕਿਸਤਾਨ ਅੰਬੈਸੀ ਦੇ ਹਾਈ ਕਮਿਸ਼ਨਰ ਵੱਲੋਂ ਪੱਤਰ ਨੰ: 3/24/2011 (21 ਦਸੰਬਰ) ਰਾਹੀਂ ਵਿਸਥਾਰ ਨਾਲ ਜੁਆਬ ਵੀ ਮਿਲਿਆ ਹੈ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਅਤੇ ਮਸਜਿਦ ਹਜਰਤ ਸ਼ਾਹ ਕਾਕੂ ਦੋਵੇਂ ਲਾਗੇ-ਲਾਗੇ ਹੋਣ ਕਰਕੇ ਦੋਵਾਂ ਧਰਮਾਂ ਦੇ ਤਿਉਹਾਰ ਇਕੱਠੇ ਆ ਗਏ ਸਨ ਤੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਅਰੰਭ ਕਰਕੇ ਤੇ ਭੋਗ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਕਰਕੇ ਮਨਾਇਆ ਜਾਂਦਾ ਹੈ ਅਤੇ ਮੁਸਲਿਮ ਭਾਈਚਾਰਾ ਆਪਣਾ ਤਿਉਹਾਰ ਸ਼ਬਾ-ਏ-ਬਰਾਤ ਮੋਨਧਾਰ ਕਿ ਮਨਾਉਂਦੇ ਹਨ। ਪ੍ਰਸ਼ਾਸਨ ਵੱਲੋਂ ਦੋਹਾਂ ਧਰਮਾਂ ਦੇ ਨੁਮਾਇੰਦਿਆ ਨੂੰ ਇੱਕਠੇ ਬਿਠਾ ਕਿ ਸਮਝੌਤੇ ਤਹਿਤ ਵਾਰੀ-ਵਾਰੀ ਤਿਉਹਾਰ ਮਨਾਏ ਗਏ ਸਨ।
ਸ. ਖੱਟੜਾ ਨੇ ਕਿਹਾ ਕਿ ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਦੇ ਪੱਤਰ ਅਨੁਸਾਰ ਦੋਹਾਂ ਧਰਮਾਂ ਦੇ ਲੋਕਾਂ ਵੱਲੋਂ ਆਪਸ ਵਿਚ ਕੋਈ ਟਕਰਾਅ ਨਾ ਕਰਨ, ਦੇ ਮੱਦੇ ਨਜ਼ਰ ਉਥੋਂ ਦੇ ਪ੍ਰਸ਼ਾਸਨ ਵੱਲੋਂ ਪੁਲਿਸ ਤਾਇਨਾਤ ਕੀਤੀ ਗਈ ਸੀ ਤੇ ਹੁਣ ਦੋਵੇਂ ਧਰਮਾਂ ਦੇ ਲੋਕ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਨ। ਪੁੱਜੇ ਪੱਤਰ ਅਨੁਸਾਰ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਘੱਟ ਗਿਣਤੀ ਕੌਮਾਂ ਦਾ ਖਾਸ ਖਿਆਲ ਰੱਖ ਰਹੀ ਹੈ ਤੇ ਇਥੇ ਹਰ ਧਰਮ ਨੂੰ ਆਪਣੇ ਰੀਤੀ ਰੀਵਾਜਾਂ ਅਨੁਸਾਰ ਧਾਰਮਿਕ ਪ੍ਰੋਗਰਾਮ ਕਰਨ ਦੀ ਖੁਲ ਹੈ।
ਸ. ਖੱਟੜਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦੇਸ਼ ਮਾਮਲਿਆਂ ਦੇ ਮੰਤਰੀ ਸ੍ਰੀ ਐਸ.ਐਮ. ਕ੍ਰਿਸ਼ਨਾਂ ਨੂੰ ਵੀ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸਥਿਤੀ ਤੋਂ ਜਾਣੂ ਕਰਵਾਇਆ ਸੀ। ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਪ੍ਰਤੀ ਪਾਕਿਸਤਾਨ ਅੰਬੈਸੀ ਨਾਲ ਕੀਤੀ ਲਿਖਾਪੜੀ ਤੇ ਉਨ੍ਹਾਂ ਵੱਲੋਂ ਪੁੱਜੇ ਲਿਖਤੀ ਜੁਆਬ ਸਾਡੇ ਪਾਸ ਮੌਜੂਦ ਹਨ ਜੇਕਰ ਫਿਰ ਵੀ ਕਿਸੇ ਕੋਲ ਠੋਸ ਜਾਣਕਾਰੀ ਹੋਵੇ ਤਾਂ ਉਹ ਖੁਲ-ਦਿਲੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੱਹਈਆ ਕਰਵਾਏ, ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼-ਵਿਦੇਸ਼ਾਂ ’ਚ ਗੁਰੂ ਘਰਾਂ ਪ੍ਰਤੀ ਪੂਰੀ ਸੁਹਿਰਦਤਾ ਨਾਲ ਕਾਰਵਾਈ ਕਰ ਸਕੇ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਰਾਹੀਂ ਅਤੇ ਸਿਧੇ ਵੀ ਪਾਕਿਸਤਾਨ ਐਬੰਸੀ ਤੋਂ ਜਾਣਕਾਰੀ ਲੈ ਰਹੇ ਹਾਂ। ਬਿਨਾਂ ਜਾਂਚ ਪਰਖ ਦੇ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਸ਼ ਲਾਉਣੇ ਉਚਿਤ ਨਹੀਂ ਹਨ