ਲੁਧਿਆਣਾ,( ਪਰਮਜੀਤ ਸਿੰਘ ਬਾਗੜੀਆ ) ਪੰਜਾਬ ਸਮੇਤ ਭਾਰਤ ਦੇ ਪੰਜ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾ ਵਿਚ ਅੰਨ੍ਹੇਵਾਹ ਧੰਨ, ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਇਸ ਵਾਰ ਚੋਣ ਕਮਿਸ਼ਨ ਬੜਾ ਸਖਤ ਹੈ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਵਾਈ. ਐਸ. ਕੁਰੈਸ਼ੀ ਨੇ ਆਪਣੇ ਬਿਆਨ ਵਿਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਪੈਸੇ ਤੇ ਪੰਜਾਬ ਚੋਣਾਂ ਦੌਰਾਨ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਪ੍ਰਸਿੱਧ ਹਸਤੀਆਂ ਅੱਗੇ ਆਈਆਂ ਨਸ਼ਿਆਂ ਦੀ ਸਭ ਤੋਂ ਵਧ ਵਰਤੋਂ ਹੋਣ ਦਾ ਤੌਖਲਾ ਵੀ ਪ੍ਰਗਟਾਇਆ ਸੀ। 24 ਦਸੰਬਰ ਤੋਂ ਲਾਗੂ ਹੋਏ ਚੋਣ ਜਾਬਤੇ ਤੋਂ ਬਾਅਦ ਪੰਜਾਬ ਵਿਚ ਬੇਹਿਸਾਬੇ ਪੈਸੇ ਅਤੇ ਬਰਾਮਦ ਹੋਈ ਸ਼ਰਾਬ ਤੇ ਹੋਰ ਨਸ਼ਿਆਂ ਨੇ ਸੁਹਿਰਦ ਲੋਕਾਂ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ। ਪੰਜਾਬ ਜਿੱਥੇ ਕੋਈ 45 ਲੱਖ ਤੋਂ ਵੱਧ ਨੌਜਵਾਨ ਬੇਰੁਜਗਾਰ ਹਨ ਉਥੇ ਅਜਿਹੇ ਮਾੜੇ ਰੁਝਾਨ ਦਾ ਨੌਜਵਾਨੀ ‘ਤੇ ਮਾਰੂ ਅਸਰ ਹੋਣਾ ਵੀ ਸੁਭਾਵਿਕ ਹੈ।
ਚੋਣ ਜਾਬਤੇ ਦੇ ਪਹਿਲੇ 15 ਦਿਨਾਂ ਅੰਦਰ ਹੀ 20 ਕਰੋੜ ਬੇਹਿਸਾਬੇ ਰੁਪਏ ਦੀ ਬਰਾਮਦਗੀ ਹੋਈ ਹੈ ਅਤੇ ਇਕ ਲੱਖ 60 ਹਜ਼ਾਰ ਲਿਟਰ ਗੈਰ ਕਾਨੂੰਨੀ ਸ਼ਰਾਬ ਅਤੇ 15 ਕੁਇੰਟਲ ਭੁੱਕੀ ਫੜੀ ਗਈ ਹੈ ਜਦਕਿ ਅਜੇ ਚੋਣਾਂ ਵਿਚ 18 ਦਿਨ ਦਾ ਸਮਾਂ ਪਿਆ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਧੰਨ ਅਤੇ ਨਸ਼ਿਆਂ ਦਾ ਜ਼ੋਰ ਵਧਣ ਦੇ ਖਦਸ਼ੇ ਹਨ। ਹੈਰਾਨੀ ਦੀ ਗੱਲ ਹੈ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ‘ਤੇ ਰਾਜ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਸਿਆਸੀ ਪਾਰਟੀਆਂ ਵੋਟਰਾਂ ਨਾਲ ਹੋਰ ਤਾਂ ਸੈਂਕੜੇ ਵਾਅਦੇ ਕਰ ਰਹੀਆਂ ਹਨ ਪਰ ਚੋਣਾਂ ਵਿਚ ਵੋਟਰਾਂ ਨੂੰ ਪੈਸੇ ਤੇ ਨਸ਼ਿਆਂ ਦੇ ਜੋਰ ਨਾਲ ਪ੍ਰੜਾਵਿਤ ਨਾ ਕਰਨ ਦਾ ਵਾਅਦਾ ਕਿਸੇ ਵੀ ਪਾਰਟੀ ਦੇ ਏਜੰਡੇ ‘ਤੇ ਨਹੀਂ। ਹੋਰ ਤਾਂ ਹੋਰ ਅਕਾਲੀ ਦਲ ਬਾਦਲ ਦੀ ਧਾਰਮਿਕ ਤੇ ਸਿਆਸੀ ਮੰਚ ‘ਤੇ ਸਹਿਯੋਗੀ ਰਹਿਣ ਵਾਲੀ ਸਿੱਖਾਂ ਦੀ ਵੱਕਾਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਜੇ ਇਸ ਮਾਮਲੇ ਵਿਚ ਕੋਈ ਜਨਤਕ ਅਪੀਲ ਨਹੀਂ ਕੀਤੀ।
ਇਨ੍ਹਾਂ ਜਿੰਮੇਵਾਰ ਸਿਆਸੀ ਤੇ ਧਾਰਮਿਕ ਧਿਰਾਂ ਵਲੋਂ ਪੰਜ ਦਰਿਆਵਾਂ ਦੀ ਧਰਤ ਪੰਜਾਬ ਨੂੰ ਨਸ਼ਿਆਂ ਦੇ ਦਰਿਆ ਵਿਚ ਰੋੜ੍ਹਨ ਤੋਂ ਰੋਕਣ ਲਈ ਕੋਈ ਵਾਅਦਾ ਕਰਨ ਦਾ ਹੌਸਲਾ ਨਹੀਂ ਕੀਤਾ ਗਿਆ ਪਰ ਪੰਜਾਬ ਤੋਂ ਬਾਹਰ ਬੈਠੇ ਕੁਝ ਸੁਹਿਰਦ ਸੱਜਣਾਂ ਨੇ ਚੋਣਾਂ ਦੇ ਦੌਰ ਵਿਚ ਪੰਜਾਬ ਵਿਚ ਨਸ਼ਿਆਂ ਤੇ ਧੰਨ ਬਲ ਦੀ ਘਾਤਕ ਲਹਿਰ ਤੇ ਚਿੰਤਾ ਜਾਹਰ ਕਰਦਿਆਂ ਕੁਝ ਅਸਰਦਾਰ ਕਦਮ ਚੁੱਕਣ ਦੀ ਹਿੰਮਤ ਕੀਤੀ ਗਈ ਹੈ ਅਤੇ ਉੱਦਮ ਵਜੋਂ ਉਹ ਪੰਜਾਬ ਵਿਚ ਇਨ੍ਹਾਂ ਭੈੜੇ ਰੁਝਾਨਾਂ ਨੂੰ ਠੱਲ੍ਹਣ ਤੇ ਪੂਰੀ ਤਰ੍ਹਾਂ ਬੰਦ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਤੱਕ ਪਹੁੰਚ ਕਰਨ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਤਹੱਈਆ ਵੀ ਕਰੀ ਬੈਠੇ ਹਨ।
ਅਜਿਹੀ ਪਹਿਲ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਈ ਹੈ ਜਿੱਥੇ ਸਿਵਲ ਸੁਸਾਇਟੀ ਵਲੋਂ ਜਨਹਿੱਤ ਪਟੀਸ਼ਨਾਂ ਰਾਹੀ ਅਨੇਕਾਂ ਵਾਰ ਲੋਕ ਮੁੱਦੇ ਉਠਾਉਣ ਵਾਲੇ ਰਿਟਾ. ਜੱਜ ਸ੍ਰੀ ਰਜਿੰਦਰ ਸੱਚਰ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਅਤੇ ’84 ਦੇ ਸਿੱਖ ਕਤਲੇਆਮ ਦੇ ਪੀੜਤ ਸਮੂਹ ਪਰਿਵਾਰਾਂ ਦੇ ਕੇਸ ਲੜ ਰਹੇ ਐਡਵੋਕੇਟ ਐਚ. ਐਸ. ਫੂਲਕਾ ਨੇ ਦਿੱਲੀ ਸਥਿਤ ਚੋਣ ਕਮਿਸ਼ਨ ਦੇ ਦਫਤਰ ਜਾ ਕੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਪੈਸੇ ਤੇ ਸ਼ਰਾਬ ਦੀ ਨਜ਼ਾਇਜ ਵਰਤੋਂ ਵਿਰੁੱਧ ਸਖਤ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ। ਸੁਸਾਇਟੀ ਨੇ ਪੰਜਾਬ ਵਿਚ ਦੋ ਪੜਾਵੀ ਜਾਗ੍ਰਿਤੀ ਮਾਰਚ ਵੀ ਕੱਢਣ ਦਾ ਪ੍ਰੋਗਰਾਮ ਬਣਾਇਆ ਹੈ ਜਿਸ ਵਿਚ 13 ਜਨਵਰੀ ਤੋਂ 15 ਜਨਵਰੀ ਤੱਕ ਪਹਿਲੇ ਅਤੇ 20 ਤੋਂ 22 ਜਨਵਰੀ ਤੱਕ ਦੂਜੇ ਪੜਾਅ ਦੌਰਾਨ ਇਹ ਤਿੰਨੇ ਹਸਤੀਆਂ ਪੂਰੇ ਪੰਜਾਬ ਵਿਚ ਜਾ ਕੇ ਵੋਟਰਾਂ ਨੂੰ ਜਾਗ੍ਰਿਤ ਕਰਨਗੀਆਂ। ਨਸ਼ੇ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਸਿਫਤੀ ਦੇ ਘਰ ਸ਼ਹਿਰ ਅਮ੍ਰਿਤਸਰ ਤੋਂ ਕੀਤੀ ਜਾ ਰਹੀ ਹੈ। ਸਿਵਲ ਸੁਸਾਇਟੀ ਦੇ ਇਨ੍ਹਾਂ ਮੈਂਬਰਾਂ ਦਾ ਮੁੱਖ ਕੰਮ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਾਉਣਾ ਹੋਵੇਗਾ ਕਿ ਉਹ ਅਜਿਹੇ ਉਮੀਦਵਾਰ ਨੂੰ ਆਪਣਾ ਵੋਟ ਨਾ ਦੇਣ ਜੋ ਵੋਟਰਾਂ ਨੂੰ ਭਰਮਾਉਣ ਲਈ ਨਸਿ਼ਆਂ ਤੇ ਪੈਸੇ ਦੀ ਵਰਤੋਂ ਕਰਦਾ ਹੈ। ਜਸਟਿਸ ਸੱਚਰ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਪੰਜਾਬ ਸ਼ਰਾਬ ਦੇ ਦਰਿਆ ਵਜੋਂ ਜਾਣਿਆ ਜਾਂਦਾ ਹੈ। ਸ. ਫੂਲਕਾ ਦਾ ਆਖਣਾ ਹੈ ਕਿ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਚਿੱਠੀ ਲਿਖੀ ਹੈ ਕਿ ਉਹ ਜਨਤਕ ਤੌਰ ‘ਤੇ ਇਹ ਗੱਲ ਮੰਨਣ ਕਿ ਉਹ ਚੋਣ ਪ੍ਰਚਾਰ ਵਿਚ ਕਿਸੇ ਵੀ ਤਰ੍ਹਾਂ ਸ਼ਰਾਬ ਦੀ ਵਰਤੋਂ ਨਹੀਂ ਕਰਨਗੇ। ਇਸਤੋਂ ਇਲਾਵਾ ਇਕ ਨਿਗਰਾਨ ਕਮੇਟੀ ਵੀ ਬਣਾਈ ਗਈ ਹੈ ਜਿਹੜੀ ਵੇਖੇਗੀ ਕਿ ਚੋਣਾਂ ਦੌਰਾਨ ਕਿਹੜਾ ਉਮੀਦਵਾਰ ਸ਼ਰਾਬ ਦੀ ਵਰਤੋਂ ਕਰਦਾ ਹੈ। ਇਸ ਤਰ੍ਹਾਂ ਚੋਣ ਕਮਿਸ਼ਨ ਦੀ ਸਖਤੀ ਦੇ ਨਾਲ-ਨਾਲ ਸਿਵਲ ਸੁਸਾਇਟੀ ਦੀਆਂ ਇਨ੍ਹਾਂ ਸਖਸ਼ੀਅਤਾਂ ਦੀ ਅਪੀਲ ਅਤੇ ਪਹਿਲ ਕਦਮੀ ਦੇ ਸਮਰਥਨ ਵਿਚ ਆਮ ਲੋਕਾਂ ਨੂੰ ਅੱਗੇ ਆ ਕੇ ਉਨ੍ਹਾਂ ਦਾ ਸਾਥ ਦੇਣਾਂ ਚਾਹੀਦਾ ਹੈ ਤਾਂ ਜੋ ਪੰਜਾਬ ਦੀਆਂ ਚੋਣਾ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।