ਨਵੀਂ ਦਿੱਲੀ- ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਮਾਇਆਵਤੀ ਨੂੰ ਹਿਦਾਇਤਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਵਿਧਾਨਸਭਾ ਚੋਣਾਂ ਤੱਕ ਆਮ ਥਾਵਾਂ ‘ਤੇ ਲੱਗੀਆਂ ਮਾਇਆਵਤੀ ਅਤੇ ਬਸਪਾ ਦੇ ਚੋਣ ਨਿਸ਼ਾਨ ਹਾਥੀ ਦੀਆਂ ਮੂਰਤੀਆਂ ਨੂੰ ਢੱਕ ਦੇਵੇ। ਬਹੁਜਨ ਸਮਾਜ ਪਾਰਟੀ ਵਲੋਂ ਇਸਨੂੰ ਚੋਣ ਕਮਿਸ਼ਨ ਵਲੋਂ ਲਿਆ ਗਿਆ ਇਕ ਪਾਸੜ ਫੈਸਲਾ ਕਰਾਰ ਦਿੱਤਾ ਹੈ।
ਮੁੱਖ ਚੋਣ ਕਮਿਸ਼ਨਰ ਮੁਤਾਬਕ ਇਹ ਹੁਕਮ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਦਿੱਤਾ ਗਿਆ ਹੈ। ਕੁਰੈਸ਼ੀ ਨੇ ਕਿਹਾ ਕਿ ਆਮ ਥਾਵਾਂ ‘ਤੇ ਲੱਗੀਆਂ ਇਨ੍ਹਾਂ ਮੂਰਤੀਆਂ ਨੂੰ ਸਰਕਾਰੀ ਧਨ ਨਾਲ ਬਣਾਇਆ ਗਿਆ ਹੈ। ਜਿ਼ਕਰਯੋਗ ਹੈ ਕਿ ਮੁੱਖ ਮੰਤਰੀ ਮਾਇਆਵਤੀ ਨੇ ਇਕ ਖਾਸ ਮੁਹਿੰਮ ਦੇ ਤਹਿਤ ਰਾਜਧਾਨੀ ਲਖਨਊ ਅਤੇ ਨੋਇਡਾ ਵਿਚ ਬਣੀ ਆਲੀਸ਼ਾਨ ਪਾਰਕ ਵਿਚ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਹਾਥੀ ਦੀਆਂ ਸੈਂਕੜੇ, ਬਸਪਾ ਦੇ ਬਾਨੀ ਕਾਂਸ਼ੀ ਰਾਮ ਅਤੇ ਆਪਣੀਆਂ ਅਨੇਕਾਂ ਮੂਰਤੀਆਂ ਸਰਕਾਰੀ ਰੁਪਏ ਦੀ ਵਰਤੋਂ ਕਰਕੇ ਲਗਵਾਈਆਂ ਸਨ।