ਲੰਡਨ- ਇਸ ਛੋਟੇ ਬਾਪ ਨੂੰ ਇਹ ਨਹੀ ਪਤਾ ਕਿ ਬੱਚੇ ਦਾ ਖਰਚ ਕਿਸ ਤਰ੍ਹਾਂ ਉਠਾਵੇਗਾ। ਜਦੋਂ ਉਸਨੂੰ ਨੈਪੀ ਦੀ ਕੀਮਤ ਬਾਰੇ ਪੁਛਿਆ ਗਿਆ ਤਾਂ ਉਸਨੇ ਕਿਹਾ,” ਮੈਨੂੰ ਲਗਦਾ ਹੈ ਕਾਫੀ ਜਿਆਦਾ ਹੋਵੇਗੀ।” ਇਸ ਨੰਨੇ ਪਿਤਾ ਦਾ ਨਾਂ ਹੈ ਐਲਫੀ ਪੈਟਨ ਜੋ 13 ਸਾਲ ਦਾ ਹੁੰਦੇ ਹੋਏ ਵੀ ਵੇਖਣ ਨੂੰ ਮਸਾਂ ਅੱਠ ਕੁ ਸਾਲ ਦਾ ਲਗਦਾ ਹੈ। ਐਲਫੀ ਪਿੱਛਲੇ ਹਫਤੇ ਹੀ ਪਿਤਾ ਬਣਿਆ ਹੈ। ਉਸਦੀ ਗਰਲ ਫਰੈਂਡ 15 ਸਾਲਾ ਚੈਟਿਲ ਨੇ ਇਕ ਬੱਚੀ ਨੂੰ ਜਨਮ ਦਿਤਾ ਹੈ। ਬੱਚੀ ਦਾ ਨਾਂ ਮੈਸੀ ਰੌਕਸਨ ਰੱਖਿਆ ਗਿਆ ਹੈ।
ਐਲਫੀ ਦਾ ਕਹਿਣਾ ਹੈ ਕਿ ਉਸਨੇ ਪਹਿਲੀ ਵਾਰ ਸਰੀਰਕ ਸਬੰਧ ਬਣਾਏ ਸਨ। ਮੈਨੂੰ ਗਰਭਨਿਰੋਧਕਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਮੈਨੂੰ ਚੈਟਿਲ ਦੇ ਗਰਭਵਤੀ ਹੋਣ ਦਾ ਪਤਾ ਚਲਿਆ ਤਾਂ ਅਸਾਂ ਉਸਨੂੰ ਜਨਮ ਦੇਣ ਦਾ ਫੈਸਲਾ ਕੀਤਾ। ਪਿਤਾ ਬਣਦਿਆਂ ਹੀ ਐਲਫੀ ਵੱਡਿਆਂ ਵਰਗੀਆਂ ਗੱਲਾਂ ਕਰਨ ਲਗ ਪਿਆ ਹੈ। ਉਸਦਾ ਕਹਿਣਾ ਹੈ ਕਿ ਮੈਨੂੰ ਇਹ ਨਹੀ ਪਤਾ ਕਿ ਬੱਚੀ ਦਾ ਪਾਲਣ ਪੋਸਣ ਕਿਸ ਤਰ੍ਹਾਂ ਕਰੂੰਗਾ। ਮੈਨੂੰ ਕੋਈ ਜੇਬ ਖਰਚ ਵੀ ਨਹੀ ਮਿਲਦਾ। ਕਦੇ – ਕਦੇ ਪਾਪਾ 10 ਡਾਲਰ ਜਰੂਰ ਦੇ ਦੇਂਦੇ ਹਨ। ਮੈਂ ਡਰਦਾ ਸੀ ਕਿ ਜਦੋਂ ਮੇਰੀ ਮੰਮੀ ਨੂੰ ਪਤਾ ਲਗੇਗਾ ਤਾਂ ਮੈਂ ਮੁਸੀਬਤ ਵਿਚ ਆ ਜਾਵਾਂਗਾ ਪਰ ਸਭ ਕੁਝ ਠੀਕ ਠਾਕ ਹੀ ਰਿਹਾ। ਅਸੀਂ ਸਾਰੇ ਬੱਚਾ ਚਾਹੁੰਦੇ ਸੀ ਪਰ ਡਰਦੇ ਸੀ ਕਿ ਲੋਕ ਕੀ ਕਹਿਣਗੇ।
ਐਲਫੀ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਮੈਨੂੰ ਇਸ ਬਾਰੇ ਪਤਾ ਚਲਿਆ ਤਾਂ ਇਕ ਪਲ ਲਈ ਮੇਰੀ ਸਮਝ ਵਿਚ ਕੁਝ ਵੀ ਨਹੀਂ ਸੀ ਆ ਰਿਹਾ। ਪਰ ਜਦੋਂ ਐਲਫੀ ਨੂੰ ਜਿੰਮੇਵਾਰ ਪਿਤਾ ਦੀ ਤਰ੍ਹਾਂ ਗੱਲਾਂ ਕਰਦੇ ਵੇਖਿਆ ਤਾਂ ਸੱਭ ਕੁਝ ਸਪੱਸ਼ਟ ਹੋ ਗਿਆ। ਐਲਫੀ ਅਤੇ ਚੈਟਿਲ ਦੀ ਕਹਾਣੀ ਕਾਫੀ ਦਿਲਚਸਪ ਹੈ। ਉਨ੍ਹਾਂ ਨੂੰ ਗਰਭ ਠਹਿਰਣ ਦਾ ਪਤਾ 12 ਹਫਤੇ ਬਾਅਦ ਲਗਿਆ। ਇਸਦੇ ਬਾਅਦ ਵੀ 6 ਹਫਤੇ ਤਕ ਉਨ੍ਹਾਂ ਨੇ ਇਹ ਰਾਜ ਹੀ ਰਹਿਣ ਦਿਤਾ। ਇਕ ਦਿਨ ਚੈਟਿਲ ਦੀ ਮਾਂ ਨੇ ਵੇਖਿਆ ਕਿ ਚੈਟਿਲ ਕਾਫੀ ਮੋਟੀ ਹੋ ਰਹੀ ਹੈ ਤਾਂ ਉਸਦੇ ਪੁਛਣ ਤੇ ਸਾਰੀ ਗੱਲ ਸਪੱਸ਼ਟ ਹੋ ਗਈ।