ਤਾਏ ਵਲੈਤੀਏ ਦੀ ਬੈਠਕ ਵਿਚ ਮੀਟਿੰਗ ਸ਼ੁਰੂ ਹੋਣ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਸਾਰੇ ਹੀ ਬੁਲਾਰੇ ਆਪੋ ਆਪਣੀ ਭੜਾਸ ਕੱਢਣ ਲਈ ਉਤਾਵਲੇ ਹੋਏ ਬੈਠੇ ਸਨ। ਸ਼ੀਤੇ ਨੂੰ ਤਾਂ ਜਿਵੇਂ ਬੈਠਣਾ ਮੁਸ਼ਕਲ ਹੋ ਰਿਹਾ ਸੀ, ਉਹ ਆਸੇ ਪਾਸੇ ਮਾਰਦਾ ਹੋਇਆ ਮੀਟਿੰਗ ਸ਼ੁਰੁ ਹੋਣ ਦੀ ਉਡੀਕ ਕਰ ਰਿਹਾ ਸੀ।
ਤਾਏ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਹੋਇਆਂ ਮਾਸਟਰ ਧਰਮ ਸਿਹੁੰ ਨੂੰ ਚੋਣਾਂ ਦਾ ਹਾਲ ਚਾਲ ਜਾਣਨ ਲਈ ਤਾਜ਼ਾ ਖ਼ਬਰਾਂ ਦੀ ਜਾਣਕਾਰੀ ਲੈਣ ਲਈ ਪੁਛਿਆ। “ ਹੋਰ ਮਾਸਟਰ ਧਰਮ ਸਿੰਹਾਂ ਦੱਸ ਤੇਰੀ ਅਖ਼ਬਾਰ ਕੀ ਕਹਿੰਦੀ ਆ? ਕਿਹੜੀ ਪਾਰਟੀ ਇਸ ਵਾਰ ਪੰਜਾਬ ਅਸੰਬਲੀ ‘ਤੇ ਕਬਜ਼ਾ ਕਰੂ?”
ਮਾਸਟਰ ਧਰਮ ਸਿੰਘ ਨੇ ਅਖ਼ਬਾਰ ਦੀ ਪੰਨੇ ਫੋਲਣ ਤੋਂ ਪਹਿਲਾਂ ਈ ਸਿਰ ਖੁਰਕਦਿਆਂ ਕਿਹਾ, “ਤਾਇਆ! ਇਸ ਵਾਰ ਤਾਂ ਇਵੇਂ ਲਗਦੈ ਜਿਵੇਂ ਕੋਈ ਖਿਚੜੀ ਪਾਰਟੀ ਈ ਬਣੂੰ।”
“ਚੰਗੀ ਗੱਲ ਆ ਮਾਸਟਰਾ ਪਾਰਟੀ ਜਿਹੜੀ ਵੀ ਬਣੇ ਸਾਡੇ ਉਨ੍ਹਾਂ ਨੇ ਕਿਹੜੇ ਘਰ ਪੱਕੇ ਕਰਾ ਦੇਣੇ ਨੇ। ਜੇ ਕਿਤੇ ਖਿਚੜੀ ਬਣੂੰ ਤਾਂ ਖਾਣ ਦੇ ਕੰਮ ਤਾਂ ਆ ਈ ਜਾਊਗੀ।” ਸ਼ੀਤੇ ਨੇ ਆਪਣੇ ਮਖੌਲੀਆ ਸੁਭਾਅ ਮੁਤਾਬਕ ਮਾਸਟਰ ਦੀ ਗੱਲ ਨੂੰ ਹਾਸੇ ਵਿਚ ਪਾਉਂਦਿਆਂ ਕਿਹਾ।
“ਓਏ ਸ਼ੀਤਿਆ! ਗੱਲ ਭਾਵੇਂ ਕਿਤੇ ਵੀ ਹੋਵੇ। ਬਸ ਤੈਨੂੰ ਤਾਂ ਖਾਣ ਦਾ ਬਹਾਨਾ ਚਾਹੀਦਾ ਹੈ। ਅਸੀਂ ਨਵੀਂ ਸਰਕਾਰ ਬਣਨ ਦੀਆਂ ਗਲਾਂ ਕਰ ਰਹੇ ਆਂ ‘ਤੇ ਤੂੰ ਆਪਣੀਆਂ ਈ ਯੱਬਲੀਆਂ ਮਾਰੀ ਜਾ ਰਿਹੈਂ।” ਤਾਏ ਨੇ ਸ਼ੀਤੇ ਨੂੰ ਮਿੱਠੀ ਜਿਹੀ ਡਾਂਟ ਲਾਉਂਦਿਆਂ ਕਿਹਾ।
ਗੱਪੀ ਵੀ ਜਿਵੇਂ ਸ਼ੀਤੇ ਨੂੰ ਡਾਂਟ ਪੈਣ ਦੀ ਹੀ ਉਡੀਕ ਕਰ ਰਿਹਾ ਸੀ। “ਗੱਲ ਤਾਂ ਤੇਰੀ ਠੀਕ ਆ ਤਾਇਆ! ਇਹ ਸਾਰਾ ਤੇਰੇ ਪਕੌੜਿਆਂ ‘ਤੇ ਸਮੋਸਿਆਂ ਦਾ ਅਸਰ ਆ ਜਿਹੜਾ ਸ਼ੀਤੇ ਗੱਲ ਗੱਲ ‘ਤੇ ਖਾਣ ਪੀਣ ਨੂੰ ਈ ਮੋਹਰੇ ਰੱਖੀ ਬੈਠਾ ਹੈ।”
“ਵੇਖ ਗੱਪੀ! ਪਾਰਟੀ ਜਿਹੜੀ ਮਰਜ਼ੀ ਆ ਜਾਵੇ ਅਸੀਂ ਤਾਂ ਇਥੇ ਪਿੰਡ ਵਿਚ ਤਾਏ ਦੀ ਬੈਠਕ ਵਿਚ ਬੈਠਕੇ ਮੀਟਿੰਗਾਂ ਈ ਕਰਨੀਆਂ ਨੇ। ਕਿਹੜਾ ਨਵੇਂ ਮੁੱਖ ਮੰਤਰੀ ਨੇ ਤੈਨੂੰ ਅਸੰਬਲੀ ਵਿਚ ਬੋਲਣ ਲਈ ਸੱਦ ਲੈਣੈ।” ਸ਼ੀਤੇ ਨੇ ਗੱਪੀ ਦੀ ਖੁੰਬ ਠੱਪਦਿਆਂ ਕਿਹਾ।
“ਚੱਲ ਮਾਸਟਰਾ! ਤੂੰ ਈ ਦੱਸ ਫਿਰ ਇਸ ਵਾਰ ਕਿਹੜੀ ਪਾਰਟੀ ਦੀ ਪੁਜ਼ੀਸ਼ਨ ਵਧੀਆ ਹੈ ਅਤੇ ਕਿਹੜੀ ਪਾਰਟੀ ਦੀ ਡਾਵਾਂ ਡੋਲ?” ਸ਼ੀਤੇ ਨੇ ਗੱਪੀ ਤੋਂ ਪੱਲਾ ਝਾੜਦਿਆਂ ਮਾਸਟਰ ਧਰਮ ਸਿੰਘ ਵੱਲ ਦਾ ਰੁੱਖ ਮੋੜ ਲਿਆ।
“ਸ਼ੀਤਿਆ! ਤੇਰੀ ਇਹੀ ਗੱਲ ਚੰਗੀ ਲਗਦੀ ਹੈ ਅਤੇ ਇਸੇ ਗੱਲ ਦੀ ਹੀ ਸਮਝ ਨਹੀਂ ਆਉਂਦੀ। ਤੂੰ ਇਕੇ ਵੇਲੇ ਈ ਸਾਰੇ ਕਿਆਰਿਆਂ ਨੂੰ ਪਾਣੀ ਛੱਡੀਂ ਜਾਂਦੈਂ। ਗੱਪੀ ਨਾਲ ਦੋ ਹੱਥ ਕਰਨ ਤੋਂ ਬਾਅਦ ਤੂੰ ਇਕ ਦਮ ਮੇਰੇ ਪਾਸੇ ਹੋ ਤੁਰਿਐਂ।” ਮਾਸਟਰ ਧਰਮ ਸਿੰਘ ਨੇ ਆਪਣੀ ਗੱਲ ਨੂੰ ਅੱਗੇ ਤੋਰਦਿਆਂ ਕਿਹਾ। “ਬਈ ਇਸ ਵਾਰ ਤਾਂ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਨੇ ਸਾਰੀਆਂ ਈ ਪਾਰਟੀਆਂ ਦਾ ਹਿਸਾਬ ਕਿਤਾਬ ਵਿਗਾੜ ਕੇ ਰੱਖਿਆ ਹੋਇਐ। ਕਿਸੇ ਥਾਂ ‘ਤੇ ਮਨਪ੍ਰੀਤ ਬਾਦਲ ਦੇ ਉਮੀਦਵਾਰ ਅਕਾਲੀਆਂ ਦੀਆਂ ਜੜ੍ਹਾਂ ਖੋਖਲੀਆਂ ਕਰਨ ‘ਤੇ ਲੱਗੇ ਹੋਏ ਨੇ ਤੇ ਕਿਤੇ ਕਾਂਗਰਸ ਦੀਆਂ ਜੜ੍ਹਾਂ ਵਿਚ ਬੈਠੇ ਹੋਏ ਨੇ।” ਮਾਸਟਰ ਧਰਮ ਸਿਹੁੰ ਨੇ ਆਪਣੀ ਨਵੀਂ ਕਹਾਣੀ ਜੋੜਦਿਆਂ ਕਿਹਾ।
“ਚੱਲ ਅਮਲੀਆ! ਤੂੰ ਦੱਸ ਇਸ ਵਾਰ ਇਸ ਵਾਰ ਤੇਰੇ ਖਾਣ ਪੀਣ ਦਾ ਕੋਈ ਪ੍ਰਬੰਧ ਹੋਇਆ ਕਿ ਨਹੀਂ?” ਤਾਏ ਨੇ ਨਿਹਾਲੇ ਅਮਲੀ ਵੱਲ ਗੱਲ ਮੋੜਦਿਆਂ ਕਿਹਾ।
“ ਗੰਲ ਇਹ ਆਂ ਤਾਂਇਆਂ ਇੰਸ ਵਾਂਰ ਚੋਣ ਕਮਿਸ਼ਨ ਵਾਂਲਿਆਂ ਨੇ ਸਾਡੀਆਂ ਬੇੜੀਆਂ ਵਿੱਚ ਵੱਟੇਂ ਪਾਂ ਦਿੰਤੇ ਨੇ। ਨਾਂ ਕੋਈਂ ਨਸ਼ਾਂ ਪਤਾਂ ਸਾਂਡੇਂ ਤਾਂਈਂ ਪੁੰਚਾਂ ਸਕਦਾਂ ਹੈਂ ਤੇਂ ਨਾਂ ਈਂ ਪੈਸੇਂ ਵੰਡਣ ਦੀ ਹਿੰਮੰਤ ਈਂ ਕਰ ਰਿਹਾਂ ਏਂ। ਪਰ ਫਿੰਰ ਵੀਂ ਤਾਂਇਆਂ ਭਲਾਂ ਹੋਵੇਂ ਇੰਨਾਂ ਨੰਬਰਦਾਰਾਂ ਦਾਂ ਜਿਹੜੇਂ ਸਾਂਡੇਂ ਲਈਂ ਕਿਸੇਂ ਨਾਂ ਕਿਸੇਂ ਢੰਗ ਨਾਲ ਨਸ਼ੇ ਪੱਤੇਂ ਪੁਚਾਈਂ ਜਾਂਦੇਂ ਨੇਂ। ਪਰ ਪਹਿਲਾਂ ਵਾਲੀਆਂ ਮੌਜਾਂ ਨਹੀਂ।” ਅਮਲੀ ਨੇ ਆਪਣੇ ਮਨ ਦੀ ਭੜਾਸ ਕਢਦਿਆਂ ਤਾਏ ਨੂੰ ਦੱਸਿਆ।
“ ਪਰ ਅਮਲੀਆ ਸਾਨੂੰ ਤੇਰੀ ਇਹ ਗੱਲ ਸਮਝ ਨਹੀਂ ਆਈ ਕਿ ਲੋਕੀਂ ਆਪਣੇ ਇਲਾਕੇ ਲਈ ਸਹੂਲਤਾਂ ਮੰਗਦੇ ਨੇ ਤੇ ਤੁਸੀਂ ਨਸ਼ੇ ਪੱਤੇ ਨਾਲ ਈ ਰਾਜੀ ਹੋ ਜਾਂਦੇ ਜੇ। ਤੁਹਾਨੂੰ ਪਤੈ ਤੁਸੀਂ ਨਸ਼ੇ ਪੱਤੇ ਖਾਕੇ ਜਿਹੜੇ ਉਮੀਦਵਾਰ ਨੂੰ ਜਿਤਾਉਂਦੇ ਜੇ ਉਹੀ ਪੰਜਾਂ ਸਾਲਾਂ ਤੱਕ ਤੁਹਾਡੇ ਕੋਲੋਂ ਉਨ੍ਹਾਂ ਨਸ਼ਿਆਂ ਦੀਆਂ ਕਿਸ਼ਤਾਂ ਵਸੂਲਦਾ ਰਹਿੰਦੈ।” ਤਾਏ ਨੇ ਆਪਣੇ ਗੱਲ ਅਮਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ।
“ਵੇਖ ਤਾਇਆ! ਇਕ ਗੱਲੋਂ ਤਾਂ ਅਮਲੀ ਵੀ ਸੱਚਾ ਹੈ। ਇਹੀ ਤਾਂ ਮੌਕਾ ਹੁੰਦਾ ਹੈ ਇਨ੍ਹਾਂ ਉਮੀਦਵਾਰਾਂ ਤੋਂ ਕੁਝ ਲੈਣ ਦਾ ਨਹੀਂ ਤਾਂ ਵੋਟਾਂ ਲੈਣ ਤੋਂ ਬਾਅਦ ਇਹ ਕਿਹੜਾ ਸਾਡੇ ਹਲਕੇ ਵਿਚ ਦਿਸਦੇ ਨੇ।” ਸ਼ੀਤੇ ਨੇ ਆਪਣੀ ਫਿਲਾਸਫ਼ੀ ਝਾੜਦਿਆਂ ਕਿਹਾ।
“ਹਾਂ ਤੁਹਾਡੀ ਇਸੇ ਫਿਲਾਸਫੀ ਨੇ ਪੰਜਾਬ ਦਾ ਭੱਠਾ ਬਿਠਾਕੇ ਰੱਖਿਆ ਹੋਇਆ ਹੈ। ਬੱਸ ਦੋ ਘੁੱਟ ਸ਼ਰਾਬ ਪੀਕੇ ‘ਤੇ ਦੋ ਕੌਲੀਆਂ ਮੀਟ ਦੀਆਂ ਖਾਕੇ ਅੱਖਾਂ ਮੀਟਕੇ ਲਾ ਦਿੰਦੇ ਜੇ ਮਾੜੇ ਉਮੀਦਵਾਰ ਦੀ ਪਰਚੀ ‘ਤੇ ਠੱਪਾ।” ਤਾਏ ਨੇ ਸ਼ੀਤੇ ਨੂੰ ਡਾਂਟਦਿਆਂ ਹੋਇਆਂ ਕਿਹਾ।
“ਤਾਇਆ! ਤੂੰ ਨਹੀਂ ਸਮਝਦਾ ਅੱਜ ਕਲ ਸਾਡੇ ਵੋਟਰ ਵੀ ਬੜੇ ਸਿਆਣੇ ਹੋ ਗਏ ਨੇ। ਇਹ ਸਾਰੇ ਈ ਉਮੀਦਵਾਰਾਂ ਦੀਆਂ ਪਾਰਟੀਆਂ ਵਿਚ ਪਹੁੰਚ ਜਾਂਦੇ ਨੇ। ਨਸ਼ੇ ਪੱਤੇ ਛੱਕਕੇ ਅਤੇ ਮੀਟ ਮੁਰਗੇ ਉਡਾਕੇ, ਸਾਰਿਆਂ ਨੂੰ ਈ ਪਾਖੰਡੀ ਸਾਧਾਂ ਵਾਂਗ ਪੁੱਤ ਵੰਡ ਆਉਂਦੇ ਨੇ।” ਮਾਸਟਰ ਧਰਮ ਸਿੰਹੁ ਨੇ ਤਾਏ ਨੂੰ ਸਮਝਾਉਂਦਿਆਂ ਕਿਹਾ।
“ਵੇਖ ਤਾਇਆ! ਸਾਡੇ ਵਲੋਂ ਅਕਾਲੀ ਆ ਜਾਣ ਜਾਂ ਕਾਂਗਰਸੀ ਅਸੀਂ ਤਾਂ ਆਪਣੀਆਂ ਫਸਲਾਂ ਦੀਆਂ ਕੀਮਤਾਂ ਵਧਾਉਣ ਅਤੇ ਮਾਸਟਰਾਂ ਲਈ ਨੌਕਰੀਆਂ ਲੱਭਣ ਲਈ ਦੋਵੇਂ ਈ ਪਾਰਟੀਆਂ ਦੇ ਰਾਜ ਵਿਚ ਪੁਲਿਸ ਦੀਆਂ ਡਾਂਗਾਂ ਈ ਖਾਣੀਆਂ ਨੇ।” ਸ਼ੀਤੇ ਨੇ ਆਪਣੀ ਗੱਲ ਨੂੰ ਅੱਗੇ ਤੋਰਦਿਆਂ ਕਿਹਾ।
“ਬਈ ਮੁੰਡਿਓ! ਗੱਲ ਤਾਂ ਤੁਹਾਡੀ ਠੀਕ ਆ। ਪਰ ਤੁਸੀਂ ਕਿਸੇ ਨਵੀਂ ਪਾਰਟੀ ਨੂੰ ਵੀ ਅਜ਼ਮਾ ਕੇ ਵੇਖ ਲਵੋ ਕੀ ਪਤਾ ਉਹ ਈ ਤੁਹਾਡੇ ਲਈ ਕੁਝ ਕਰਨ ਦੀ ਹਿੰਮਤ ਰੱਖਦੀ ਹੋਵੇ?” ਤਾਏ ਨੇ ਇਕ ਸਵਾਲ ਜਿਹਾ ਪਾਉਂਦਿਆਂ ਪਿੰਡ ਵਾਲਿਆਂ ਦੀ ਰਾਏ ਜਾਨਣੀ ਚਾਹੀ।
ਗੱਪੀ ਜਿਹੜਾ ਵਾਹਵਾ ਚਿਰ ਤੋਂ ਆਪਣੀ ਵਾਰੀ ਆਉਣ ਦੀ ਉਡੀਕ ਕਰ ਰਿਹਾ ਸੀ, ਵਿਚੋਂ ਈ ਬੋਲ ਉਠਿਆ, “ਵੇਖ ਤਾਇਆ! ਸਾਨੂੰ ਇਹ ਤੀਜੀ ਪਾਰਟੀ ਵਾਲੀ ਗੱਲ ਸਮਝ ਨਹੀਂ ਆਈ। ਮਨਪ੍ਰੀਤ ਦੀ ਤੀਜੀ ਪਾਰਟੀ ਵੀ ਅਕਾਲੀ ਦਲ ਚੋਂ ਈ ਬਣੀ ਆ ਜਦੋਂ ਮਨਪ੍ਰੀਤ ਕੋਲ ਪੰਜਾਬ ਦਾ ਖ਼ਜ਼ਾਨਾ ਮਹਿਕਮਾ ਸੀ ਤਾਂ ਉਹਨੇ ਕਿਹੜਾ ਸਾਡੇ ਪਿੰਡ ਦੇ ਖਾਲਿਆਂ ਨੂੰ ਸੋਨੇ ਦੀਆਂ ਇੱਟਾਂ ਲੁਆ ਦਿੱਤੀਆਂ ਸਨ। ਨਾਲੇ ਉਹਦੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਵੀ ਸਾਰੇ ਈ ਕਾਂਗਰਸ ਅਤੇ ਅਕਾਲੀਆਂ ਤੋਂ ਵੱਖ ਹੋਕੇ ਆਏ ਐਮਐਲਏ ਦੀ ਉਮੀਦਵਾਰੀ ਦੇ ਭੁੱਖੇ ਲੋਟੂ ਲੀਡਰ ਈ ਨੇ। ਉਹ ਕਿਹੜਾ ਕੋਈ ਨਵੇਂ ਲੀਡਰ ਲੈ ਕੇ ਆਇਆ। ਆਪਣਾ ਸਿਆਸੀ ਉੱਲੂ ਸਿੱਧਾ ਕਰਨ ਲਈ ਉਹ ਵੀ ਕਾਂਗਰਸ ਅਤੇ ਅਕਾਲੀਆਂ ਚੋਂ ਪਾਟੇ ਉਮੀਦਵਾਰਾਂ ਨੂੰ ਈਂ ਟਿਕਟਾਂ ਵੰਡੀ ਜਾ ਰਿਹੈ।”
ਕਮਾਲਪੁਰੀਏ ਗੱਪੀ ਦੀ ਗੱਲ ਸੁਣਨ ਤੋਂ ਬਾਅਦ ਤਾਇਆ ਸਿਰ ਖੁਰਕਦਾ ਹੋਇਆ ਕਹਿਣ ਲੱਗਾ, “ਬਈ ਕਮਾਲਪੁਰੀਆ! ਗੱਲ ਤਾਂ ਤੇਰੀ ਸੋਲ੍ਹਾਂ ਆਨੇ ਸੱਚੀ ਆ ਇਹ ਗੱਲ ਤਾਂ ਕਦੀ ਮੇਰੇ ਜਿਹਨ ਵਿਚ ਆਈ ਈ ਨਹੀਂ ਸੀ, ਕਿ ਮਨਪ੍ਰੀਤ ਵਲੋਂ ਖੜੀ ਕੀਤੀ ਗਈ ਤੀਜੀ ਪਾਰਟੀ ਵਿਚ ਵੀ ਤਾਂ ਬਹੁਤੇ ਅਕਾਲੀਆਂ ਅਤੇ ਕਾਂਗਰਸੀਆਂ ਚੋਂ ਨਰਾਜ਼ ਹੋਏ ਲੋਕ ਈ ‘ਕੱਠੇ ਹੋਏ ਨੇ। ਇਸ ਗੱਲ ਵਿਚ ਤਾਂ ਤੂੰ ਸਾਥੋਂ ਨੰਬਰ ਮਾਰ ਗਿਆ।
“ਨਾਲੇਂ ਤਾਂਇਆਂ! ਤੈਂਨੂੰ ਪਤੈਂ ਇਕ ਵਾਂਰੀਂ ਮੈਂ ਫਿਰਨੀਂ ਦੇ ਲਾਂਗੇਂ ਵਾਲੀਂ ਆਪਣੀਂ ਪੈਲੀ ਵਿਚ ਸਬਜ਼ੀ ਲਾਂ ਬੈਠਾਂ। ਮੇਰੇਂ ਜੁਆਂਕ ਤਾਂ ਸਾਂਰਾਂ ਸਾਂਲ ਸਬਜ਼ੀਂ ਨੂੰ ਤਰਸਦੇਂ ਰਹੇਂ ਤੇ ਫਿਰਨੀਂ ਦੇ ਲਾਂਗਲੇਂ ਘਰਾਂ ਵਾਲਿਆਂ ਦੇਂ ਘਰੀਂ ਨਿਹਾਂਲ ਸਿਹੁੰ ਦੀ ਪੈਲੀਂ ਵਿੰਚ ਉਗੀਂ ਸਬਜ਼ੀ ਦੇ ਤੜਕੇਂ ਲਗਦੇਂ ਰਹੇਂ। ਇਹਨਾਂ ਫਿਰਨੀਂ ਲਾਗਲੇਂ ਘਰਾਂ ਵਾਂਲਿਆਂ ਨੂੰ ਵੀ ਪਤਾਂ ਸੀਂ ਕਿ ਜੇ ਮੈਂ ਕਿਸੇਂ ਨੂੰ ਫੜ੍ਹ ਵੀਂ ਲੈਂਦਾਂ ਤਾਂ ਮੇਰਾਂ ਗਰੀਂਬ ਦਾਂ ਕਿਹੜਾਂ ਇਨ੍ਹਾਂ ‘ਤੇ ਕੋਈਂ ਜੋਂਰ ਚਲਣਾ ਸੀ। ਮੇਰਾਂ ਕਹਿਣ ਦਾ ਮਤਲਬ ਆਂ ਕਿ ਸਾਡਾਂ ਪੰਜਾਂਬਵਾਂਸੀਆਂ ਦਾਂ ਵੀਂ ਮਾੜੇ ਅਮਲੀ ਨਿਹਾਲੇਂ ਵਾਲਾਂ ਹਸਾਂਬ ਈਂ ਆਂ। ਜਿਹੜੀਂ ਪਾਰਟੀਂ ਮਰਜ਼ੀਂ ਆਂ ਜੇਂ ਪੰਜਾਂਬ ਦਾਂ ਹਾਂਲ ਤਾਂ ਫਿਰਨੀਂ ਲਾਂਗੇਂ ਉੱਗੀ ਸਬਜ਼ੀ ਵਾਲਾਂ ਈਂ ਆਂ। ਹਰ ਕੋਈਂ ਆਉਂਦਾਂ ਜਾਂਦਾਂ ਲੀਡਰ ਮਰੁੰਡ ਕੇ ਲੈਂ ਜਾਂਦਾਂ ਈਂ।” ਅਮਲੀ ਨਿਹਾਲੇ ਨੇ ਆਪਣਾ ਦੁਖੜਾ ਰੋਂਦਿਆਂ ਗੱਲ ਦਾ ਖੁਲਾਸਾ ਕੀਤਾ।
ਅਮਲੀ ਦੀ ਗੱਲ ਸੁਣਕੇ ਮਾਸਟਰ ਧਰਮ ਸਿੰਘ ਨੇ ਕਿਹਾ, “ ਵੇਖ ਤਾਇਆ! ਇਕ ਗੱਲ ਤਾਂ ਸਾਫ ਹੈ ਕਿ ਇਹ ਸਿਆਸਤਦਾਨ ਕੁਝ ਸਾਲਾਂ ਵਿਚ ਈ ਇੰਨਾ ਪੈਸਾ ਬਣਾ ਜਾਂਦੇ ਨੇ ਜਿੰਨਾ ਕਿ ਕੋਈ ਡਾਕਟਰ ਇੰਜੀਨੀਅਰ ਸਾਰੀ ਉਮਰ ਵਿਚ ਨਹੀਂ ਬਣਾ ਸਕਦਾ।”
“ਹਾਂ ਤਾਇਆ! ਤੂੰ ਮੰਨ ਭਾਵੇਂ ਨਾ ਮੰਨ ਇਹ ਲੋਕ ਪੈਸਾ ਤਾਂ ਅੰਨ੍ਹੇ ਵਾਹ ਬਣਾਉਂਦੇ ਨੇ।” ਸ਼ੀਤੇ ਨੇ ਵੀ ਮਾਸਟਰ ਧਰਮ ਸਿਹੁੰ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ।
“ਵੇਖੋ ਮੁੰਡਿਓ! ਇਹ ਤਾਂ ਸਾਰਿਆਂ ਨੂੰ ਈ ਪਤਾ ਹੈ ਕਿ ਇਹ ਪੈਸਾ ਖੁਲ੍ਹਾ ਬਣਾਉਂਦੇ ਨੇ। ਡਾਕਟਰ ਇੰਜੀਨੀਅਰ ਤੋਂ ਵੱਧ ਕੀ ਇਹ ਗੱਲ ਸੱਚ ਹੈ?” ਤਾਏ ਨੇ ਇਕ ਸਵਾਲ ਜਿਹਾ ਪਾਉਂਦਿਆਂ ਪੁੱਛਿਆ।
“ਵੇਖ ਤਾਇਆ! ਸ਼ਹਿਰਾਂ ਵਿਚ ਰਹਿਣ ਵਾਲੇ ਡਾਕਟਰ ਇਕ ਮਾੜੀ ਜਿਹੀ ਡਿਸਪੈਂਸਰੀ ਬਣਾਕੇ ਮਰੀਜਾਂ ਤੋਂ ਪੈਸਾ ਲੈਂਦੇ ਰਹਿੰਦੇ ਨੇ। ਕੋਈ ਵਧੇਰੇ ਵਧੀਆ ਹੋਇਆ ਤਾਂ ਆਪਣਾ ਪ੍ਰਾਈਵੇਟ ਹਸਪਤਾਲ ਬਣਾ ਲਿਆ। ਪਰ ਪੰਜਾਂ ਸਾਲਾਂ ਬਾਅਦ ਸਾਡੇ ਆਹ ਲੀਡਰ ਕਰੋੜਾਂ ਦੇ ਮਾਲਕ ਹੋ ਕੇ ਨਿਕਲਦੇ ਨੇ। ਸੈਕਲਾਂ ‘ਤੇ ਪਿੰਡ ਤੋਂ ਸ਼ਹਿਰ ਦਾ ਸਫ਼ਰ ਕਰਨ ਵਾਲੇ ਇਨ੍ਹਾਂ ਲੀਡਰਾਂ ਕੋਲ ਸਾਲਾਂ ਵਿਚ ਈ ਕਾਰਾਂ ਆ ਜਾਂਦੀਆਂ ਨੇ।” ਤਾਏ ਦੇ ਸਵਾਲ ਦਾ ਜਵਾਬ ਦਿੰਦਿਆਂ ਅਤੇ ਕਾਰਾਂ ਤੇ ਕਰੋੜਾਂ ਬਨਾਉਣ ਸਵਾਲ ਤਾਏ ਦੇ ਪਾਲੇ ਵਿਚ ਸੁਟਦਿਆਂ ਸ਼ੀਤੇ ਨੇ ਕਿਹਾ।
