ਚੰਡੀਗੜ੍ਹ- ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਆਈਏਐਸ ਅਧਿਕਾਰੀ ਵੀ ਕੇ ਜੰਜੂਆ ਨੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਵਿਜੀਲੈਂਸ ਵਿਭਾਗ ਦੇ ਮੁੱਖੀ ਸੁਮੇਧ ਸਿੰਘ ਦੇ ਖਿਲਾਫ਼ ਚੰਡੀਗੜ ਦੀ ਅਦਾਲਤ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਵਾਇਆ ਹੈ। ਜੰਜੂਆ ਨੇ ਕਿਹਾ ਕਿ ਉਨ੍ਹਾਂ ਨੇ ਸੁਖਬੀਰ ਬਾਦਲ ਦੇ ਖਿਲਾਫ਼ ਜੋ ਕੇਸ ਦਾਇਰ ਕੀਤਾ ਹੈ, ਉਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਇੱਕ ਕਰੋੜ ਰੁਪੈ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ ਸੀ। 2009 ਵਿੱਚ ਇਸੇ ਕਰਕੇ ਉਨ੍ਹਾਂ ਨੂੰ ਭਿਰਸ਼ਟਾਚਾਰ ਦੇ ਕੇਸ ਵਿੱਚ ਫਸਾਇਆ ਗਿਆ ਸੀ। ਵੀਕੇ ਜੰਜੂਆ ਨੇ ਦਾਅਵੇ ਨਾਲ ਕਿਹਾ ਕਿ ਅਦਾਲਤ ਵਿੱਚ ਉਸ ਦੀ ਪਟੀਸ਼ਨ ਮਨਜੂਰ ਹੋ ਗਈ ਹੈ ਅਤੇ ਕੋਰਟ ਵੱਲੋਂ ਸੁਖਬੀਰ ਦੇ ਖਿਲਾਫ਼ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਜੰਜੂਆ ਨੇ ਕਿਹਾ ਕਿ ਜਦੋਂ ਉਹ ਆਪਣੇ ਅਹੁਦੇ ਤੇ ਤੇਨਾਤ ਸਨ ਤਾਂ ਉਨ੍ਹਾਂ ਕੋਲੋਂ ਇੱਕ ਕਰੋੜ ਰੁਪੈ ਬਤੌਰ ਰਿਸ਼ਵਤ ਮੰਗੇ ਗਏ ਸਨ। ਇੱਥੇ ਇਹ ਵਰਨਣਯੋਗ ਹੈ ਕਿ 2009 ਵਿੱਚ ਜੰਜੂਆ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗਰਿਫ਼ਤਾਰ ਕੀਤਾ ਗਿਆ ਸੀ। ਜੰਜੂਆ ਦਾ ਕਹਿਣਾ ਹੈ ਕਿ ਉਸ ਕੋਲ ਉਸ ਦੇ ਨਿਰਦੋਸ਼ ਹੋਣ ਦੇ ਸਬੂਤ ਹਨ।