ਝਬਾਲ – ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਪੰਜਾਬ ਦੇ ਅਗਲੇ ਮੁੱਖਮੰਤਰੀ ਦੇ ਅਹੁਦੇ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦਾ ਐਲਾਨ ਕਰਕੇ ਸਾਰੇ ਸ਼ੰਕੇ ਦੂਰ ਕਰ ਦਿੱਤੇ। ਤਰਨਤਾਰਨ ਜਿਲ੍ਹੇ ਦੇ ਪਿੰਡ ਝਬਾਲ ਵਿੱਚ ਰਾਹੁਲ ਗਾਂਧੀ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਟੇਜ ਤੋਂ ਤਿੰਨ ਵਾਰ ਇਹ ਕਿਹਾ ਕਿ ਜੇ ਕਾਂਗਰਸ ਪਾਵਰ ਵਿੱਚ ਆਂਉਦੀ ਹੈ ਤਾਂ ਅਗਲੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ। ਰਾਹੁਲ ਨੇ ਕੈਪਟਨ ਨੂੰ ਜਿਤਾਉਣ ਲਈ ਲੋਕਾਂ ਨੂੰ ਅਪੀਲ ਕੀਤੀ।
ਰਾਹੁਲ ਗਾਂਧੀ ਨੇ ਇਸ ਰੈਲੀ ਵਿੱਚ ਅਕਾਲੀ-ਭਾਜਪਾ ਸਰਕਾਰ ਤੇ ਜਮਕੇ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਜੋਰਾਂ ਤੇ ਹੈ। ਸੱਤਾਧਾਰੀ ਪਾਰਟੀ ਇੱਥੇ ਟੀਵੀ ਚੈਨਲ ਚਲਾ ਰਹੀ ਹੈ। ਸਰਕਾਰੀ ਪੈਸਾ ਇਨ੍ਹਾਂ ਟੀਵੀ ਚੈਨਲਾਂ ਤੇ ਵਰਤਿਆ ਜਾ ਰਿਹਾ ਹੈ। ਭ੍ਰਿਸ਼ਟਾਚਾਰ ਦੇ ਨਾਂ ਤੇ ਰੱਥਯਾਤਰਾ ਕੱਢਣ ਵਾਲੀ ਬੀਜੇਪੀ ਨੂੰ ਇਹ ਭ੍ਰਿਸ਼ਟਾਚਾਰ ਨਜ਼ਰ ਨਹੀਂ ਆਂਉਦਾ। ਰਾਹੁਲ ਗਾਂਧੀ ਨੇ ਮੌਜੂਦਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਨੇ ਪਿੱਛਲੇ ਪੰਜ ਸਾਲਾਂ ਵਿੱਚ ਪੰਜਾਬ ਦੇ ਲੋਕਾਂ ਲਈ ਕੁਝ ਵੀ ਨਹੀਂ ਕੀਤਾ। ਜੋ ਵੀ ਵਿਕਾਸ ਹੋਇਆ ਹੈ ,ਉਹ ਕੇਂਦਰ ਦੇ ਪੈਸੇ ਨਾਲ ਹੋਇਆ ਹੈ। ਅਕਾਲੀ-ਭਾਜਪਾ ਸਰਕਾਰ ਕੇਂਦਰ ਵੱਲੋਂ ਕੀਤੇ ਗਏ ਕੰਮਾਂ ਦਾ ਸਿਹਰਾ ਆਪਣੇ ਸਿਰ ਲੈ ਰਹੇ ਹਨ।
ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਤੇ ਵੀ ਰਾਹੁਲ ਗਾਂਧੀ ਨੇ ਚਿੰਤਾ ਜਾਹਿਰ ਕੀਤੀ ਅਤੇ ਕਾਂਗਰਸ ਦੀ ਸਰਕਾਰ ਬਣਨ ਤੇ ਇਸ ਸਮਸਿਆ ਤੋਂ ਛੁਟਕਾਰਾ ਪਾਉਣ ਲਈ ਯੋਗ ਕਦਮ ਉਠਾਏ ਜਾਣਗੇ। ਵਿਦੇਸ਼ੀ ਨਿਵੇਸ਼ ਬਾਰੇ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਨਾਲ ਦੇਸ਼ ਦਾ ਵਿਕਾਸ ਹੋਵੇਗਾ। ਅਸੀਂ ਸਾਫ਼ ਸੁਥਰੇ ਮਨ ਨਾਲ ਇਹ ਨੀਤੀਆਂ ਲਿਆਉਣਾ ਚਾਹੁੰਦੇ ਸੀ ਪਰ ਵਿਰੋਧੀ ਧਿਰ ਨੇ ਇਸ ਨੂੰ ਪਾਸ ਨਹੀਂ ਹੋਣ ਦਿੱਤਾ।