ਅੰਮ੍ਰਿਤਸਰ- ਪੰਜਾਬ ਵਿੱਚ ਵਿਧਾਨਸਭਾ ਚੋਣਾਂ ਵਿੱਚ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ।ਸੱਭ ਤੋਂ ਜਿਆਦਾ ਸ਼ਰਾਬ ਅਤੇ ਭੁੱਕੀ ਦੀ ਵਰਤੋਂ ਕੀਤੀ ਜਾਂਦੀ ਹੈ। ਪੁਲਿਸ ਕਮਿਸ਼ਨਰ ਮਿੱਤਲ ਨੇ ਚੋਣਾਂ ਵਿੱਚ ਗੈਰ ਕਨੂੰਨੀ ਢੰਗ ਨਾਲ ਵੰਡੀ ਜਾ ਰਹੀ ਸ਼ਰਾਬ ਤੇ ਸ਼ਿਕੰਜਾ ਕਸਣ ਲਈ ਇੱਕ ਸਪੈਸ਼ਲ ਸੈਲ ਤਿਆਰ ਕੀਤਾ ਹੈ। ਇਸ ਸੈਲ ਦੀ ਕਮਾਂਡ ਏਡੀਸੀਪੀ ਸਪੈਸ਼ਲ ਅਤੇ ਸਕਿਉਰਟੀ ਬਲਜੀਤ ਸਿੰਘ ਰੰਧਾਵਾ ਨੂੰ ਸੌਂਪੀ ਗਈ ਹੈ। ਪੁਲਿਸ ਕਮਿਸ਼ਨਰ ਵੱਲੋਂ ਇਹ ਹੁਕਮ ਦਿੱਤੇ ਗਏ ਹਨ ਕਿ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਸ਼ਰਾਬ ਦਾ ਗੈਰ ਕਨੂੰਨੀ ਧੰਧਾ ਕਰਨ ਵਾਲਿਆਂ ਨੂੰ ਪਕੜਿਆ ਜਾਵੇ। ਸ਼ਰਾਬ ਦੇ ਨਾਲ-ਨਾਲ ਸ਼ਰਾਬ ਤਸਕਰਾਂ ਨੂੰ ਕਾਬੂ ਕਰਨ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਸਾਰੇ ਬਾਈਪਾਸਾਂ ਅਤੇ ਸ਼ਹਿਰ ਵਿੱਚ ਦਾਖਿਲ ਹੋਣ ਵਾਲੇ ਸਾਰੇ ਰਸਤਿਆਂ ਤੇ ਨਾਕਾਬੰਦੀ ਕੀਤੀ ਗਈ ਹੈ। ਸ਼ਰਾਬ ਦੇ ਕਈ ਟਿਕਾਣਿਆਂ ਦੀਆਂ ਸੂਚੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।