ਨਵੀਂ ਦਿੱਲੀ- ਸਟਾਰ ਨਿਊਜ਼ ਦੇ ਓਪੀਨਅਨ ਪੋਲ ਅਨੁਸਾਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਉਤਰਾਖੰਡ ਵਿੱਚ ਬੀਜੇਪੀ ਦੀ ਸਰਕਾਰ ਬਣਨ ਦੀ ਉਮੀਦ ਹੈ।
ਸਟਾਰ ਨਿਊਜ਼ ਨੇ ਸੋਮਵਾਰ ਨੂੰ ਵਿਧਾਨ ਸੱਭਾ ਚੋਣਾਂ ਵਿੱਚ ਪਾਰਟੀਆਂ ਦੀ ਸਥਿਤੀ ਜਾਨਣ ਲਈ ਆਪਣੇ ਵੱਲੋਂ ਕਰਵਾਏ ਗਏ ਓਪੀਨੀਅਨ ਪੋਲ ਦੇ ਨਤੀਜੇ ਪ੍ਰਸਾਰਿਤ ਕੀਤੇ। ਇਨ੍ਹਾਂ ਪੋਲਾਂ ਅਨੁਸਾਰ ਮੌਜੂਦਾ ਅਕਾਲੀ-ਭਾਜਪਾ ਸਰਕਾਰ ਇਸ ਵਾਰ ਹਾਰ ਦਾ ਮੂੰਹ ਵੇਖੇਗੀ। ਸਟਾਰ ਨਿਊਜ਼ ਦੇ ਸਰਵੇ ਅਨੁਸਾਰ ਪੰਜਾਬ ਦੀਆਂ 117 ਵਿਧਾਨ ਸੱਭਾ ਸੀਟਾਂ ਵਿੱਚੋਂ ਕਾਂਗਰਸ 63 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ। ਕਾਂਗਰਸ ਅਸਾਨੀ ਨਾਲ ਬਹੁਮੱਤ ਹਾਸਿਲ ਕਰ ਲਵੇਗੀ ਅਤੇ ਆਪਣੇ ਬਲਬੂਤੇ ਤੇ ਸਰਕਾਰ ਬਣਾਵੇਗੀ। ਅਕਾਲੀ- ਭਾਜਪਾ ਗਠਜੋੜ ਨੂੰ ਇਸ ਵਾਰ 53 ਸੀਟਾਂ ਹੀ ਮਿਲਣਗੀਆਂ। ਇੱਕ ਸੀਟ ਕਿਸੇ ਹੋਰ ਪਾਰਟੀ ਨੂੰ ਮਿਲ ਸਕਦੀ ਹੈ। ਸਟਾਰ ਚੈਨਲ ਨੇ ਉਤਰਾਖੰਡ ਵਿੱਚ ਭਾਜਪਾ ਦੀ ਸਰਕਾਰ ਬਣਨ ਦੀ ਗੱਲ ਕੀਤੀ ਹੈ। ਸਰਵੇ ਅਨੁਸਾਰ ਉਤਰਾਖੰਡ ਦੀਆਂ 70 ਸੀਟਾਂ ਵਿੱਚੋਂ ਬੀਜੇਪੀ ਨੂੰ 39 ਅਤੇ ਕਾਂਗਰਸ ਨੂੰ 29 ਅਤੇ ਹੋਰਾਂ ਦੇ ਖਾਤੇ ਵਿੱਚ 2 ਸੀਟਾਂ ਆਉਣਗੀਆਂ।