ਦਿੱਲੀ, (ਪਰਮਜੀਤ ਸਿੰਘ ਬਾਗੜੀਆ ) – ਕੁਝ ਦਿਨ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਮਿਲੇ ਪਾਸਪੋਰਟਾਂ ਨਾਲ ਭਰੇ ਲਵਾਰਿਸ ਬੈਗ ਦਾ ਮਾਮਲਾ ਦਿੱਲੀ ਪੁਲੀਸ ਨੇ ਸੁਲਝਾ ਲਿਆ ਹੈ। ਇਸਦੇ ਨਾਲ ਹੀ ਭਾਰਤ ਤੋਂ ਅਮਰੀਕਾ ਨੂੰ ਹੁੰਦੀ ਮਨੁੱਖੀ ਸਮਗਲਿੰਗ ਦੇ ਨਵੇਂ ਰਸਤੇ ਤੇ ਤਰੀਕੇ ਦਾ ਵੀ ਪਤਾ ਲੱਗਿਆ ਹੈ। ਆਈ ਜੀ ਆਈ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ ਸ੍ਰੀ ਆਰ. ਏ. ਸੰਜੀਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲੀਸ ਵਲੋਂ ਦਿੱਲੀ ‘ਚੋਂ ਕਾਬੂ ਕੀਤੇ ਗਏ 4 ਦੋਸ਼ੀ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਸਮਗਲਿੰਗ ਕਰਦੇ ਵੱਡੇ ਨੈਟਵਰਕ ਦਾ ਹਿੱਸਾ ਹਨ। ਇਨ੍ਹਾਂ ਵਿਚੋਂ ਇਕ ਦੋਸ਼ੀ ਸਾਵਨ ਰਜਨੀਕਾਂਤ ਤ੍ਰਿਵੇਦੀ ਅਹਿਮਦਾਬਾਦ ਗੁਜਰਾਤ, ਇਕ ਇੰਡੋ-ਕੈਨੇਡੀਅਨ ਗੁਰਮੀਤਪਾਲ ਸਿੰਘ ਪਾਲੀ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੰਜਾਬ, ਇਕ ਸ਼ਸੀਕਾਂਤ ਰੈਡੀ ਹੈਦਰਾਬਾਦ ਅਤੇ ਚੌਥਾ ਦੋਸ਼ੀ ਸੁਜੀਤ ਕੁਮਾਰ ਦਿੱਲੀ ਨਾਲ ਸਬੰਧਤ ਹੈ। ਇਹ ਚਾਰੇ ਭਾਰਤ ਤੋਂ ਮੋਟੀਆਂ ਰਕਮਾਂ ਬਦਲੇ ਨੌਜਵਾਨਾਂ ਨੂੰ ਅਮਰੀਕਾ ਭੇਜਣ ਦੇ ਕੰਮ ਵਿਚ ਸਿੱਧੇ ਤੌਰ ਤੇ ਸ਼ਾਮਲ ਹਨ ਅਤੇ ਬੀਤੇ ਤਿੰਨ ਸਾਲਾਂ ਵਿਚ ਇਕ ਹਜਾਰ ਤੋਂ ਵੀ ਵੱਧ ਨੌਜਵਾਨਾ ਨੂੰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਕਰਵਾ ਚੁੱਕੇ ਹਨ। ਮੁੱਖ ਦੋਸ਼ੀ ਸਾਵਨ ਰਜਨੀਕਾਂਤ ਤ੍ਰਿਵੇਦੀ ਵੀ ਟਰਕਿਸ਼ ਏਅਰਲਾਈਨ ਰਾਹੀਂ ਗੁਆਟੇਮਾਲਾ ਤੋਂ ਦਿੱਲੀ ਪੁਜਿਆ ਸੀ ਪਰ ਉਸਨੇ ਇਹ ਪਾਸਪੋਰਟਾਂ ਨਾਲ ਭਰਿਆ ਬੈਗ ਰਸਤੇ ਵਿਚੋਂ ਬੁਕ ਕਰਵਾਇਆ ਹੋਣ ਕਰਕੇ ਇਹ ਬੈਗ ਉਸਦੇ ਦਿੱਲੀ ਪੁੱਜਣ ਤੋਂ ਇਕ ਦਿਨ ਬਾਅਦ ਪੁੱਜਿਆ ਸੀ। ਜਿਸਦਾ ਕੋਈ ਵੀ ਦਾਅਵੇਦਾਰ ਨਾ ਹੋਣ ਕਰਕੇ ਕਸਟਮ ਭਿਵਾਗ ਨੇ ਇਹ ਬੈਗ ਦਿੱਲੀ ਪੁਲੀਸ ਹਵਾਲੇ ਕਰ ਦਿੱਤਾ ਸੀ। ਇਸ ਬੈਗ ਵਿਚੋਂ ਬਰਾਮਦ ਪਾਸਪੋਰਟਾਂ ਵਿਚੋਂ 84 ਪਾਸਪੋਰਟ ਆਰ. ਪੀ.ੳ. ਅਹਿਮਦਾਬਾਦ, 16 ਜਲੰਧਰ, 2 ਚੰਡੀਗੜ ਅਤੇ 1 ਸੂਰਤ ਦਾ ਬਣਿਆ ਹੋਇਆ ਹੈ ਜਦਕਿ ਇਕ ਇਕ ਪਾਸਪੋਰਟ ਦੁਬਈ ਅਤੇ ਬ੍ਰਸਲਜ਼ ਸਥਿਤ ਭਾਰਤੀ ਕੌਂਸਲੇਟ ਤੋਂ ਬਣਿਆ ਹੋਇਆ ਹੈ।
ਗੈਰ ਕਾਨੂੰਨੀ ਤੌਰ ‘ਤੇ ਵਿਦੇਸ਼ ਭੇਜਣ ਵਾਲਾ ਇਹ ਗੈਂਗ ਪੰਜ ਸੂਬਿਆਂ ਪੰਜਾਬ, ਦਿੱਲੀ, ਗੁਜਰਾਤ, ਆਂਧਰਾ ਪ੍ਰਦੇਸ ਅਤੇ ਮੁੰਬਈ ਵਿਚ ਸਰਗਰਮ ਸੀ ਅਤੇ ਨੌਜਵਾਨਾਂ ਨੂੰ ਗੁਆਟੇਮਾਲਾ ਪਹੁਚਾਉਣ ਦਾ 6 ਤੋਂ 12 ਲੱਖ ਅਤੇ ਅਮਰੀਕਾ ਪਹੁਚਾਉਣ ਦਾ 25 ਤੋਂ 30 ਲੱਖ ਰੁਪਏ ਲੈਂਦੇ ਸਨ। ਗਿਰੋਹ ਵਲੋਂ ਪਹਿਲਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਅਸਲੀ ਪਾਸਪੋਰਟਾਂ ‘ਤੇ ਉਨ੍ਹਾਂ ਨੂੰ ਵਾਇਆ ਇੰਸਤਬੁਲ ਹੋ ਕੇ ਲੈਟਿਨ ਅਮਰੀਕੀ ਦੇਸ਼ ਗੁਆਟੇਮਾਲਾ ਲਿਜਾਇਆ ਜਾਂਦਾ ਜਿੱਥੇ ਅੱਗੋਂ ਉਨ੍ਹਾਂ ਨੂੰ ਅਮਰੀਕਾ ਪਹੁਚਾਉਣ ਲਈ ਮੈਕਸੀਕੋ ਦੇ ਏਜੰਟਾਂ ਹਵਾਲੇ ਕਰ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਲੰਘਾਏ ਨੌਜਵਾਨਾਂ ਦੇ ਪਾਸਪੋਰਟ ਵਾਪਸ ਇੰਡੀਆ ਭੇਜ ਦਿੱਤੇ ਜਾਂਦੇ ਤਾਂ ਜੋ ਉਨਾਂ ਦੇ ਘਰਵਾਲਿਆਂ ਨੂੰ ਪਾਸਪੋਰਟ ਦੇਣ ਤੋਂ ਪਹਿਲਾਂ ਬਾਕੀ ਦੀ ਰਕਮ ਵਸੂਲ ਕੀਤੀ ਜਾਂ ਸਕੇ ਇਹ 105 ਭਾਰਤੀ ਪਾਸਪੋਰਟ ਵੀ ਮਨੁੱਖੀ ਸਮਗਲਿੰਗ ਗਿਰੋਹ ਦੀ ਇਸੇ ਪ੍ਰਕ੍ਰਿਆ ਤਹਿਤ ਭਾਰਤ ਭੇਜੇ ਗਏ ਸਨ ਕਿ ਫੜੇ ਗਏ। ਇਸ ਗੈਂਗ ਨਾਲ ਸਬੰਧਤ 11 ਦੋਸ਼ੀ ਅਜੇ ਪੁਲੀਸ ਦੀ ਗ੍ਰਿਫਤ ਚੋਂ ਬਾਹਰ ਹਨ।