ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ)- ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ-ਤਿਵੇਂ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਜਗ੍ਹਾ-ਜਗ੍ਹਾ ਨੁਕੱੜ ਮੀਟਿੰਗਾਂ ਤੇ ਸ਼ਹਿਰਾਂ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਅੱਜ ਸ੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ.ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਸ਼ਹਿਰ ਦੇ ਟਿੱਬੀ ਸਾਹਿਬ ਰੋਡ, ਕੋਟਲੀ ਰੋਡ, ਬਠਿੰਡਾ ਰੋਡ ਤੇ ਹੋਰਨਾਂ ਮੁਹੱਲਿਆਂ ਤੇ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਵਿਚ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਸ.ਰੋਜੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਗਏ ਜੰਗੀ ਪੱਧਰੀ ’ਤੇ ਵਿਕਾਸ ਕੰਮ ਕਰਵਾਏ ਹਨ ਅਤੇ ਇਸੇ ਵਿਕਾਸ ਦੇ ਮੁੱਦੇ ਤੇ ਅਕਾਲੀ-ਭਾਜਪਾ ਗਠਜੋੜ ਚੋਣ ਲੜ ਰਿਹਾ ਹੈ। ਜਦੋਂਕਿ ਹੋਰਨਾਂ ਪਾਰਟੀਆਂ ਦੇ ਕੋਲ ਚੋਣ ਮੁੱਦਾ ਹੀ ਨਹੀਂ ਹੈ। ਉਨ੍ਹ੍ਰਾਂ ਕਿਹਾ ਕਿ ਇਸ ਵਾਰ ਫਿਰ ਲੋਕ ਅਕਾਲੀ-ਭਾਜਪਾ ਦਾ ਸਾਥ ਦੇ ਕੇ ਦੁਬਾਰਾ ਸੱਤਾ ਵਿਚ ਲਿਆਉਣਾ ਚਾਹੁੰਦੇ ਹਨ ਤਾਂ ਕਿ ਸੂਬੇ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਇਆ ਜਾ ਸਕੇ। ਸ.ਰੋਜੀ ਬਰਕੰਦੀ ਨੇ ਕਿਹਾ ਕਿ ਜੇਕਰ ਲੋਕ ਸਾਥ ਦੇਣ ਤਾਂ ਇਸ ਵਾਰ ਵੀ ਰਾਜ ਨਹੀਂ ਸੇਵਾ ਕਰਾਂਗੇ।
ਇਸ ਮੌਕੇ ਬੋਲਦਿਆਂ ਜਥੇ.ਸੁਖਦਰਸ਼ਨ ਸਿੰਘ ਮਰਾੜ ਸਾਬਕਾ ਵਿਧਾਇਕ ਨੇ ਕਿਹਾ ਕਿ ਕਾਂਗਰਸੀਆਂ ਨੇ ਹਮੇਸ਼ਾ ਸੱਤਾ ਵਿਚ ਆ ਕੇ ਸੂਬੇ ਦਾ ਵਿਨਾਸ਼ ਹੀ ਕੀਤਾ ਹੈ ਅਤੇ ਇਸ ਵਾਰ ਚੋਣਾਂ ਵਿਚ ਕਾਂਗਰਸ ਵੱਲੋਂ ਪੇਸ਼ ਕੀਤਾ ਗਿਆ ਮੈਨੀਫੇਸਟੋਂ ਵੀ ਅਕਾਲੀ-ਭਾਜਪਾ ਦੇ ਪਿਛਲੇ ਚੋਣ ਮੈਨੀਫੇਸਟੋ ਦੀ ਕਾਰਬਨ ਕਾਪੀ ਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ 5 ਸਾਲਾਂ ਵਿਚ ਸੂਬੇ ਵਿਚ ਇੰਨੇ ਵਿਕਾਸ ਕੰਮ ਕਰਵਾਏ ਹਨ ਜਿੰਨੇ ਕਾਂਗਰਸ ਤੇ ਹੋਰਨਾਂ ਸਰਕਾਰਾਂ ਨੇ ਪਿਛਲੇ 50 ਸਾਲਾਂ ਵਿਚ ਵੀ ਨਹੀਂ ਕਰਵਾਏ ਜਿਸ ਤੋਂ ਲੋਕ ਭਲੀ ਭਾਂਤੀ ਜਾਣੂ ਹਨ। ਵੱਖ-ਵੱਖ ਥਾਂਵਾ ਤੇ ਸ.ਰੋਜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੌਰਵ ਰਾਜਦੇਵ, ਨਿਸ਼ਾਨ ਰੁਪਾਣਾ, ਜਸਪ੍ਰੀਤ ਸਿੰਘ ਛਾਬੜਾ, ਅਸ਼ੋਕ ਚੁੱਘ, ਦੇਸਰਾਜ ਲੂਨਾ, ਹਰਪਾਲ ਸਿੰਘ ਬੇਦੀ ਐਮ.ਸੀ., ਮਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਸਨ।