ਨੋਵਾਕ ਜੋਕੋਵਿਚ ਟੈਨਿਸ ਦੇ ਨਵੇਂ ਆਸਟ੍ਰੇਲੀਅਨ ਓਪਨ ਚੈਂਪੀਅਨ ਬਣ ਗਏ ਹਨ। ਸਰਬੀਆ ਦੇ 24 ਸਾਲ ਨੌਜਵਾਨ ਜੋਕੋਵਿਚ ਨੇ ਅੰਦਾਜ਼ਨ ਛੇ ਘੰਟਿਆਂ ਤੱਕ ਚਲੇ ਫਾਈਨਲ ਮੈਚ ਦੌਰਾਨ ਸਪੇਨ ਦੇ ਰਫਾਏਲ ਨਡਾਲ ਨੂੰ 5-7,6-4,6-2,6-7,7-5 ਸੈਟਾਂ ਨਾਲ ਹਰਾਇਆ। ਇਹ ਮੁਕਾਬਲਾ ਅੱਜ ਤੱਕ ਦਾ ਸਭ ਤੋਂ ਲੰਮਾ ਚਲਣ ਵਾਲਾ ਗਰੈਂਡ ਸਲੈਮ ਮੁਕਾਬਲਾ ਸੀ।
ਦੋਵੇਂ ਹੀ ਖਿਡਾਰੀ ਆਸਟ੍ਰੇਲੀਅਨ ਓਪਨ ਦੇ ਇਤਿਹਾਸ ਵਿਚ ਹੋਏ ਇਸ ਸਭ ਤੋਂ ਲੰਮੇ ਮੁਕਾਬਲੇ ਦੌਰਾਨ ਬਹੁਤ ਧੀਰਜ ਅਤੇ ਜ਼ੋਰ ਨਾਲ ਖੇਡੇ। ਇਸਦੇ ਨਾਲ ਹੀ ਜੋਕੋਵਿਚ ਲਗਾਤਾਰ ਤੀਜਾ ਗਰੈਂਡ ਸਲੈਮ ਜਿੱਤਣ ਵਾਲੇ ਦੁਨੀਆਂ ਦੇ ਪੰਜਵੇਂ ਮਰਦ ਖਿਡਾਰੀ ਬਣ ਗਏ ਹਨ। ਆਖਰੀ ਸੈਟ ਦੌਰਾਨ ਜੋਕੋਵਿਚ 2-4 ਨਾਲ ਪਛੜੇ ਹੋਏ ਸਨ ਅਤੇ ਇੰਜ ਲੱਗ ਰਿਹਾ ਸੀ ਕਿ ਹੁਣ ਨਡਾਲ ਇਸ ਮੁਕਾਬਲੇ ਨੂੰ ਜਿੱਤ ਲਵੇਗਾ। ਪਰੰਤੂ ਅਗਲੇ ਦੋਵੇਂ ਸੈਟਾਂ ਵਿਚ ਜਿੱਤ ਹਾਸਲ ਕਰਕੇ ਜੋਕੋਵਿਚ ਨੇ ਮੈਚ ਵਿਚ ਤੇਜ਼ੀ ਨਾਲ ਵਾਪਸੀ ਕਰ ਲਈ ਅਤੇ ਅਖੀਰ ਵਿਚ ਗਰੈਂਡ ਸਲੈਮ ਚੈਂਪੀਅਨ ਬਣੇ।
ਇਸ ਜਿੱਤ ਨਾਲ ਜੋਕੋਵਿਚ ਨੂੰ 24 ਲੱਖ ਅਮਰੀਕੀ ਡਾਲਰ ਦੀ ਰਕਮ ਇਨਾਮ ਵਜੋਂ ਮਿਲੀ। ਜੋਕੋਵਿਚ ਦਾ ਇਹ ਪੰਜਵਾਂ ਗਰੈਂਡ ਸਲੈਮ ਖਿਤਾਬ ਹੈ। ਹੁਣ ਤੱਕ ਉਹ ਤਿੰਨ ਵਾਰ ਆਸਟ੍ਰੇਲੀਅਨ ਓਪਨ, ਇਕ ਵਾਰ ਵਿੰਬਲਡਨ ਅਤੇ ਇਕ ਵਾਰ ਯੂਐਸ ਓਪਨ ਜਿੱਤ ਚੁੱਕੇ ਹਨ।