ਨਵੀਂ ਦਿੱਲੀ- ਮਣੀਪੁਰ ਦੀ ਵਿਧਾਨ ਸੱਭਾ ਦੀਆਂ ਕੁਲ 60 ਸੀਟਾਂ ਲਈ ਸ਼ਨਿਚਰਵਾਰ ਨੂੰ ਹੋਏ ਮੱਤਦਾਨ ਵਿੱਚ 82% ਤੋਂ ਵੀ ਵੱਧ ਵੋਟਾਂ ਪਈਆਂ। 9 ਜਿਲ੍ਹਿਆਂ ਦੇ ਅੰਕੜੇ ਅਜੇ ਆਉਣੇ ਬਾਕੀ ਹਨ। ਮੱਤਦਾਨ ਦੌਰਾਨ ਹੋਈ ਇੱਕ ਲੜਾਈ ਦੌਰਾਨ 7 ਲੋਕਾਂ ਦੀ ਮੌਤ ਵੀ ਹੋ ਗਈ।
ਪੋਲਿੰਗ ਬੂਥਾਂ ਤੇ ਵੋਟਾਂ ਪਾਉਣ ਦਾ ਸਮਾਂ ਖਤਮ ਹੋਣ ਤੱਕ ਵੀ ਮੱਤਦਾਨ ਕੇਂਦਰ ਦੇ ਬਾਹਰ ਲੰਬੀਆਂ ਲਾਈਨਾਂ ਲਗੀਆਂ ਹੋਈਆਂ ਸਨ। 2007 ਦੀਆਂ ਚੋਣਾਂ ਦੌਰਾਨ 84.8% ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਸੀ। 2009 ਦੀਆਂ ਲੋਕ ਸੱਭਾ ਦੀਆਂ ਚੋਣਾਂ ਵਿੱਚ 67.8% ਲੋਕਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ।ਮਣੀਪੁਰ ਵਿੱਚ ਚੋਣਾਂ ਦੌਰਾਨ ਇੱਕ ਸਥਾਨ ਨੂੰ ਛੱਡ ਕੇ ਬਾਕੀ ਸਾਰੀਆਂ ਥਾਂਵਾਂ ਤੇ ਸ਼ਾਂਤੀਪੂਰਵਕ ਵੋਟਾ ਦਾ ਕੰਮ ਸਮਾਪਤ ਹੋ ਗਿਆ। ਚੰਦੇਲਾ ਵਿਧਾਨ ਸੱਭਾ ਖੇਤਰ ਦੇ ਤਾਮਪੀ ਮੱਤਦਾਨ ਕੇਂਦਰ ਵਿੱਚ ਇੱਕ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਤਿੰਨ ਕੇਂਦਰੀ ਰੀਜਰਵ ਪੁਲਿਸ ਦੇ ਜਵਾਨ,ਤਿੰਨ ਚੋਣ ਕਰਮਚਾਰੀ ਅਤੇ ਇੱਕ ਵੋਟਰ ਮਾਰਿਆ ਗਿਆ। ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ।