ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਜ਼ਿਲ੍ਹਾ ਕੋਰਟ ਕੰਪਲੈਕਸ, ਗਿੱਦੜਬਾਹਾ ਅਤੇ ਮਲੋਟ ਵਿਖੇ ਅੱਜ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ: ਜੇ. ਐਸ. ਕਲਾਰ ਦੀ ਪ੍ਰਧਾਨਗੀ ਹੇਠ ਮੇਗਾ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਵਿਚ 402 ਕੇਸ ਸੁਣਵਾਈ ਲਈ ਆਏ ਜ਼ਿਨ੍ਹਾਂ ਵਿਚੋਂ ਦੋਹਾਂ ਧਿਰਾਂ ਦੀ ਸਹਿਮਤੀ ਨਾਲ 284 ਕੇਸਾਂ ਦਾ ਨਿਪਟਾਰਾ ਮੌਕੇ ‘ਤੇ ਹੀ ਕਰਦਿਆਂ 2, 72, 76, 994 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਵੱਖ ਵੱਖ ਬੈਂਚਾਂ ਦਾ ਮੁਆਇਨਾ ਕਰਦਿਆਂ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ: ਜੇ. ਐਸ. ਕਲਾਰ ਨੇ ਦੱਸਿਆ ਕਿ ਲੋਕ ਅਦਾਲਤਾਂ ਵਿਚ ਮਾਮਲਿਆਂ ਦਾ ਸਥਾਈ ਹੱਲ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੋ ਜਾਂਦਾ ਹੈ ਅਤੇ ਇਸ ਫੈਸਲੇ ਖਿਲਾਫ ਅਪੀਲ ਦਾ ਅਧਿਕਾਰ ਵੀ ਨਹੀਂ ਰਹਿੰਦਾ। ਇਸ ਨਾਲ ਲੋਕਾਂ ਨੂੰ ਸਸਤਾ ਅਤੇ ਛੇਤੀ ਨਿਆਂ ਮਿਲਦਾ ਹੈ ਉੱਥੇ ਅਦਾਲਤਾਂ ‘ਤੇ ਵੀ ਕੇਸਾਂ ਦਾ ਬੋਝ ਘੱਟਦਾ ਹੈ। ਇਸ ਤਰਾਂ ਨਿਆਂ ਮਿਲਣ ਨਾਲ ਸਮਾਜ ਵਿਚ ਭਾਈਚਾਰਕ ਸਾਂਝ ਵੀ ਵੱਧਦੀ ਹੈ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਲੋਕਾਂ ਵਿਚ ਲੋਕਪ੍ਰਿਆ ਹੋ ਰਹੀਆਂ ਹਨ ਅਤੇ ਇਸ ਸਬੰਧੀ ਆਮ ਲੋਕਾਂ ਨੂੰ ਲਗਾਤਾਰ ਜਾਗਰੁਕ ਕੀਤਾ ਜਾਂਦਾ ਹੈ। ਇਸੇ ਲਈ ਕਾਨੂੰਨੀ ਸਹਾਇਤਾ ਕਲੀਨਕ ਵੀ ਖੋਲੇ ਜਾ ਰਹੇ ਹਨ ਜਿੱਥੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਬਿਨ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ 1 ਲੱਖ ਤੋਂ ਘੱਟ ਆਮਦਨ ਵਾਲੇ ਲੋਕਾਂ, ਐਸ.