ਲੋਕ ਸਭਾ ਚੋਣਾਂ ਜਿਉਂ ਜਿਉਂ ਨੇੜੇ ਢੁੱਕ ਰਹੀਆਂ ਹਨ, ਰਾਜਨੀਤਿਕ ਪਾਰਟੀਆਂ ਆਪੋ-ਆਪਣੇ ਪੈਂਤੜੇ ਮੱਲਣ ਲੱਗੀਆਂ ਹਨ। ਇਕ ਪਾਸੇ ਤਾਂ ਪਾਰਟੀਆਂ ਦੇ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ ਹੈ, ਦੂਜੇ ਪਾਸੇ ਕੁਝ ਪਾਰਟੀਆਂ ਦੇ ਅੰਦਰੂਨੀ ਸੰਘਰਸ਼ ਵੀ ਸਾਹਮਣੇ ਆ ਰਹੇ ਹਨ। ਕਾਂਗਰਸ ਹਾਈਕਮਾਨ ਦੇ ਦਬਾਅ ਕਾਰਨ ਭਾਵੇਂ ਪੰਜਾਬ ਕਾਂਗਰਸ ਦੀ ਲੀਡਰਸਿ਼ਪ ਪਿਛਲੇ ਹਫਤੇ ਕੁ ਤੋਂ ਇਕ ਮੰਚ ਉੱਪਰ ਆਉਣ ਲੱਗੀ ਹੈ, ਪਰ ਉਸ ਦੇ ਅੰਦਰਲਾ ਆਪਸੀ ਵਿਰੋਧ ਹਾਲੇ ਵੀ ਜਾਰੀ ਹੈ। ਪਹਿਲਾਂ ਇਸ ਕਿਸਮ ਦੀਆਂ ਖ਼ਬਰਾਂ ਛਪੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਾਸਲ ਕਰਨ ਦੇ ਗੇੜ ਵਿਚ ਹੈ ਅਤੇ ਮਹਿੰਦਰ ਸਿੰਘ ਕੇ.ਪੀ. ਨੂੰ ਲੋਕ ਸਭਾ ਦੀ ਜਲੰਧਰ ਸੀਟ ਦੇਣ ਤੋਂ ਪਿੱਛੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਅਮਰਿੰਦਰ ਸਿੰਘ ਨੂੰ ਸੰਭਾਲ ਦਿੱਤੀ ਜਾਵੇਗੀ। ਪਰ ਅਜਿਹਾ ਹਾਲੇ ਤੱਕ ਹੁੰਦਾ ਵਿਖਾਈ ਨਹੀਂ ਦੇ ਰਿਹਾ।
ਕਾਂਗਰਸ ਦੀ ਚੋਣ ਮੁਹਿੰਮ ਮਘਣ ਲੱਗੀ ਹੈ । ਕੈਪਟਨ ਦੀ ਅਗਵਾਈ ਵਿਚ ਕਾਂਗਰਸ ਨੇ ਚੋਣ ਮੁਹਿੰਮ ਮਘਾ ਲਈ ਹੈ। ਕਾਂਗਰਸ ਲੀਡਰਸਿ਼ਪ ਦੇ ਇਕ ਮੰਚ ‘ਤੇ ਆ ਜਾਣ ਅਤੇ ਚੋਣ ਮੁਹਿੰਮ ਵਿਚ ਕੈਪਟਨ ਦੇ ਲਲਕਾਰਿਆਂ ਤੋਂ ਘਬਰਾਏ ਅਕਾਲੀਆਂ ਨੇ ਇਕ ਵਾਰ ਫਿਰ ਉਸ ਨੂੰ ਵਿਜ਼ੀਲੈਂਸ ਬਿਊਰੋ ਦੇ ਘੇਰੇ ਵਿਚ ਲੈਣ ਦੀ ਵਿਉਂਤ ਬਣਾਈ ਜਾਪਦੀ ਹੈ। ਜਿ਼ਕਰਯੋਗ ਹੈ ਕਿ ਕੈਪਟਨ ਕਾਰਨ ਕਾਂਗਰਸ ਦੀ ਮੁਹਿੰਮ ਨੂੰ ਹੁੰਗਾਰਾ ਮਿਲਣ ਲੰਗਾ ਹੈ ਅਤੇ ਪਾਰਟੀ ਦੀਆਂ ਸਰਹਿੰਦ, ਫਤਹਿਗੜ੍ਹ ਸਾਹਿਬ, ਮੁੱਲਾਂਪੁਰ ਦਾਖਾ ਤੇ ਅੰਮ੍ਰਿਤਸਰ ਵਿਚ ਹੋਈਆਂ ਰੈਲੀਆਂ ਵਿਚ ਭਰਵੇਂ ਇਕੱਠ ਹੋਏ ਹਨ। ਲੰਘੀ 6 ਫਰਵਰੀ ਨੂੰ ਫ਼ਤਿਹਗੜ੍ਹ ਸਾਹਿਬ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਹਾਰ ਜਾਵੇਗਾ।
ਕੈਪਟਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਘਟੀਆ, ਖੁਦਗਰਜ਼ ਅਤੇ ਲੋਟੂ ਕਿਸਮ ਦੇ ਲੋਕਾਂ ਦਾ ਟੋਲਾ ਹੈ, ਜਦੋਂ ਕਿ 1922 ਵਿਚ ਗੁਰਦੁਆਰਿਆਂ ਦੀ ਆਜ਼ਾਦੀ ਲਈ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਜਮਾਤ ਵਿਚ ਤਿਆਗ ਕਰਨ ਵਾਲੇ ਮਾਸਟਰ ਤਾਰਾ ਸਿੰਘ ਵਰਗੇ ਲੋਕ ਸਨ। ਬਾਦਲ ਪਰਿਵਾਰ ‘ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਦੇ ਰਾਜ ਵਿਚ ਕਾਂਗਰਸੀ ਵਰਕਰਾਂ ‘ਤੇ ਲਗਭਗ 3700 ਝੂਠੇ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜਿ਼ਲ੍ਹੇ ਵਿਚ ਇਕ ਯੂਥ ਕਾਂਗਰਸੀ ਆਗੂ ‘ਤੇ 32 ਝੂਠੇ ਕੇਸ ਦਰਜ ਕੀਤੇ ਗਏ ਹਨ, ਇਸ ਦਾ ਹਿਸਾਬ ਲਿਆ ਜਾਵੇਗਾ।
ਫਿਰ ਵੀ ਕੁਝ ਕਾਂਗਰਸੀ ਲੀਡਰਸਿ਼ਪ ਦੇ ਇਕ ਮੰਚ ਉੱਪਰ ਆਉਣ ਕਾਰਨ ਅਤੇ ਕੁਝ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਰੈਲੀਆਂ ਵਿਚ ਹਾਜ਼ਰ ਹੋਣ ਕਾਰਨ, ਭੀੜ ਜੁੜਨੀ ਸ਼ੁਰੂ ਹੋ ਗਈ ਹੈ। ਇਸ ਭੀੜ ਤੋਂ ਉਤਸ਼ਾਹੀ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਛੋਟੇ/ਵੱਡੇ ਬਾਦਲਾਂ ਖਿਲਾਫ ਬੋਲਣਾ ਵੀ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਪਾਰਟੀ ਵਲੋਂ ਅੰਮ੍ਰਿਤਸਰ, ਮੁੱਲਾਂਪੁਰ ਦਾਖਾ, ਸਰਹਿੰਦ ਅਤੇ ਫਤਹਿਗੜ੍ਹ ਸਾਹਿਬ ਵਿਚ ਆਪਣੀਆਂ ਚੋਣ ਕਾਨਫਰੰਸਾਂ ਕੀਤੀਆਂ ਗਈਆਂ ਹਨ ਲੰਘੇ ਹਫਤੇ। ਭਾਵੇਂ ਕਾਂਗਰਸ ਲੀਡਰਸਿ਼ਪ ਨੇ ਇਨ੍ਹਾਂ ਕਾਨਫਰੰਸਾਂ ਵਿਚ ਸਮੂਹਿਕ ਰੂਪ ਵਿਚ ਸ਼ਾਮੂਲੀਅਤ ਕੀਤੀ, ਪਰ ਉਨ੍ਹਾਂ ਦਾ ਇਕ ਦੂਜੇ ਦੇ ਖਿਲਾਫ ਆਵਾਜ਼ੇ ਕੱਸਣ ਦਾ ਅਮਲ ਇਸ ਦੌਰਾਨ ਵੀ ਰੁਕਿਆ ਨਹੀਂ ।
