ਚੰਡੀਗੜ੍ਹ- ਪੰਜਾਬ ਵਿੱਚ 117 ਵਿਧਾਨ ਸੱਭਾ ਦੀਆਂ ਸੀਟਾਂ ਲਈ 80% ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਦੇ ਹੋਏ ਉਮੀਦਵਾਰਾਂ ਦਾ ਭੱਵਿਖ ਚੋਣ ਬਕਸਿਆਂ ਵਿੱਚ ਬੰਦ ਕੀਤਾ। ਮੁਕਤਸਰ ਵਿੱਚ ਸੱਭ ਤੋਂ ਵੱਧ ਮੱਤਦਾਨ ਦਰਜ ਕੀਤਾ ਗਿਆ ਹੈ।
ਪੰਜਾਬ ਵਿੱਚ ਚੋਣ ਪ੍ਰਕਿਰਿਆ ਮੁਕੰਮਲ ਹੋਣ ਨਾਲ 1078 ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਹੋ ਗਈ ਹੈ। ਇਸ ਵਾਰ 1.67 ਕਰੋੜ ਵੋਟਰਾਂ ਨੇ ਵੋਟਾਂ ਵਿੱਚ ਹਿੱਸਾ ਲਿਆ।ਮਾਝੇ ਦੇ ਇਲਾਕੇ ਤਰਨਤਾਰਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਪੋਲਿੰਗ ਘੱਟ ਹੋਣ ਦੀਆਂ ਖਬਰਾਂ ਆਈਆਂ ਹਨ।
ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਸਵੇਰੇ ਬਾਦਲ ਪਿੰਡ ਵਿੱਚ ਆਪਣੀ ਵੋਟ ਪਾਈ ਅਤੇ ਸਰਕਾਰ ਦੀ ਵਾਪਸੀ ਦਾ ਦਾਅਵਾ ਕੀਤਾ। ਪੀਪੀਪੀ ਦੇ ਮਨਪ੍ਰੀਤ ਬਾਦਲ ਨੇ ਵੀ ਖੁਲ੍ਹੀ ਅਮੈਰੀਕਨ ਜੀਪ ਵਿੱਚ ਮੱਤਦਾਨ ਕੇਂਦਰ ਪਹੁੰਚ ਕੇ ਵੋਟ ਪਾਈ। ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਦਾਅਵਾ ਕੀਤਾ ਕਿ ਕਾਂਗਰਸ 70 ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਵੇਗੀ।
ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੇ ਚੋਣ ਹਲਕੇ ਲੰਬੀ ਅਤੇ ਮਨਪ੍ਰੀਤ ਦੇ ਚੋਣ ਹਲਕੇ ਗਿਦੜਬਾਹਾ ਵਿੱਚ 90% ਮੱਤਦਾਨ ਹੋਇਆ। ਫਿਰੋਜਪੁਰ ਵਿੱਚ ਕਾਂਗਰਸੀ ਅਤੇ ਅਕਾਲੀ ਵਰਕਰਾਂ ਦਰਮਿਆਨ ਹੋਈ ਝੜਪ ਦੌਰਾਨ 23 ਸਾਲ ਦੇ ਨੌਜਵਾਨ ਨਿਸ਼ਾਨ ਸਿੰਘ ਦੀ ਗੋਲੀ ਲਗਣ ਨਾਲ ਮੌਤ ਹੋ ਗਈ। ਕੁਝ ਹੋਰ ਸਥਾਨਾਂ ਤੇ ਵੀ ਛੋਟੇ ਮੋਟੇ ਝਗੜਿਆਂ ਤੋਂ ਇਲਾਵਾ ਬਾਕੀ ਸਾਰੇ ਪੰਜਾਬ ਵਿੱਚ ਅਮਨ ਚੈਨ ਹੀ ਰਿਹਾ। ਕੁਝ ਜਗ੍ਹਾ ਤੇ ਈਵੀਐਮ ਮਸ਼ੀਨਾਂ ਵਿੱਚ ਗੜਬੜੀ ਕਾਰਣ ਕੁਝ ਦੇਰ ਲਈ ਮੱਤਦਾਨ ਰੋਕ ਕੇ ਜਲਦੀ ਮਸ਼ੀਨਾਂ ਬਦਲ ਦਿੱਤੀਆਂ ਗਈਆਂ।