“ਗੱਲ ਤਾਂ ਤੁਹਾਡੀ ਠੀਕ ਆ। ਪਰ ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ।” ਤਾਏ ਨੇ ਫਿਰ ਪੁਛਿਆ।
“ਵੇਖ ਤਾਇਆ! ਆਹ ਅੰਮ੍ਰਿਤਸਰ ਹਲਕੇ ਦਾ ਨਵਜੋਤ ਸਿੰਘ ਸਿੱਧੂ ਈ ਆ। ਇਹਨੂੰ ਸਿਆਸਤ ਦਾ ਲਹੂ ਅਜਿਹਾ ਮੂੰਹ ਲੱਗਿਆ ਕਿ ਇਹਨੇ ਆਪਣੀ ਡਾਕਟਰ ਘਰ ਵਾਲੀ ਤੋਂ ਅਸਤੀਫ਼ਾ ਦਿਵਾਕੇ। ਉਹਨੂੰ ਵੀ ਐਮਐਲਏ ਦੀ ਉਮੀਦਵਾਰੀ ਦਿਵਾ ਦਿੱਤੀ। ਜੇਕਰ ਡਾਕਟਰੀ ਲੀਡਰੀ ਤੋਂ ਵਧੀਆ ਹੁੰਦੀ ਤਾਂ ਕੀ ਉਹ ਡਾਕਟਰੀ ਛੱਡਕੇ ਸਿਆਸਤ ਵਿਚ ਆਉਂਦੀ ਸੀ?” ਮਾਸਟਰ ਧਰਮ ਸਿੰਘ ਨੇ ਇਕ ਵਾਰ ਫਿਰ ਲੀਡਰਾਂ ਦੀ ਪੋਲ ਖੋਲ੍ਹਦਿਆਂ ਤਾਏ ਨੂੰ ਸਵਾਲ ਕੀਤਾ।
“ਵੇਖ ਤਾਇਆ! ਸਾਡੇ ਵਲੋਂ ਤਾਂ ਕੋਈ ਲੀਡਰ ਆ ਜੇ ਸਾਡਾ ਗਰੀਬਾਂ ਦਾ ਹਾਲ ਤਾਂ ਇਹੀ ਰਹਿਣੈ। ਨਾਲੇ ਵੇਖ ਅੱਜ ਤੈਨੂੰ ਅਸੀਂ ਕਿੰਨੀਆਂ ਸੋਹਣੀਆਂ ਗੱਲਾਂ ਦੱਸੀਆਂ ਨੇ ਜਿਹੜੀਆਂ ‘ਮਰੀਕਾ, ਇੰਗਲੈਂਡ , ਕਨੇਡਾ ਜਾਂ ਅਸਟ੍ਰੇਲੀਆ ‘ਚ ਕਿੱਤੇ ਨਹੀਂ ਹੁੰਦੀਆਂ। ਇਸੇ ਖੁਸ਼ੀ ਵਿਚ ਲਿਆ ਕੱਢ ਪੈਸੇ ‘ਤੇ ਮੈਂ ਜਾ ਕੇ ਕਸ਼ਮੀਰੀ ਦੀ ਹੱਟੀਉਂ ਗਰਮਾ ਗਰਮ ਸਮੋਸੇ ਲਿਆਵਾਂ ਤੇ ਮੇਰੇ ਆਉਣ ਤੱਕ ਚਾਹ ਦਾ ਇੰਤਜ਼ਾਮ ਤਾਂ ਹੋ ਹੀ ਜਾਣਾ ਹੈ।” ਸ਼ੀਤੇ ਨੇ ਆਪਣੀ ਖਾਣ ਦੀ ਮੰਗ ਤਾਏ ਸਾਹਮਣੇ ਰੱਖਦਿਆਂ ਕਿਹਾ।
ਦਿਨੋਂ ਦਿਨ ਲੀਡਰਾਂ ਵਲੋਂ ਹੋਰ ‘ਤੇ ਹੋਰ ਹੁੰਦੀ ਲੁੱਟ ਖਸੁੱਟ ਬਾਰੇ ਸੋਚਦਿਆਂ ਤਾਏ ਨੇ ਜੇਬ ਚੋਂ ਪੈਸੇ ਕੱਢਕੇ ਸ਼ੀਤੇ ਨੂੰ ਫੜਾ ਦਿੱਤੇ ਅਤੇ ਸ਼ੀਤਾ ਸ਼ੂਟਾਂ ਵੱਟਦਾ ਕਸ਼ਮੀਰੀ ਦੀ ਹੱਟੀ ਵੱਲ ਦੌੜ ਗਿਆ।