ਇਹ ਤੱਥ ਅਕਾਲੀ ਦਲ ਬਾਦਲ ਅਤੇ ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ ਵੀ ਭਲੀ ਭਾਂਤ ਜਾਣਦੇ ਹਨ ਕਿ ਜੇ ਪੰਜਾਬ ਕਾਂਗਰਸ ਨੂੰ ਕੈਪਟਨ ਤੋਂ ਵਿਹੂਣੀ ਕਰ ਦਿੱਤਾ ਜਾਵੇ ਤਾਂ ਉਹ ਲਗਭਗ ਲੀਡਰ ਹੀਣ ਹੋਵੇਗੀ। ਬਾਦਲ ਪਰਿਵਾਰ ਦੀ ਬਾਕੀ ਕਾਂਗਰਸੀ ਲੀਡਰਾਂ ਪ੍ਰਤੀ ਪਹੁੰਚ ਉਨ੍ਹਾਂ ਨੂੰ ਟਿੱਚ ਸਮਝਣ ਵਾਲੀ ਹੈ। ਕੈਪਟਨ ਦੀ ਚੋਣ ਮੁਹਿੰਮ ਨਤੀਜੇ ਦੇ ਰਹੀ ਹੈ। ਕਾਂਗਰਸ ਹਾਈਕਮਾਨ ਉਸ ਨੂੰ ਪ੍ਰਧਾਨ ਬਣਾਉਂਦੀ ਹੈ ਜਾਂ ਨਹੀਂ, ਇਹ ਮਸਲਾ ਲੰਮੀ ਦੇਰ ਤੋਂ ਊਠ ਦਾ ਬੁੱਲ੍ਹ ਬਣਿਆ ਹੋਇਆ ਹੈ, ਇਹ ਹਾਲੇ ਕਿੰਨੀ ਦੇਰ ਤੱਕ ਲਟਕਿਆ ਰਹੇਗਾ, ਕੁਝ ਕਿਹਾ ਨਹੀਂ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਇਸ ਹਾਲਤ ਵਿਚ ਬਾਦਲ ਸਰਕਾਰ ਨਾਲੋਂ ਵੀ ਕੁਝ ਤਿੱਖੇ ਨਿਕਲੇ, ਉਹ ਵਿਜੀਲੈਂਸ ਬਿਊਰੋ ਦੇ ਹਾਜ਼ਰ – ਨਾਜ਼ਰ ਹੁੰਦਿਆਂ ਹੀ ਦਿੱਲੀ ਵਲ ਖਿਸਕ ਗਏ। ਜਦੋਂ ਕਾਂਗਰਸ ਦੀ ਚੋਣ ਮੁਹਿੰਮ ਰੋਕਣ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਅਜਿਹੀਆਂ ਹਰਕਤਾਂ ਉੱਪਰ ਉਤਰ ਰਹੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਂਗਰਸ ਹਾਈਕਮਾਨ ਉੱਪਰ ਪ੍ਰਧਾਨਗੀ ਹਾਸਲ ਕਰਨ ਲਈ ਹੋਰ ਵਧੇਰੇ ਦਬਾਅ ਪੈਦਾ ਕਰਨ ਦਾ ਮੌਕਾ ਜੁੜ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਪ੍ਰਤੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਾਲੀ ਭਾਸ਼ਾ ਵੀ ਦੁਬਾਰਾ ਦੁਹਰਾਉਣੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਇਹ ਗੱਲ ਵਾਰ-ਵਾਰ ਆਖ ਰਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਹਾਰਨ ਤੋਂ ਬਾਅਦ ਬਾਦਲਕੇ ਪ੍ਰਦੇਸਾਂ ਨੂੰ ਭੱਜ ਜਾਣਗੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕੈਪਟਨ ਡਾਂਗ ਲੈ ਕੇ ਖੜ੍ਹਾ ਹੈ।
