ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵਿੱਚ ਬੀ ਐਸ ਸੀ ਐਗਰੀਕਲਚਰਲ ਆਨਰਜ ਕਰ ਰਹੇ ਵਿਦਿਆਰਥੀਆਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੇਤੀਬਾੜੀ ਪ੍ਰਤੀ ਜਾਗਰੂਕ ਕੀਤਾ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ: ਰਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਬੀ ਐਸ ਸੀ ਖੇਤੀਬਾੜੀ ਆਖਰੀ ਸਾਲ ਦੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਸਿਲੇਬਸ ਦੇ ਹਿੱਸੇ ਵਜੋਂ ਇਹ 10 ਰੋਜ਼ਾ ਸਿਖਲਾਈ ਕੋਰਸ ਲਗਾਇਆ ਹੈ ਜਿਸ ਦੌਰਾਨ ਇਹ ਵਿਦਿਆਰਥੀ ਵੱਖ ਵੱਖ ਗਰੁੱਪ ਬਣਾ ਕੇ ਭੂੰਦੜੀ, ਗੁਰਾਹੂਰ, ਕੋਟਮਾਨਾ, ਖੁਦਾਈ ਚੱਕ, ਭਰੋਵਾਲ ਕਲਾਂ ਅਤੇ ਗੋਰਸ਼ੀਆਂ ਮੱਖਣ ਪਿੰਡਾਂ ਵਿੱਚ ਗਏ ਅਤੇ ਉਥੋਂ ਦੇ ਅਗਾਂਹਵਧੂ ਕਿਸਾਨਾਂ, ਪੰਚਾਇਤ ਮੈਂਬਰਾਂ ਅਤੇ ਹੋਰ ਮੋਹਤਵਾਰ ਵਿਅਕਤੀਆਂ ਰਾਹੀਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨਾਲ ਸੰਪਰਕ ਕਰਕੇ ਖੇਤੀਬਾੜੀ ਜਾਗਰੂਕ ਮੁਹਿੰਮ ਚਲਾਈ। ਡਾ: ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੇ 12 ਗਰੁੱਪ ਬਣਾਏ ਗਏ ਸਨ ਅਤੇ ਹਰ ਪਿੰਡ ਵਿੱਚ ਦੋ-ਦੋ ਗਰੁੱਪਾਂ ਨੇ ਸਵੇਰ ਤੋਂ ਸ਼ਾਮ ਤੱਕ ਵੱਖ ਵੱਖ ਗਤੀਵਿਧੀਆਂ ਕੀਤੀਆਂ। ਵਿਭਾਗ ਦੇ ਅਧਿਆਪਕ ਡਾ: ਸੁਰਿੰਦਰ ਕੌਰ ਸੈਣੀ, ਡਾ: ਰਾਜਿੰਦਰ ਕੌਰ ਕਾਲੜਾ, ਡਾ: ਜਸਵਿੰਦਰ ਭੱਲਾ, ਡਾ: ਤਜਿੰਦਰ ਸਿੰਘ ਰਿਆੜ, ਡਾ: ਨਿਰਮਲ ਜੌੜਾ ਅਤੇ ਡਾ: ਵਿਪਨ ਰਾਮਪਾਲ ਨੇ ਇਨ੍ਹਾਂ ਵਿਦਿਆਰਥੀਆਂ ਦੀ ਅਗਵਾਈ ਕੀਤੀ। ਡਾ: ਧਾਲੀਵਾਲ ਨੇ ਦੱਸਿਆ ਕਿ ਪਿੰਡਾਂ ਵਿੱਚ ਜਾ ਕੇ ਇਨ੍ਹਾਂ ਵਿਦਿਆਰਥੀਆਂ ਨੇ ਜਿਥੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਚਲਾਏ ਜਾਂਦੇ ਖੋਜ, ਪਸਾਰ ਅਤੇ ਅਧਿਆਪਨ ਕਾਰਜਾਂ ਦੀ ਜਾਣਕਾਰੀ ਦਿੱਤੀ ਉਥੇ ਕਿਸਾਨਾਂ ਨੂੰ ਟੈਂਸ਼ੀਓਮੀਟਰ, ਪੱਤਾ ਰੰਗ ਚਾਰਟ, ਖਾਦਾਂ ਦੇ ਮਿਕਸਚਰ ਬਾਰੇ ਵੀ ਵਿਸਥਾਰ ਰੂਪ ਵਿੱਚ ਦੱਸਿਆ। ਖੇਤਾਂ ਵਿੱਚ ਕੀੜੇ ਮਾਰ ਜ਼ਹਿਰਾਂ ਦੀ ਵਰਤੋਂ ਸੰਬੰਧੀ ਨੁਕਤੇ ਅਤੇ ਬੀਜ ਸੋਧ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਛਾਪੇ ਜਾਂਦੇ ਖੇਤੀ ਸਾਹਿਤ ਦੀ ਹਰ ਪਿੰਡ ਵਿੱਚ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਕਿਸਾਨਾਂ ਨੇ ਕਾਫੀ ਦਿਲਚਸਪੀ ਦਿਖਾਈ ਅਤੇ ਖੇਤੀ ਸਾਹਿਤ ਨੂੰ ਖਰੀਦਿਆ। ਡਾ: ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੇ ਪਿੰਡਾਂ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਜੁੜ ਕੇ ਖੇਤੀ ਕਾਰਜ ਕਰਨ ਲਈ ਪ੍ਰੇਰਿਆ ਅਤੇ ਆਯੋਜਿਤ ਕੀਤੇ ਜਾਂਦੇ ਕਿਸਾਨ ਮੇਲਿਆਂ ਅਤੇ ਹੋਰ ਸਮਾਗਮਾਂ ਤੇ ਆਉਣ ਦੀ ਅਪੀਲ ਕੀਤੀ।
ਪੀ ਏ ਯੂ ਦੇ ਵਿਦਿਆਰਥੀਆਂ ਨੇ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਕੀਤਾ ਖੇਤੀ ਪ੍ਰਤੀ ਜਾਗਰੂਕ
This entry was posted in ਖੇਤੀਬਾੜੀ.