ਸੀ. ਸ਼੍ਰ੍ਰੇਣੀ ਦੇ ਲੋਕਾਂ, ਅਪਾਹਜ, ਮਾਨਸਿਕ ਤੌਰ ਤੇ ਅਪਸੈਟ, ਆਦਿ ਲੋਕ ਮੁਫਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਦਾ ਮਨੋਰਥ ਸਮਝੌਤੇ ਅਤੇ ਰਾਜੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਨਾ ਹੁੰਦਾ ਹੈ। ਇਸ ਵਿਚ ਗੰਭੀਰ ਕਿਸਮ ਦੇ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰਾਂ ਦੇ ਕੇਸ ਜੋ ਵੱਖ ਵੱਖ ਅਦਾਲਤਾਂ ਵਿਚ ਬਕਾਇਆ ਪਏ ਹਨ ਲੋਕ ਅਦਾਲਤਾਂ ਵਿਚ ਸ਼ਾਮਿਲ ਕੀਤੇ ਜਾ ਸਕਦੇ ਹਨ। ਜੇ ਕੇਸ ਅਦਾਲਤ ਵਿਚ ਨਾ ਚੱਲਦਾ ਹੋਵੇ ਉਹ ਮਾਮਲਾ ਵੀ ਲੋਕ ਅਦਾਲਤਾਂ ਵਿਚ ਦਰਖਾਸਤ ਦੇਕੇ ਰਾਜੀਨਾਮੇ ਲਈ ਲਿਆਇਆ ਜਾ ਸਕਦਾ ਹੈ।
ਸ੍ਰੀ ਜਸਵਿੰਦਰ ਸਿੰਘ ਸਿਵਲ ਜੱਜ ਸੀਨੀਅਰ ਡਵੀਜਨ ਨੇ ਦੱਸਿਆ ਕਿ ਮਹੀਨੇ ਦੇ ਅਖੀਰਲੇ ਸ਼ਨੀਵਾਰ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਲੋਕ ਅਦਾਲਤਾਂ ਲਗਾਈਆਂ ਜਾਂਦੀਆਂ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਮੈਗਾ ਲੋਕ ਅਦਾਲਤਾਂ ਵਿਚ ਸ੍ਰੀ ਹੇਮੰਤ ਗੋਪਾਲ ਐਡੀਸਨਲ ਸ਼ੈਸ਼ਨ ਜੱਜ, ਸ੍ਰੀ ਐਸ. ਐਸ. ਧਾਲੀਵਾਲ ਐਡੀਸ਼ਨ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਆਰ.ਕੇ. ਸ਼ਰਮਾ ਚੀਫ ਜੁਡੀਸੀਅਲ ਮੈਜਿਸਟ੍ਰੇਟ, ਸ੍ਰੀ ਆਰ.ਕੇ. ਸ਼ਰਮਾ ਸਹਾਇਕ ਜ਼ਿਲ੍ਹਾ ਅਟਾਰਨੀ, ਸ੍ਰੀ ਗੁਰਬਿੰਦਰ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ, ਸ੍ਰੀ ਗੌਤਮ ਅਰੋੜਾ ਐਡਵੋਕੇਟ, ਸ੍ਰੀ ਬੀ.ਐਸ. ਪਵਾਰ ਜ਼ਿਲ੍ਹਾ ਲੀਡ ਮੈਨੇਜਰ ਅਤੇ ਵਕੀਲ ਸਹਿਬਾਨ ਨੇ ਭਾਗ ਲਿਆ। ਮਲੋਟ ਵਿਖੇ ਸ੍ਰੀ ਕੰਵਲਜੀਤ ਸਿੰਘ ਸਬ ਡਵੀਜਨਲ ਜੁਡੀਸੀਅਲ ਮੈਜਿਸਟ੍ਰੇਟ, ਸ੍ਰੀ ਕਪਿਲ ਅਗਰਵਾਲ ਜੁਡੀਸੀਅਲ ਮੈਜਿਸਟ੍ਰੇਟ ਅਤੇ ਗਿੱਦੜਬਾਹਾ ਵਿਖੇ ਸ੍ਰੀਮਤੀ ਜਗਦੀਪ ਕੌਰ ਵਿਰਕ ਸਬ ਡਵੀਜਨਲ ਜੁਡੀਸੀਅਲ ਮੈਜਿਸਟ੍ਰੇਟ ਵੱਲੋਂ ਮੇਗਾ ਲੋਕ ਅਦਾਲਤ ਲਗਾਈ ਗਈ।