ਉਂਝ ਇਹ ਗੱਲ ਦਿਲਚਸਪ ਹੈ ਕਿ ਬਾਦਲ ਪਰਿਵਾਰ ਅਤੇ ਬਾਦਲ ਸਰਕਾਰ ਖਿਲਾਫ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਖਿਲਾਫ ਬਿਲਕੁਲ ਹੀ ਚੁੱਪ ਹੈ। ਬਾਦਲਾਂ ਨੂੰ ਧਰ ਕੇ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ ਖੜਕਵੀਂ ਭਾਸ਼ਾ ਵਿਚ ਗੱਲ ਕਰ ਰਿਹਾ ਹੈ, ਸਗੋਂ ਉਹ ਕੁਝ ਮੁੱਦੇ ਵੀ ਉਭਾਰ ਰਿਹਾ ਹੈ।
ਇਸ ਸਾਰੇ ਕੁਝ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਉਸੇ ਤਰ੍ਹਾਂ ਅਕਾਲੀਆਂ ਦੇ ਰਾਜ ਨੂੰ ਨਾਦਰਸ਼ਾਹੀ ਰਾਜ ਆਖ ਰਿਹਾ ਹੈ, ਜਿਵੇਂ ਬਾਦਲ ਹੁਰੀਂ ਜਦੋਂ ਸੱਤਾ ਤੋਂ ਬਾਹਰ ਸਨ ਤਾਂ ਕੈਪਟਨ ਦੇ ਰਾਜ ਨੂੰ ਆਖਿਆ ਕਰਦੇ ਸਨ। ਉਂਝ ਇਸ ਕਿਸਮ ਦੀ ਨਾਦਰਸ਼ਾਹੀ ਨਾ ਤਾਂ ਆਮ ਲੋਕ ਕੈਪਟਨ ਦੇ ਰਾਜ ਸਮੇਂ ਵੇਖ ਰਹੇ ਸਨ ਅਤੇ ਨਾ ਹੀ ਹੁਣ ਵੇਖ ਰਹੇ ਹਨ। ਇਹ ਗੱਲ ਠੀਕ ਹੈ ਕਿ ਅੱਜ ਪ੍ਰਸ਼ਾਸਨ ਅਤੇ ਰਾਜ ਦਾ ਕੋਈ ਵੀ ਅੰਗ ਠੀਕ ਢੰਗ ਕੰਮ ਕਰਦਾ ਵਿਖਾਈ ਨਹੀਂ ਦੇ ਰਿਹਾ। ਬਾਦਲਾਂ ਦੇ ਰਾਜ ਵਿਚ ਉਸ ਦਾ ਆਖਣਾ ਹੈ ਕਿ ਨਾ ਬਿਜਲੀ ਭਾਲਿਆਂ ਲੱਭਦੀ ਹੈ, ਨਾ ਪੀਣ ਵਾਲਾ ਪਾਣੀ। ਇਸ ਤੋਂ ਇਲਾਵਾ ਕਿਸਾਨਾਂ ਸਮੇਤ ਸਾਰੇ ਤਬਕੇ ਦੁਖੀ ਹਨ। ਉਸ ਦਾ ਆਖਣਾ ਹੈ ਕਿ ਸਾਡੀ ਸਰਕਾਰ ਵੇਲੇ ਨਾ ਅਸੀਂ ਬਿਜਲੀ ਜਾਣ ਦਿੱਤੀ ਅਤੇ ਨਾ ਹੀ ਪਾਣੀ ਸਮੇਤ ਹੋਰ ਸਹੂਲਤਾਂ ਤੋਂ ਲੋਕਾਂ ਨੂੰ ਤੰਗ ਹੋਣ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦਾ ਆਖਣਾ ਹੈ ਕਿ ਜੇ ਪੰਜਾਬ ਦੇ ਲੋਕ ਸਾਨੂੰ ਲੋਕ ਸਭਾ ਚੋਣਾਂ ਵਿਚ ਜਿਤਾ ਦੇਣ ਤਾਂ ਬਾਦਲਾਂ ਦਾ ਰਾਜ ਕੁਝ ਹੀ ਦਿਨਾਂ ਦੀ ਗੱਲ ਹੋਵੇਗੀ। ਬਾਦਲ ਦੇ ਰਾਜ ਦੀ ਇਕ ਪ੍ਰਾਪਤੀ ਤਾਂ ਇਹ ਹੈ ਕਿ ਉਸ ਵਲੋਂ ਪੰਜਾਬੀ ਭਾਸ਼ਾ ਸਬੰਧੀ ਐਕਟ ਸੋਧ ਕੇ ਪਾਸ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੇ ਸਬੰਧ ਵਿਚ ਅਣਗਹਿਲੀ ਕਰਨ ਵਾਲੇ ਅਫਸਰਾਂ ਲਈ ਸਜ਼ਾ ਦੀ ਮੱਦ ਜੋੜੀ ਗਈ ਅਤੇ ਦੂਜੀ ਇਹ ਕਿ ਪੰਜਾਬ ਦੇ ਵਿਦਿਅਕ ਢਾਂਚੇ ਵਿਚ ਗਿਣਨਯੋਗ ਸੁਧਾਰ ਹੋਇਆ ਹੈ। ਇਸ ਦੀ ਮੁੱਖ ਵਜ੍ਹਾ ਸੁਲਤਾਨਪੁਰ ਨਾਲ ਸਬੰਧਤ ਪੜ੍ਹੀ ਲਿਖੀ ਅਕਾਲੀ ਵਜ਼ੀਰ ਬੀਬੀ ਉਪਿੰਦਰਜੀਤ ਕੌਰ ਅਤੇ ਪੰਜਾਬ ਦੇ ਐਜੂਕੇਸ਼ਨ ਡਾਇਰੈਕਟਰ ਸ਼੍ਰੀ ਕ੍ਰਿਸ਼ਨ ਕੁਮਾਰ ਹਨ, ਜਿਹੜੇ ਕਿਸੇ ਸਮੇਂ ਜਿ਼ਲ੍ਹਾ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ।
ਕੈਪਟਨ ਦਾ ਆਖਣਾ ਹੈ ਕਿ ਬਾਦਲ ਪਰਿਵਾਰ ਨੇ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਨੂੰ ਨਿਕਲ ਜਾਣਾ ਹੈ। ਹੋਰ ਕੋਈ ਵਿਭਾਗ ਇਸ ਤੋਂ ਇਲਾਵਾ ਅਜਿਹਾ ਨਹੀਂ ਹੈ, ਜਿਸ ਸਬੰਧੀ ਇਹ ਕਿਹਾ ਜਾ ਸਕੇ ਕਿ ਇਸ ਦਾ ਕੋਈ ਚੱਜ ਆਚਾਰ ਬਣਿਆ ਹੈ। ਅਕਾਲੀਆਂ ਉੱਪਰ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਦੋਸ਼ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਸਰਕਾਰੀ ਜ਼ਮੀਨਾਂ ਵੇਚ ਕੇ ਸਰਕਾਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਅਕਾਲੀਆਂ ਨੇ ਆਪਣੀ ਪਿਛਲੀ ਸਰਕਾਰ ਵੇਲੇ ਪੰਜਾਬ ਦੇ ਸਰਕਾਰੀ ਰੈਸਟ ਹਾਊਸ ਵੇਚੇ ਸਨ, ਇਸ ਵਾਰ ਉਹ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਜ਼ਮੀਨਾਂ ਵੇਚ ਰਹੇ ਹਨ। ਉਸ ਦੀ ਦਲੀਲ ਹੈ ਕਿ ਅਕਾਲੀ ਸਰਕਾਰੀ ਜਾਇਦਾਦਾਂ ਵੇਚ ਕੇ ਲੁੱਟ-ਖਾਣ ਵਾਲਾ ਟੋਲਾ ਹਨ ।