ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਡਾਡੀਆਂ ਪੀੜਾਂ ਝੱਲਦੇ ਦੀ ਕੋਈ ਪੀੜ ਮਿਟਾਵੋ ਨੀਂ।
ਅੰਗਰੇਜ਼ਾਂ ਵੰਡਿਆ ਪਹਿਲਾਂ ਇਸਨੂੰ,
ਫਿਰ ਟੋਟੇ ਕੀਤੇ ਆਪਣਿਆਂ।
ਇਸ ਟੋਟੇ ਹੋਏ ਪੰਜਾਬ ਨੂੰ ਕੋਈ ਮੱਰਹਮ ਲਾਵੋ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਦਸਾਂ ਗੁਰੂਆਂ ਨੇ ਇਸ ਨੂੰ ਭਾਗ ਹੈ ਲਾਇਆ,
ਏਥੇ ਹੀ ਉਨ੍ਹਾਂ ਬਾਣੀ ਦਾ ਪ੍ਰਵਾਹ ਚਲਾਇਆ।
ਪੰਜਾਬ ਦੀ ਇਸੇ ਧਰਤੀ ਨੇ ਭਗਤ ਬਣਾਏ,
ਇਸੇ ਧਰਤੀ ‘ਤੇ ਬ੍ਰਹਮ ਗਿਆਨੀ ਆਏ,
ਗੁਰੂ ਗ੍ਰੰਥ ਦਾ ਚਾਨਣ ਹੋਇਆ ,
ਇੱਕਤੀ ਰਾਗਾਂ ਵਿੱਚ ਹਾਰ ਪਿਰੋਇਆ।
ਪੰਜਾਬ ਦੀ ਆਬੋ ਹਵਾ ਸੀ ਬਦਲੀ,
ਮੰਝਿਆਂ ਸਾਜ਼ ਪ੍ਰਚਾਰ ਕਰਾਇਆ।
ਅੱਜ ਪੰਜਾਬ ਦੇ ਅੰਦਰ ਵੱਧਦੇ ਡੇਰੇ,
ਲੋਕਾਂ ਨੂੰ ਭਰਮਾਂਦੇ ਨੀਂ।
ਸਿੱਖ ਧਰਮ ਨੂੰ ਢਾਹ ਲਾ ਕੇ,
ਸੱਚਾਈ ਦੇ ਰਾਹ ਤੋਂ ਭਟਕਾਂਦੇ ਨੀਂ।
ਵੇਖ ਇਨ੍ਹਾਂ ਨੂੰ ਪੰਜਾਬ ਹੈ ਰੋਂਦਾ,
ਹੋ ਦੁਖੀ ਦੁਹਾਈਆਂ ਪਾਵੇ ਨੀਂ।
ਮੈਨੂੰ ਇਨ੍ਹਾਂ ਅਖੌਤੀ ਡੇਰਿਆਂ ਤੋਂ ਮੁਕਤ ਕਰਾਵੋ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਬਾਬੇ ਨਾਨਕ ਸਿੱਖੀ ਦਾ ਰਾਹ ਚਲਾਇਆ,
ਬਾਬੇ ਰਾਮਦਾਸ ਸਿਫਤੀ ਦਾ ਘਰ ਬਣਾਇਆ।
ਗੁਰੂ ਅਰਜਨ ਬੈਠੇ ਤੱਤੀ ਤਵੀ ‘ਤੇ,
ਛੇਵੇਂ ਪਿਤਾ ਅਕਾਲ ਤਖਤ ਸਜਾਇਆ।
ਦਸਮ ਪਿਤਾ ਅੰਮ੍ਰਿਤ ਛਕਾ
ਪੰਜ ਕਕਾਰਾਂ ਦਾ ਧਾਰਣੀ ਬਣਾਇਆ।
ਪੰਜ ਕਕਾਰ ਬਖ਼ਸ਼ ਕੇ ਸਾਨੂੰ
ਸਤਿਨਾਮ ਵਾਹਿਗੁਰੂ ਜਪਾਇਆ।
ਅੱਜ ਬੱਚੇ ਸਾਡੇ ਸਿੱਖੀ ਤੋਂ ਦੂਰ ਨੇ ਭੱਜਦੇ,
ਅਮ੍ਰਿੰਤ ਛੱਡ ਨਸ਼ਿਆਂ ਵੱਲ ਜਾਂਦੇ ਵਧੱਦੇ,
ਦਸਤਾਰੇ ਛੱਡ ਕੇ ਟੋਪੀਆਂ ਪਾਵਣ,
ਕੇਸ ਦਾੜੇ ਪਏ ਕਤਲ ਕਰਾਵਣ।
ਪੰਜ ਕਕਾਰਾਂ ਤੋਂ ਮੁਨਕਰ ਹੋਇਆਂ ਨੂੰ
