ਲੁਧਿਆਣਾ:- ਪੰਜਾਬ ਵਿਸ਼ਵ ਸਭਿਅਤਾ ਦਾ ਪੰਘੂੜਾ ਸੀ ਪਰ ਅੱਜ ਸ਼ਬਦ ਸਭਿਆਚਾਰ ਵੱਲ ਪਿੱਠ ਕਰਨ ਕਰਕੇ ਮਾਨਸਿਕ ਤੌਰ ਤੇ ਬੰਜਰ ਧਰਤੀ ਬਣ ਰਿਹਾ ਹੈ। ਆਪਣੇ ਬੱਚਿਆਂ ਨੂੰ ਸਿਹਤਮੰਦ ਕਦਰਾਂ ਕੀਮਤਾਂ ਨਾਲ ਜੋੜਨ ਲਈ ਸਾਨੂੰ ਆਪਣੀ ਵਿਰਾਸਤ ਤੋਂ ਰੌਸ਼ਨੀ ਲੈ ਕੇ ਵਰਤਮਾਨ ਦੇ ਨਕਸ਼ ਸੰਵਾਰਨੇ ਪੈਣਗੇ ਜਿਸ ਨਾਲ ਭਵਿੱਖ ਚੁਣੌਤੀਆਂ ਨਾਲ ਸਿੱਝਣਯੋਗ ਬਣ ਸਕੇ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਤਾਲਾ ਵਿਖੇ ਅਮਰ ਸ਼ਹੀਦ ਜਨਤਕ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਸ਼ਬਦ ਸਭਿਆਚਾਰ ਨਾਲ ਆਪਣੀ ਵਚਨਬੱਧਤਾ ਨਿਭਾਉਂਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਜਥੇਬੰਦੀਆਂ ਵਿੱਚ ਕੰਮ ਕਰਨ ਦੇ ਨਾਲ ਨਾਲ ਸ਼ਬਦ ਸਭਿਆਚਾਰ ਦੀ ਉਸਾਰੀ ਲਈ ਵੀ ਸਾਂਝੇ ਯਤਨ ਕਰਨ। ਉਨ੍ਹਾਂ ਆਖਿਆ ਕਿ ਪੱਖੋਵਾਲ, ਲਤਾਲਾ, ਸਰਾਭਾ, ਗੁਜਰਵਾਲ, ਨਾਰੰਗਵਾਲ, ਜੜਾਹਾਂ ਅਤੇ ਕਿਲ੍ਹਾ ਰਾਏਪੁਰ ਪਿੰਡਾਂ ਵਿੱਚ ਚੱਲਦੀਆਂ ਲਾਇਬ੍ਰੇਰੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਪੰਜਾਬ ਵਿੱਚ ਅਜੇ ਵੀ ਪੁਸਤਕ ਸਭਿਆਚਾਰ ਦੀ ਵੱਡੀ ਲੋੜ ਹੈ। ਉਨ੍ਹਾਂ ਆਖਿਆ ਕਿ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਲਗਪਗ 40 ਪਿੰਡਾਂ ਨੂੰ ਪੁਸਤਕ ਦਾਨ ਦਿੱਤਾ ਜਾ ਚੁੱਕਾ ਹੈ ਅਤੇ ਇਸ ਲਾਇਬ੍ਰੇਰੀ ਲਈ ਵੀ 101 ਕਿਤਾਬਾਂ ਭੇਂਟ ਕੀਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਇਸ ਪਿੰਡ ਦੇ ਗਦਰੀ ਸੂਰਮੇ ਬਾਬਾ ਕਰਤਾਰ ਸਿੰਘ ਦੁੱਕੀ ਦੀ ਕੁਰਬਾਨੀ ਦਾ ਸਾਨੂੰ ਸਾਹਿਤ ਨੇ ਹੀ ਚੇਤਾ ਕਰਵਾਇਆ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਗਦਰ ਗੂੰਜਾਂ ਰਾਹੀਂ ਸਮੁੱਚੇ ਵਿਸ਼ਵ ਨੂੰ ਫਾਰੰਗੀ ਹਕੂਮਤ ਦੇ ਖਿਲਾਫ ਲਾਮਬੰਦ ਕਰਨ ਲਈ ਸ਼ਬਦ ਸਭਿਆਚਾਰ ਦਾ ਸਹਾਰਾ ਲਿਆ ਸੀ। ਅੱਜ ਆਮ ਆਦਮੀ ਦੀ ਲੁੱਟ ਤੋਂ ਸੁਚੇਤ ਹੋਣ ਲਈ ਕਿਤਾਬਾਂ ਹੀ ਸਾਨੂੰ ਸਹਾਰਾ ਦੇ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਿਰਫ ਆਮ ਸਾਹਿਤ ਹੀ ਨਹੀਂ ਸਗੋਂ ਯੂਨੀਵਰਸਿਟੀ ਵੱਲੋਂ ਛਪਦੇ ਮਾਸਕ ਪੱਤਰ ‘ਚੰਗੀ ਖੇਤੀ’ ਅਤੇ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਨੂੰ ਵੀ ਇਸ ਲਾਇਬ੍ਰੇਰੀ ਵਿੱਚ ਥਾਂ ਦਿੱਤਾ ਗਿਆ ਹੈ ਜਿਸ ਨਾਲ ਇਸ ਇਲਾਕੇ ਦੇ ਕਿਸਾਨ ਭਰਾ ਵਿਕਸਤ ਖੇਤੀ ਕਰਨ ਵਿੱਚ ਕਾਮਯਾਬ ਹੋ ਸਕਣਗੇ।
ਲੁਧਿਆਣਾ ਜ਼ਿਲ੍ਹੇ ਵਿੱਚ ਪੁਸਤਕ ਸਭਿਆਚਾਰ ਲਹਿਰ ਦੇ ਆਗੂ ਸ਼੍ਰੀ ਹਰੀਸ਼ ਮੌਦਗਿਲ ਨੇ ਦੱਸਿਆ ਕਿ ਨੈਸ਼ਨਲ ਬੁੱਕ ਟਰੱਸਟ ਵੱਲੋਂ ਪੱਖੋਵਾਲ ਵਿਖੇ ਕਰਵਾਏ ਪੁਸਤਕ ਮੇਲੇ ਵਿੱਚ ਡੇਢ ਲੱਖ ਰੁਪਏ ਦੀਆਂ ਕਿਤਾਬਾਂ ਵਿਕੀਆਂ ਹਨ ਜੋ ਇਸ ਗੱਲ ਦਾ ਪ੍ਰਮਾਣ ਹਨ ਕਿ ਲੋਕ ਚੰਗਾ ਸਾਹਿਤ ਖਰੀਦ ਕੇ ਪੜ੍ਹਨ ਦੀ ਤਾਂਘ ਰੱਖਦੇ ਹਨ। ਇਸ ਮੌਕੇ ਉੱਘੇ ਉਰਦੂ ਕਵੀ ਸਰਦਾਰ ਪੰਛੀ ਨੇ ਆਪਣੀਆਂ ਪੁਸਤਕਾਂ ਦਾ ਸੈੱਟ ਲਾਇਬ੍ਰੇਰੀ ਲਈ ਭੇਂਟ ਕੀਤਾ ਜਦ ਕਿ ਰਾਵਿੰਦਰ ਰੰਗੂਵਾਲ ਨੇ ਲਾਇਬ੍ਰੇਰੀ ਲਈ ਇਕ ਹਜ਼ਾਰ ਰੁਪਏ ਦਿੱਤੇ। ਇਸ ਮੌਕੇ ਮਾਸਟਰ ਬਲਜੀਤ ਸਿੰਘ ਲਤਾਲਾ ਨੇ ਲਾਇਬ੍ਰੇਰੀ ਦੀ ਸਥਾਪਨਾ ਲਈ ਪਿੰਡ ਪੰਚਾਇਤ ਅਤੇ ਸਥਾਨਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਲਾਇਬ੍ਰੇਰੀ ਦੀ ਸਥਾਪਨਾ ਲਈ ਬਣਾਈ ਸੱਤ ਮੈਂਬਰੀ ਕਮੇਟੀ ਬਾਰੇ ਜਾਣਕਾਰੀ ਦਿੱਤੀ। ਇਸ ਕਮੇਟੀ ਵਿੱਚ ਸ: ਹਰਪਾਲ ਸਿੰਘ ਖੰਗੂੜਾ ਪ੍ਰਧਾਨ, ਮਾਸਟਰ ਬਲਜੀਤ ਜਨਰਲ, ਰਾਜਿੰਦਰ ਸਿੰਘ ਖਜਾਨਚੀ, ਦਲਜੀਤ ਸਿੰਘ ਮੀਤ ਪ੍ਰਧਾਨ, ਮਹਿੰਗਾ ਸਿੰਘ ਜਾਇੰਟ ਸੈਕਟਰੀ, ਸੁਰਜੀਤ ਸਿੰਘ ਅਤੇ ਸਾਧੂ ਸਿੰਘ ਮੈਂਬਰ ਚੁਣੇ ਗਏ। ਇਸ ਮੌਕੇ ਸ: ਸੁਰਜੀਤ ਸਿੰਘ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਲਾਇਬ੍ਰੇਰੀ ਲਈ 51 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ। ਪਿੰਡ ਵਿੱਚ ਧੜੇਬੰਦੀ ਤੋਂ ਮੁਕਤ ਇਸ ਲਾਇਬ੍ਰੇਰੀ ਦਾ ਸਭ ਵਰਗਾਂ ਵੱਲੋਂ ਸੁਆਗਤ ਕੀਤਾ ਜਾ ਰਿਹਾ ਹੈ।