ਫਤਿਹਗੜ੍ਹ ਸਾਹਿਬ :- “ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਦੀ ਵੱਡੀ ਗਿਣਤੀ ਨੇ ਬੀਤੇ ਸਮੇ ਵਿੱਚ ਕਾਂਗਰਸ ਅਤੇ ਭਾਜਪਾ ਵਰਗੀਆਂ ਕਾਤਿਲ ਅਤੇ ਮੁਤੱਸਵੀ ਜਮਾਤਾਂ ਨੂੰ ਵੋਟਾਂ ਦੇ ਕੇ ਕਈ ਵਾਰ ਵੇਖ ਲਿਆ ਹੈ ਕਿ ਇਹ ਜਮਾਤਾਂ ਇੱਥੋ ਦੇ ਨਿਵਾਸੀਆਂ ਨਾਲ ਗੈਰ ਕਾਨੂੰਨੀ ਤਰੀਕੇ ਜਬਰ ਜੁਲਮ ਵੀ ਕਰਦੀਆਂ ਆ ਰਹੀਆਂ ਹਨ ਅਤੇ ਉਨ੍ਹਾ ਨਾਲ ਹਰ ਖੇਤਰ ਵਿੱਚ ਮੰਦਭਾਵਨਾ ਅਧੀਨ ਵੀ ਕਰਦੀਆਂ ਹਨ। ਇਸ ਲਈ ਪੰਜਾਬ ਦੇ ਸਤਿਕਾਰਯੋਗ ਬਸ਼ਿੰਦਿਆਂ ਅਤੇ ਸਿੱਖ ਕੌਮ 30 ਜਨਵਰੀ ਨੂੰ ਇਨ੍ਹਾ ਕਾਤਿਲ, ਫਿਰਕੂ ਅਤੇ ਉਨ੍ਹਾ ਦੀ ਭਾਈਵਾਲ ਬਾਦਲ ਦਲ ਨੂੰ ਇਸ ਵਾਰੀ ਵੋਟਾਂ ਪਾਉਣ ਦੀ ਗੁਸਤਾਖੀ ਬਿਲਕੁੱਲ ਨਾ ਕਰਨ, ਤਾਂ ਇਹ ਇੱਥੋ ਦੇ ਮਾਹੌਲ ਨੂੰ ਮਨੁੱਖਤਾ ਪੱਖੀ ਰੱਖਣ ਵਿੱਚ ਵੱਡਾ ਉੱਦਮ ਹੋਵੇਗਾ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੋਣ ਹਲਕੇ ਫਤਿਹਗੜ੍ਹ ਸਾਹਿਬ ਤੋ ਚੋਣ ਲੜਣ ਵਾਲੀ ਉਪਰੋਕਤ ਸਖਸੀਅਤ ਨੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੁਚੇਤਤਾ ਭਾਰੀ ਅਪੀਲ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਜੇਕਰ ਦੁਬਾਰਾ ਤੋ ਇਹ ਗੁਸਤਾਖੀ ਦੁਹਰਾਈ ਗਈ ਤਾਂ ਇੱਥੋ ਦੇ ਨਿਵਾਸੀ ਫਿਰ ਤੋ ਵੱਡੇ ਜ਼ਬਰ ਜੁਲਮ, ਦਹਿਸ਼ਤਗਰਦੀ, ਜਲੀਲਤਾ ਅਤੇ ਹਰ ਖੇਤਰ ਵਿੱਚ ਵਿਤਕਰਿਆਂ ਦੇ ਵੱਡੇ ਜਖਮ ਝੱਲਣ ਲਈ ਤਿਆਰ ਰਹਿਣ। ਉਨ੍ਹਾ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋ ਤਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਸਿੱਖ ਕੌਮ ਦੀ ਬਾਦਸ਼ਾਹੀ ਕਾਇਮ ਕਰਨ ਵਾਲੇ ਪਹਿਲੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਹਰ ਤਰ੍ਹਾ ਦੇ ਜ਼ਬਰ ਜੁਲਮਾਂ ਵਿਰੁੱਧ ਇੱਥੋ ਜੇਹਾਦ ਛੇੜ ਕੇ ਸੱਚ ਦੀ ਆਵਾਜ਼ ਦਾ ਡੰਕਾ ਵਜਾਇਆ ਸੀ। ਲੇਕਿਨ ਕਦੀ ਭਾਜਪਾ ਦੀ ਉਮਾ ਭਾਰਤੀ ਅਤੇ ਕਦੀ ਸਿੱਖਾਂ ਦੇ ਕਾਤਿਲ ਗਾਂਧੀ ਪਰਿਵਾਰ ਦਾ ਰਾਹੁਲ ਗਾਂਧੀ ਇੱਥੇ ਆ ਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁਮਰਾਹ ਕਰਨ ਦੀ ਅਸਫ਼ਲ ਕੌਸਿ਼ਸ ਤਾਂ ਕਰ ਸਕਦੇ ਹਨ ਲੇਕਿਨ ਕੋਈ ਇਖਲਾਕੀ ਅਤੇ ਇਨਸਾਨੀ ਸੰਦੇਸ਼ ਨਹੀਂ ਦੇ ਸਕਦੇ। ਕਿਉਂਕਿ ਇਨ੍ਹਾ ਜਮਾਤਾਂ ਅਤੇ ਇਨ੍ਹਾ ਆਗੂਆਂ ਦੀਆਂ ਆਤਮਾਵਾਂ ਤਾਂ ਸਿੱਖ ਕੌਮ ਦੀਆਂ ਦੌਸ਼ੀ ਹਨ। ਇਨ੍ਹਾ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ। ਇਨ੍ਹਾ ਨੂੰ ਕੋਈ ਹੱਕ ਨਹੀਂ ਕਿ ਫਤਿਹਗੜ੍ਹ ਸਾਹਿਬ ਦੀ ਇਸ ਮਹਾਨ ਧਰਤੀ ‘ਤੇ ਆ ਕੇ ਇਹ ਕਾਤਿਲ ਜਮਾਤਾਂ ਅਤੇ ਉਨ੍ਹਾ ਦੇ ਆਗੂ ਵੋਟਾਂ ਮੰਗਣ। ਸ: ਮਾਨ ਨੇ ਪੰਜਾਬ ਦੇ ਵੱਖ ਵੱਖ ਚੋਣ ਹਲਕਿਆਂ ਅਤੇ ਫਤਿਹਗੜ੍ਹ ਸਾਹਿਬ ਦੇ ਚੋਣ ਹਲਕੇ ਦੇ ਵੋਟਰਾਂ ਨੂੰ ਸਮਾਜ ਪੱਖੀ ਸੰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਮਹਾਨ ਸਥਾਨ ਦਾ ਇਤਿਹਾਸ ਸਾਨੂੰ ਹਰ ਤਰ੍ਹਾ ਦੇ ਜ਼ਬਰ ਜੁਲਮ, ਬੇਇਨਸਾਫੀ ਵਿਰੁੱਧ ਦ੍ਰਿੜਤਾ ਨਾਲ ਅਵਾਜ਼ ਬੁਲੰਦ ਕਰਨ ਅਤੇ ਮਨੁੱਖਤਾ ਦੀਆਂ ਦੁਸ਼ਮਣ ਤਾਕਤਾਂ ਕਾਂਗਰਸ, ਬੀਜੇਪੀ ਅਤੇ ਬਾਦਲ ਦਲੀਆਂ ਨੂੰ ਕਰਾਰੀ ਹਾਰ ਦੇਣ ਦਾ ਇਖਲਾਕੀ ਸੱਦਾ ਦਿੰਦਾ ਹੈ। ਨਾ ਕਿ ਇਨ੍ਹਾ ਕਾਤਿਲ ਜਮਾਤਾਂ ਅਤੇ ਇਨਸਾਨੀਅਤ ਵਿਰੋਧੀ ਆਗੂਆਂ ਦਾ ਪਿੱਛਲੱਗ ਬਣਨ ਦਾ। ਇਸ ਲਈ ਸਰਹਿੰਦ ਦੀਆਂ ਦੀਵਾਰਾਂ ਦੀ ਸੱਚ ਦੀ ਆਵਾਜ਼ ਨੂੰ ਸੁਣਦੇ ਹੋਏ, ਇੱਥੇ ਪੰਜਾਬ ਸੂਬੇ ਅਤੇ ਸਿੱਖ ਵਿਰੋਧੀ ਜਮਾਤਾਂ ਦਾ ਵੋਟ ਸ਼ਕਤੀ ਰਾਹੀਂ ਮੂੰਹ ਭੰਨ ਕੇ ਇੱਥੋ ਦੇ ਬਸ਼ਿੰਦਿਆਂ ਨੂੰ ਮਕਾਰ ਹਕੂਮਤਾਂ ਅਤੇ ਹੁਕਮਰਾਨਾਂ ਨੂੰ ਸਦਾ ਲਈ ਦਫਨਾ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਹੀ ਇਸ ਸੱਚੇ ਸੁੱਚੇ ਮਕਸਦ ਦੀ ਪ੍ਰਾਪਤੀ ਲਈ ਇਮਾਨਦਾਰ ਵੀ ਹੈ ਅਤੇ ਇਸ ਮਿਸ਼ਨ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਵੀ ਰੱਖਦੀ ਹੈ। ਇਸ ਲਈ ਆਪਣੇ ਜ਼ਹਿਨ ਵਿੱਚ ਇਸ ਸੱਚ ਨੂੰ ਵਸਾ ਕੇ 30 ਜਨਵਰੀ ਨੂੰ ਪੰਜਾਬ ਨਿਵਾਸੀ ਫੈਸਲਾ ਕਰਨ।