ਅੱਜ ਕੋਈ ਮੋੜ ਲਿਆਵੋ ਨੀਂ।
ਅਮ੍ਰਿੰਤ ਵਗਦੀ ਧਾਰਾ ਨੂੰ ਕੋਈ ਨਜ਼ਰ ਨਾ ਲਾਵੋ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਪੰਜਾਬ ਵਿਚ ਪੰਜ ਦਰਿਆ ਨੇ ਵੱਗਦੇ,
ਭੰਗੜੇ ਤੇ ਗਿੱਧੇ ਸਨ ਸੱਜਦੇ।
ਬਸੰਤ ਰੁੱਤ ਫ਼ਿਜ਼ਾ ਮਹਕਾਂਦੀ,
ਫਸਲਾਂ ਵੇਖ ਕਿਸਾਨ ਦੀ ਖੁਸ਼ੀ ਨਾ ਜਾਂਦੀ।
ਗਬਰੂ ਪੰਜਾਬ ਦੇ ਲੰਮੇ ਉਚੇ,
ਸੋਹਣਾ ਸੁਲਖਣਾ ਰੂਪ ਉਨ੍ਹਾਂ ਦਾ।
ਛਾਤੀਆਂ ਚੌੜੀਆਂ ਵੇਖ ਉਨ੍ਹਾਂ ਦੀਆਂ,
ਦੁਸ਼ਮਨ ਵੀ ਘਬਰਾਵੇ ਨੀਂ।
ਮੰਡੀਆਂ ਵਿਚ ਰੁਲਦੀਆਂ ਫ਼ਸਲਾਂ ਵੇਖ,
ਜਵਾਨੀ ਪਰਦੇਸਾਂ ਵੱਲ ਭੱਜਦੀ ਜਾਂਦੀ।
ਨਸ਼ੇ ਦਾ ਵੱਗਦਾ ਦਰਿਆ ਹੈ ਛੇਵਾਂ,
ਪਤਿੱਤ ਪੁਣੇ ਵਲ ਪਨੀਰੀ ਵੱਧਦੀ ਜਾਂਦੀ ।
ਵੇਖ ਹਾਲਤ ਪੰਜਾਬ ਹੈ ਰੋਂਦਾ ,
ਪਾਵੇ ਕੀਰਣੇ ਦਿਲ ਘਬਰਾਵੇ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਬਾਬੇ ਬੁੱਢੇ ਬੀੜ ਚਲਾਈ,
ਚਾਰ ਸ਼ਾਹਿਬਜ਼ਾਦਿਆਂ ਸ਼ਹੀਦੀ ਪਾਈ।
ਬਾਬਾ ਦੀਪ ਸਿੰਘ ਧਰ ਸੀਸ ਤਲੀ ‘ਤੇ,
ਮੁਗਲਾਂ ਦੇ ਛੱਕੇ ਛੁੜਵਾਏ।
ਅਨਗਿਣਤ ਸ਼ਹੀਦਾਂ ਲਹੂ ਡੋਲ੍ਹਕੇ,
ਨਨਕਾਣਾ ਆਜ਼ਾਦ ਕਰਾਇਆ।
ਅਨਗਿਣਤ ਭੁਜੰਗੀਆਂ ਸ਼ਹੀਦੀ ਪਾਈ,
ਸਿੰਘਣੀਆਂ ਨੇ ਤਲਵਾਰ ਚਲਾਈ।
ਅੱਜ ਪੰਜਾਬ ਦੇ ਬਦਲਦੇ ਹਾਲਾਤ,
ਰਾਜਨੀਤੀ ਲਾਉਂਦੀ ਹੈ ਘਾਤ।
ਪੰਥ ਵਿਰੋਧੀ ਸ਼ਕਤੀ ਹਮਲੇ ਕਰਕੇ,
ਪੰਜਾਬ ਨੂੰ ਕਮਜ਼ੋਰ ਬਣਾਵੇ ਨੀਂ।
ਹਰ ਕੋਈ ਆਪਣਾ ਲਾਹਾ ਲਭਦਾ,
ਆਪਣੇ ਸਵਾਰਥ ਦੀ ਪੂਰਤੀ ਕਰਦਾ।
ਪਰਜਾ ਦੀ ਛਾਤੀ ਨੂੰ ਵਿੰਨ੍ਹ ਕੇ,
ਆਪਣਾ ਰਾਹ ਬਣਾਵੇ ਨੀਂ।
ਇਸ ਲਹੂ ਨਾਲ ਸਿੰਚੀ ਧਰਤੀ ‘ਤੇ
ਮੁੜ ਖੇੜੇ ਲਿਆਵੋ ਨੀਂ।
ਸ਼ਹੀਦਾਂ ਦੀ ਇਸ ਧਰਤੀ ਨੂੰ ਕੋਈ ਦਾਗ ਨਾ ਲਾਵੋ ਨੀ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।